5 Dariya News

ਕਿਸੇ ਵੀ ਡਿਫਾਲਟਰ ਖਿਲਾਫ ਬਿਨਾਂ ਕਿਸੇ ਰਾਜਨੀਤਕ ਦਬਾਅ ਅਤੇ ਭੇਦਭਾਵ ਦੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ : ਸੁਖਜਿੰਦਰ ਸਿੰਘ ਰੰਧਾਵਾ

ਸਹਿਕਾਰਤਾ ਮੰਤਰੀ ਨੇ ਅੰਮ੍ਰਿਤਸਰ ਵਿਖੇ ਪੰਜਾਬ ਰਾਜ ਸਹਿਕਾਰੀ ਖੇਤੀ ਵਿਕਾਸ ਬੈਂਕ ਦੇ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ

5 Dariya News (ਕੁਲਜੀਤ ਸਿੰਘ)

ਅੰਮ੍ਰਿਤਸਰ 16-May-2018

ਸਹਿਕਾਰਤਾ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਨੇ ਬੈਂਕ ਅਧਿਕਾਰੀਆਂ ਨੂੰ ਬੈਂਕ ਦੇ ਰਸੂਖ਼ਦਾਰ ਡਿਫਾਲਟਰਾਂ ਤੋਂ ਰਿਕਵਰੀ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਹੈ ਅਤੇ ਨਾਲ ਹੀ ਇਹ ਵੀ ਹਦਾਇਤਾਂ ਕੀਤੀਆਂ ਹਨ ਜੇਕਰ ਕੋਈ ਡਿਫ਼ਾਲਟਰ ਰਿਕਵਰੀ ਲਈ ਆਨਾਕਾਨੀ ਕਰਦਾ ਹੈ ਜਾਂ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਹੀਂ ਕਰਦਾ ਤਾਂ ਉਨ੍ਹਾਂ ਦੇ ਖਿਲਾਫ ਬਿਨਾਂ ਕਿਸੇ ਰਾਜਨੀਤਕ ਦਬਾਅ ਅਤੇ ਭੇਦ-ਭਾਵ ਦੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।ਸ. ਰੰਧਾਵਾ ਨੇ ਇਹ ਨਿਰਦੇਸ਼ ਅੱਜ ਇਥੇ ਅੰਮ੍ਰਿਤਸਰ ਵਿਖੇ ਪੰਜਾਬ ਰਾਜ ਸਹਿਕਾਰੀ ਖੇਤੀ ਵਿਕਾਸ ਬੈਂਕ ਦੇ ਪ੍ਰਬੰਧਕ ਸ. ਹਰਿੰਦਰ ਸਿੰਘ ਸਿੱਧੂ ਅਤੇ ਰਾਜ ਭਰ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਦੌਰਾਨ ਦਿੱਤੇ। ਸਹਿਕਾਰਤਾ ਮੰਤਰੀ ਨੇ ਅੱਜ ਪੰਜਾਬ ਭਰ ਦੇ ਵੱਡੇ ਡਿਫ਼ਾਲਟਰਾਂ ਦੀ ਜ਼ਿਲਾ ਪੱਧਰ 'ਤੇ ਸਮੀਖਿਆ ਕੀਤੀ। ਸ. ਰੰਧਾਵਾ ਨੇ ਕਿਹਾ ਕਿ ਉਹ ਪਿੰਡਾਂ ਦੇ ਨਾਲ ਜੁੜੇ ਹੋਏ ਇਕ ਕਿਸਾਨ ਹਨ ਅਤੇ ਇਹ ਬੈਂਕ ਵੀ ਪਿੰਡ ਪੱਧਰ 'ਤੇ ਕਿਸਾਨਾਂ ਦੀ ਸੇਵਾ ਵਿੱਚ ਜੁੜਿਆ ਹੋਇਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਬੈਂਕ ਦੀ ਵਸੂਲੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਬੈਂਕ ਦੀ ਮਾਲੀ ਹਾਲਤ ਨੂੰ ਸੁਧਾਰਿਆ ਜਾ ਸਕੇ।  ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਬੈਂਕਿੰਗ ਦੀ ਪੇਸ਼ੇਵਰਨਾ ਪਹੁੰਚ ਅਪਣਾ ਕੇ ਸਹਿਕਾਰੀ ਖੇਤੀ ਵਿਕਾਸ ਬੈਂਕ ਦੀ ਤਰੱਕੀ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ।ਸਹਿਕਾਰਤਾ ਮੰਤਰੀ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਇਹ ਬੈਂਕ ਕਿਸਾਨਾਂ ਦਾ ਆਪਣਾ ਬੈਂਕ ਹੈ ਅਤੇ ਉਹ ਆਪਣੀਆਂ ਬਣਦੀਆਂ ਕਿਸ਼ਤਾਂ ਸਮੇਂ-ਸਿਰ ਬੈਂਕ ਵਿੱਚ ਜਮਾਂ ਕਰਾਉਣ ਤਾਂ ਕਿ ਉਹਨਾਂ ਨੂੰ ਦੁਬਾਰਾ ਕਰਜ਼ੇ ਦੀ ਸਹੂਲਤ ਸਸਤੀ ਵਿਆਜ ਦਰਾਂ 'ਤੇ ਦਿੱਤੀ ਜਾ ਸਕੇ। ਸ. ਰੰਧਾਵਾ ਨੇ ਕਿਹਾ ਕਿ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਹੌਂਸਲਾ-ਅਫ਼ਜਾਈ ਕੀਤੀ ਜਾਵੇਗੀ।