ਪੰਜਾਬ ਵਿੱਚ ਲੱਗੇ ਬੂਟੇ ਇਟਲੀ ਨੂੰ ਪਹੁੰਚਾ ਰਹੇ ਨੇ ਠੰਡਕ- ਮਰਚੈਲੋ ਮੋਰੇਤੀ
ਇਟਲੀ ਦੇ ਪਿੰਡ ਸਾਂਤਾ ਈਲਾਰੀਓ ਦੇ ਸਰਪੰਚ ਨੇ ਵੇਈਂ ਦੇ ਕਾਰਜਾਂ ਨੂੰ ਦੱਸਿਆ ਮਹਾਨ, ਸੰਤ ਸੀਚੇਵਾਲ ਦੇ ਕਾਰਜਾਂ ਨੂੰ ਕੌਮਾਂਤਰੀ ਪੱਧਰ 'ਤੇ ਪਹੁੰਚਾਉਣ ਦੀ ਲੋੜ
5 Dariya News (ਕੁਲਜੀਤ ਸਿੰਘ)
ਸੁਲਤਾਨਪੁਰ ਲੋਧੀ 13-May-2018
ਇਟਲੀ ਦੇ ਰਹਿਣ ਵਾਲੇ ਲੋਕ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਕੰਮਾਂ ਤੋਂ ਬੇਹੱਦ ਪ੍ਰਭਾਵਿਤ ਹਨ। ਇਟਲੀ ਦੇ ਪਿੰਡ ਸਾਂਤਾ ਈਲਾਰੀਓ ਦੇ ਸਰਪੰਚ ਮਰਚੈਲੋ ਮੋਰੇਤੀ ਦਾ ਕਹਿਣਾ ਸੀ ਕਿ ਵਾਤਾਵਰਣ ਨੂੰ ਬਚਾਉਣ ਲਈ ਜਿਹੜੇ ਬੂਟੇ ਸੰਤ ਸੀਚੇਵਾਲ ਜੀ ਪੰਜਾਬ ਵਿੱਚ ਲਾ ਰਹੇ ਹਨ ਉਸ ਦੀ ਠੰਡਕ ਇਟਲੀ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਵਾਤਾਵਰਣ ਦੀ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਆਲਮੀ ਪੱਧਰ ਦੀ ਹੈ ਤੇ ਇਸ ਨੂੰ ਹੱਲ ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ। ਜਿਹੜਾ ਕੰਮ ਸੰਤ ਸੀਚੇਵਾਲ ਜੀ ਪੰਜਾਬ ਵਿੱਚ ਕਰ ਰਹੇ ਹਨ ਉਸ ਦਾ ਫਾਇਦਾ ਇਟਲੀ ਦੇ ਲੋਕਾਂ ਨੂੰ ਵੀ ਹੋ ਰਿਹਾ ਹੈ ਕਿਉਂਕਿ ਹਵਾ ਨੂੰ ਕਿਸੇ ਹੱਦਾਂ ਵਿੱਚ ਨਹੀਂ ਬੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਅਸਲ ਵਿੱਚ ਧਰਤੀ ਨੂੰ ਬਚਾਉਣ ਦਾ ਮਹਾਨ ਕਾਰਜ ਕਰ ਰਹੇ ਹਨ। ਦੇਸ਼ ਦੀ ਅਰਥ ਵਿਵਸਥਾ ਅਤੇ ਵਾਤਾਵਰਣ ਨੂੰ ਇੱਕਠੇ ਅੱਗੇ ਵਧਾਉਣਾ ਚਾਹੀਦਾ ਹੈ। ਅਜਿਹਾ ਨਹੀਂ ਹੋਣ ਚਾਹੀਦਾ ਕਿ ਦੇਸ਼ ਨੂੰ ਅੱਗੇ ਲੈ ਜਾਈਏ ਤੇ ਵਾਤਾਵਰਣ ਦਾ ਰਜ ਕੇ ਵਿਗਾੜ ਕਰ ਦੀਏ।ਪੰਜਾਬ ਵਿੱਚ ਗੜ੍ਹਦੀਵਾਲਾ ਵਿੱਚ ਇਤਿਹਾਸ ਦੇ ਪ੍ਰੋਫੈਸਰ ਰਹੇ ਜਸਪਾਲ ਸਿੰਘ ਜਿਹੜੇ ਕਿ ਲੰਮੇ ਸਮੇਂ ਤੋਂ ਹੁਣ ਇਟਲੀ ਵਿੱਚ ਰਹਿੰਦੇ ਹਨ ਤੇ ਦੱਸਿਆ ਕਿ ਉਨ੍ਹਾ ਨੇ ਪ੍ਰੋ: ਮਰਚੈਲੋ ਮੋਰੇਤੀ ਨਾਲ ਸੰਤ ਸੀਚੇਵਾਲ ਦੇ ਇਟਲੀ ਆਉਣ ਬਾਰੇ ਗੱਲ ਕੀਤੀ ਸੀ।
ਮੋਰੇਤੀ ਜੋ ਕਿ ਪਿੰਡ ਦੇ ਸਰਪੰਚ ਵੀ ਹਨ ਅਤੇ ਉਹਨਾਂ ਨੇ ਵੈਬ ਸਾਈਟ 'ਤੇ ਸੰਤ ਸੀਚੇਵਾਲ ਵੱਲੋਂ ਵਾਤਾਵਰਣ ਬਾਰੇ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਮੋਰੇਤੀ ਨੇ ਕਿਹਾ ਕਿ ਸੰਤ ਸੀਚੇਵਾਲ ਜਦੋਂ ਵੀ ਭਵਿੱਖ ਵਿੱਚ ਇਟਲੀ ਆਉਣ ਤਾਂ ਉਨ੍ਹਾਂ ਨੂੰ ਅਗਾਓ ਦੱਸਣ ਤਾਂ ਜੋ ਸੰਤ ਸੀਚੇਵਾਲ ਜੀ ਨੂੰ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨਾਲ ਮਿਲਾਇਆ ਜਾ ਸਕੇ। ਮਰਚੈਲੋ ਮੋਰੇਤੀ ਨੇ ਕਿਹਾ ਕਿ ਵਾਤਾਵਰਣ ਦੇ ਕੰਮਾਂ ਵਿੱਚ ਜਿਸ ਢੰਗ ਨਾਲ ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਦੀ ਅਗਵਾਈ ਕੀਤੀ ਹੈ ਉਸ ਨੂੰ ਕੌਮਾਂਤਰੀ ਪੱਧਰ ਦੇ ਮੰਚਾਂ 'ਤੇ ਉਭਾਰਨ ਦੀ ਸਖਤ ਲੋੜ ਹੈ ਕਿਉਂਕਿ ਉਹ ਦੁਨੀਆਂ ਲਈ ਰੋਲ ਮਾਡਲ ਬਣਕੇ ਉਭਰੇ ਹਨ। ਪ੍ਰੋਫੈਸਰ ਮੋਰੇਤੀ ਨੇ ਭਾਰਤੀ ਇਟਲੀ ਵਿੱਚ ਕਿਉਂ ਆਏ ਤੇ ਇੱਥੇ ਕੀ ਕਰ ਰਹੇ ਹਨ ਇਸ ਬਾਰੇ ਖੋਜ ਪੇਪਰ ਤਿਆਰ ਕੀਤਾ ਹੈ।ਸੰਤ ਸੀਚੇਵਾਲ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪੰਜਾਬ ਵਿੱਚ ਪਾਣੀਆਂ ਦੀ ਮੁੜ ਵਰਤੋਂ, ਪਾਣੀ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਹੋਣ ਤੋਂ ਬਚਾਉਣ, ਰੁੱਖ ਲਗਾਉਣ, ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਣ, ਸਿੱਖਿਆ, ਖੇਡਾਂ ਸਮੇਤ ਹੋਰ ਬਹੁਤ ਸਾਰੇ ਲੋਕ ਭਲਾਈ ਦੇ ਕੰਮਾਂ ਵਿੱਚ ਲੋਕਾਂ ਦੀ ਲਾਮਬੰਦੀ ਕਰਨ ਵਿੱਚ ਲੱਗੇ ਹੋਏ ਹਨ।ਇਸ ਮੌਕੇ ਪੰਜਾਬੀ ਭਾਈਚਾਰੇ ਵਿੱਚੋਂ ਆਤਮਾ ਸਿੰਘ ਨਿੱਝਰ, ਸਤਨਾਮ ਸਿੰਘ ਨਿੱਝਰ, ਅਮਰਜੀਤ ਸਿੰਘ ਚੱਕਚੇਲਾ, ਭੁਪਿੰਦਰ ਸਿੰਘ ਕਾਲਾ ਖਹਿਰਾ, ਮੋਹਣ ਸਿੰਘ ਹੀਰਾਪੁਰ ਹੇਲਰਾਂ, ਨਿਰੰਜਣ ਸਿੰਘ, ਪ੍ਰੇਮ ਸਿੰਘ, ਹਰਪ੍ਰੀਤ ਸਿੰਘ ਕੰਗ, ਅਮਰੀਕ ਸਿੰਘ ਚੱਕਚੇਲਾ, ਅਮਰਜੀਤ ਸਿੰਘ ਚੀਮਾ, ਹਰਦੇਵ ਸਿੰਘ ਚੱਕਚੇਲਾ ਅਤੇ ਹੋਰ ਬਹੁਤ ਸਾਰੇ ਪੰਜਾਬੀ ਭਾਈਚਾਰੇ ਦੇ ਲੋਕ ਹਾਜ਼ਰ ਸਨ।