5 Dariya News

ਰਜਿਸਟਰਾਰ ਪੰਜਾਬ ਨਰਸਿੰਗ ਕਾਉਂਸਿਲ ਦਫ਼ਤਰ ਦੀ ਸੀਨੀਅਰ ਸਹਾਇਕ ਰਿਸ਼ਵਤ ਲੈਂਦੀ ਕਾਬੂ

ਨਰਸਿੰਗ ਸੰਸਥਾ ਨੂੰ ਐਫੀਲੇਸ਼ਨ ਸਰਟੀਫਿਕੇਟ ਜਾਰੀ ਕਰਨ ਬਦਲੇ ਮੰਗੇ ਸਨ 20,000 ਰੁਪਏ

5 Dariya News

ਐਸ.ਏ.ਐਸ. ਨਗਰ (ਮੁਹਾਲੀ) 16-May-2018

ਪਰਮਜੀਤ ਸਿੰਘ ਵਿਰਕ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਰੇਂਜ, ਐਸ.ਏ.ਐਸ. ਨਗਰ ਨੇ ਦੱਸਿਆ ਕਿ ਅੱਜ ਵਿਜੀਲੈਂਸ ਬਿਊਰੋ ਯੂਨਿਟ ਮੋਹਾਲੀ ਵੱਲੋਂ ਰਵਿੰਦਰ ਸਿੰਘ ਉਪ ਕਪਤਾਨ ਪੁਲਿਸ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਟਰੈਪ ਲਗਾ ਕੇ ਦਰਸ਼ੀ ਦੇਵੀ ਸੀਨੀਅਰ ਸਹਾਇਕ ਨੂੰ 20,000 ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਸਵਰਨ ਪ੍ਰਕਾਸ਼ ਪੁੱਤਰ ਪ੍ਰੇਮ ਕੁਮਾਰ ਵਾਸੀ ਮੌੜ ਮੰਡੀ ਨੇ ਵਿਜੀਲੈਂਸ ਬਿਊਰੋ ਪਾਸ ਸ਼ਿਕਾਇਤ ਕੀਤੀ ਸੀ ਕਿ ਉਹ ਮੌੜ ਮੰਡੀ ਵਿਖੇ ਸਰਸਵਤੀ ਇੰਸਟੀਚਿਊਟ ਆਫ਼ ਨਰਸਿੰਗ ਨਾਮ ਦੀ ਸੰਸਥਾ ਚਲਾਉਂਦਾ ਹੈ। ਇਸ ਸੰਸਥਾ ਦੀ ਇੰਸਪੈਕਸ਼ਨ ਰਜਿਸਟਰਾਰ ਪੰਜਾਬ ਨਰਸਿੰਗ ਕਾਉਂਸਿਲ ਦੀ ਟੀਮ ਵੱਲੋਂ ਸਤੰਬਰ 2017 ਵਿੱਚ ਕੀਤੀ ਗਈ ਸੀ, ਲੇਕਿਨ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦਦ ਉਨ੍ਹਾਂ ਨੂੰ ਇਸ ਦਫ਼ਤਰ ਵੱਲੋਂ ਐਫੀਲੇਸ਼ਨ ਪੱਤਰ ਜਾਰੀ ਨਹੀਂ ਕੀਤਾ ਗਿਆ। ਉਸ ਵੱਲੋਂ ਇਹ ਪੱਤਰ ਲੈਣ ਲਈ ਕਈ ਵਾਰ ਇਸ ਦਫ਼ਤਰ ਪਾਸ ਪਹੁੰਚ ਕੀਤੀ ਗਈ, ਲੇਕਿਨ ਉਸ ਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੱਤਾ ਜਾਂਦਾ ਸੀ। ਕੱਲ੍ਹ ਜਦੋਂ ਉਹ ਇਸ ਸਬੰਧ ਵਿੱਚ ਰਜਿਸਟਰਾਰ ਪੰਜਾਬ ਨਰਸਿੰਗ ਕਾਉਂਸਿਲ ਦਫ਼ਤਰ ਮੈਡੀਕਲ ਭਵਨ ਸੈਕਟਰ 69 ਵਿੱਚ ਤਾਇਨਾਤ ਸੀਨੀਅਰ ਸਹਾਇਕ ਦਰਸ਼ੀ ਦੇਵੀ (ਜੋ ਇਸ ਨੂੰ ਡੀਲ ਕਰਦੀ ਸੀ) ਨੂੰ ਮਿਲਿਆ ਤਾਂ ਉਸ ਨੇ ਐਫੀਲੇਸ਼ਨ ਪੱਤਰ ਜਾਰੀ ਕਰਾਉਣ ਬਦਲੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸਵਰਨ ਪ੍ਰਕਾਸ਼ ਦੇ ਬਿਆਨ ਦੇ ਅਧਾਰ ਤੇ ਮੁਕੱਦਮਾ ਨੰਬਰ 04 ਮਿਤੀ 16-05-2018 ਅ/ਧ 7,13,(2)88 ਪੀ.ਸੀ. ਐਕਟ ਥਾਣਾ ਫਲਾਇੰਗ ਸਕਵਾਇਡ-1 ਐਟ ਮੋਹਾਲੀ ਵਿਖੇ ਦਰਜ ਰਜਿਸਟਰ ਕੀਤਾ ਗਿਆ। ਸਰਕਾਰੀ ਗਵਾਹਾਂ ਸ੍ਰੀ ਮਦਨ ਲਾਲ ਐਗਰੀਕਲਚਰ ਸਬ ਇੰਸਪੈਕਟਰ ਅਤੇ ਸੁੱਚਾ ਸਿੰਘ ਐਗਰੀਕਲਚਰ ਐਕਸਟੈਨਸ਼ਨ ਅਫ਼ਸਰ ਐਸ.ਏ.ਐਸ. ਨਗਰ ਦੀ ਹਾਜਰੀ ਵਿੱਚ ਟਰੈਪ ਲਗਾ ਕੇ ਦੋਸ਼ਣ ਦਰਸ਼ੀ ਦੇਵੀ ਨੂੰ ਸ਼ਿਕਾਇਤ ਕਰਤਾ ਸਵਰਨ ਪ੍ਰਕਾਸ਼ ਪਾਸੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰਜਿਸਟਰਾਰ ਪੰਜਾਬ ਨਰਸਿੰਗ ਕਾਉਂਸਿਲ ਦਫ਼ਤਰ ਮੈਡੀਕਲ ਭਵਨ ਸੈਕਟਰ 69 ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਰਿਸ਼ਵਤ ਵਾਲੀ ਰਕਮ ਗਵਾਹਾਂ ਦੀ ਹਾਜਰੀ ਵਿੱਚ ਬਰਾਮਦ ਕੀਤੀ ਗਈ। ਇਸ ਮੌਕੇ ਵਿਜੀਲੈਂਸ ਟੀਮ ਵਿੱਚ ਇੰਸਪੈਕਟਰ ਸਤਵੰਤ ਸਿੰਘ, ਇੰਸਪੈਕਟਰ ਪਰਮਜੀਤ ਕੌਰ, ਏ.ਐਸ.ਆਈ. ਕਸ਼ਮੀਰ ਸਿੰਘ, ਰਪਿੰਦਰ ਕੌਰ, ਐਚ.ਸੀ. ਭੁਪਿੰਦਰ ਸਿੰਘ ਅਤੇ ਸੀ-2 ਰਸ਼ਪਿੰਦਰ ਸਿੰਘ ਆਦਿ ਸ਼ਾਮਲ ਸਨ। ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਲੋਕਾਂ ਨੂੰ ਰਿਸ਼ਵਤ ਖੋਰਾਂ ਨੂੰ ਫੜਾਉਣ ਲਈ ਇਸੇ ਤਰ੍ਹਾਂ ਅੱਗੇ ਆਉਣਾ ਚਾਹੀਦਾ ਹੈ, ਲੋਕ ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਚਲਾਏ ਜਾ ਰਹੇ ਨੰਬਰ 1800 1800 1000 ਤੇ ਵੀ ਸੰਪਰਕ ਕਰ ਸਕਦੇ ਹਨ।