5 Dariya News

ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਸਮਰਥਕਾਂ ਸਮੇਤ ਅਕਾਲੀ ਦਲ 'ਚ ਸ਼ਾਮਿਲ ਹੋਏ

5 Dariya News

ਚੰਡੀਗੜ੍ਹ 08-May-2018

ਸੀਨੀਅਰ ਕਾਂਗਰਸੀ ਆਗੂ ਅਤੇ ਪੀਪੀਸੀਸੀ ਦੇ ਸਾਬਕਾ ਜਨਰਲ ਸਕੱਤਰ ਸ੍ਰੀ ਰਾਜਿੰਦਰ ਦੀਪਾ ਅੱਜ ਇੱਥੇ ਵੱਡੀ ਗਿਣਤੀ ਵਿਚ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਕਾਂਗਰਸੀਆਂ ਆਗੂਆਂ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਦਾ ਲੜ ਫੜਿਆ।ਇਸ ਮੌਕੇ ਸ੍ਰੀ ਰਾਜਿੰਦਰ ਦੀਪਾ ਦਾ ਅਕਾਲੀ ਦਲ ਵਿਚ ਸਵਾਗਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਨਾਲ ਉਹਨਾਂ ਦੀ ਉਸ ਸਮੇਂ ਦੀ ਸਾਂਝ ਹੈ, ਜਦੋਂ ਉਹ ਚੰਡੀਗੜ੍ਹ ਵਿਚ ਵਿਦਿਆਰਥੀ ਹੁੰਦੇ ਸਨ। ਉਹਨਾਂ ਕਿਹਾ ਕਿ ਦੀਪਾ ਇੱਕ ਬਹੁਤ ਹੀ ਮਿਹਨਤੀ ਆਗੂ ਹਨ, ਜਿਹੜੇ ਜ਼ਮੀਨੀ ਪੱਧਰ ਤਕ ਲੋਕਾਂ ਨਾਲ ਜੁੜੇ ਹੋਏ ਹਨ। ਉਹਨਾਂ ਨੂੰ ਭਰੋਸਾ ਹੈ ਕਿ ਸ੍ਰੀ ਦੀਪਾ ਅਕਾਲੀ ਦਲ ਵਾਸਤੇ ਇੱਕ ਵੱਡਾ ਸਰਮਾਇਆ ਸਾਬਿਤ ਹੋਣਗੇ। ਇਸ ਮੌਕੇ ਉੱਤੇ ਬੋਲਦਿਆਂ ਸ੍ਰੀ ਦੀਪਾ ਨੇ ਕਿਹਾ ਕਿ ਉਹਨਾਂ ਨੇ ਕਾਂਗਰਸ ਪਾਰਟੀ ਲਈ ਹਮੇਸ਼ਾਂ ਜੀਅ ਤੋੜ ਕੇ ਕੰਮ ਕੀਤਾ ਸੀ, ਪਰ ਇੰਨੇ ਸਾਲਾਂ ਵਿਚ ਉਹ ਇਹ ਗੱਲ ਜਾਣੀ ਹੈ ਕਿ ਕਾਂਗਰਸ ਪਾਰਟੀ ਉਹਨਾਂ ਆਗੂਆਂ ਦੀ ਕਦਰ ਨਹੀਂ ਕਰਦੀ, ਜਿਹੜੇ ਸੱਚਮੁੱਚ ਲੋਕਾਂ ਨਾਲ ਜੁੜੇ ਹੁੰਦੇ ਹਨ। ਉਹਨਾਂ ਕਿਹਾ ਕਿ ਜ਼ਮੀਨੀ ਪੱਧਰ ਉੱਤੇ ਕੰਮ ਕਰਦਿਆਂ ਮੈਂ ਕਾਂਗਰਸ ਪਾਰਟੀ ਦੇ ਬੁਲਾਰੇ ਵਜੋਂ ਵੀ ਕੰਮ ਕੀਤਾ ਸੀ। ਪਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਕਾਂਗਰਸ ਵਿਚ ਵਰਕਰ ਦੀ ਕੋਈ ਪੁੱਛ ਨਹੀਂ ਹੈ। ਇਸੇ ਕਰਕੇ ਮੈਂ ਇਸ ਪਾਰਟੀ ਨੁੰ ਛੱਡ ਰਿਹਾ ਹਾਂ ਅਤੇ ਸਿਆਸਤ ਵਿਚ  ਇੱਕ ਨਵੀਂ ਪਾਰੀ ਸ਼ੁਰੂ ਕਰ ਰਿਹਾ ਹਾਂ।ਸ੍ਰੀ ਦੀਪਾ ਨੇ ਅਕਾਲੀ ਦਲ ਦੇ ਪ੍ਰਧਾਨ ਨਾਲ ਆਪਣੀ ਪੁਰਾਣੀ ਨੇੜਤਾ ਅਤੇ ਉਹਨਾਂ ਵੱਲੋਂ ਹਮੇਸ਼ਾਂ ਮਿਲੇ ਪਿਆਰ ਅਤੇ ਸਤਿਕਾਰ ਨੂੰ ਯਾਦ ਕੀਤਾ। 

ਉਹਨਾਂ ਕਿਹਾ ਕਿ ਅਕਾਲੀ ਦਲ ਵਿਚ ਉਹਨਾਂ ਨੂੰ ਜੋ ਵੀ ਡਿਊਟੀ ਦਿੱਤੀ ਗਈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।ਅੱਜ ਪਾਰਟੀ ਦੇ ਮੁੱਖ ਦਫ਼ਤਰ  ਵਿਖੇ ਸ੍ਰੀ ਦੀਪਾ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਕਾਂਗਰਸ ਪਾਰਟੀ ਦੇ ਸਾਬਕਾ ਸਕੱਤਰ ਬੀਬੀ ਰਜਿੰਦਰ ਕੌਰ ਮੀਮਸਾਂ ਵੀ ਸ਼ਾਮਿਲ ਸਨ। ਉਹਨਾਂ ਨੇ ਵੀ ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੇ ਪੂਰੇ ਸਮਰਥਨ ਦਾ ਭਰੋਸਾ ਦਿਵਾਇਆ।ਸ੍ਰੀ ਦੀਪਾ ਦੀ ਸੁਨਾਮ ਦੀ ਟੀਮ ਵਜੋਂ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਸੁਨਾਮ ਕੌਂਸਲਰ ਹਾਕਮ ਸਿੰਘ, ਚੀਮਾ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਤਰਸੇਮ ਸਿੰਘ ਤੋਲਾਵਾਲ, ਸੁਨਾਮ ਆੜ੍ਹਤੀਆ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਸਾਗਰ ਕੁਮਾਰ ਗਰਗ, ਸੁਨਾਮ ਨੈਣਾਂ ਦੇਵੀ ਮੰਦਿਰ ਦੇ ਪ੍ਰਧਾਨ ਰਵਿੰਦਰ ਗਾਂਧੀ ਆਦਿ ਸ਼ਾਮਿਲ ਸਨ। ਸ੍ਰੀ ਦੀਪਾ ਦੀ ਚੰਡੀਗੜ੍ਹ ਦੀ ਟੀਮ ਵਜੋਂ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ਵਾਲਿਆਂ ਵਿਚ ਚੰਡੀਗੜ੍ਹ ਮਾਰਕੀਟ ਕਮੇਟੀ ਦੇ ਕਾਰਜਕਾਰੀ ਚੇਅਰਮੈਨ ਗੁਰਪ੍ਰੀਤ ਸਿੰਘ, ਇੰਪਲਾਈ ਯੂਨੀਅਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ, ਪਲਸੋਰਾ ਮਾਰਕੀਟ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਸਿਆਨ, ਅਟਾਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗਿਆਨੀ ਰੇਵਤ ਸਿੰਘ ਅਤੇ ਖੁੱਡਾ ਅਲੀ ਸ਼ੇਰ ਦੇ ਪੰਚ ਗੁਰਚਰਨ ਸਿੰਘ ਸ਼ਾਮਿਲ ਸਨ।