ਵਿਸ਼ਵ ਰੈੱਡ ਕਰਾਸ ਦਿਵਸ ਮਨੁੱਖਤਾ ਦੀ ਸੇਵਾ ਅਤੇ ਸਾਂਝੀਵਾਲਤਾ ਦਾ ਪ੍ਰਤੀਕ : ਜਸਬੀਰ ਸਿੰਘ
ਸਹਾਇਕ ਕਮਿਸ਼ਨਰ ਵੱਲੋਂ ਵਿਸਵ ਰੈੱਡ ਕਰਾਸ ਦਿਵਸ ਮੌਕੇ ਸਮਾਜ ਸੇਵਕਾਂ ਅਤੇ ਖੂਨਦਾਨੀਆਂ ਦਾ ਸਨਮਾਨ
5 Dariya News
ਐਸ.ਏ.ਐਸ. ਨਗਰ (ਮੁਹਾਲੀ) 08-May-2018
'ਵਿਸ਼ਵ ਰੈੱਡ ਕਰਾਸ ਦਿਵਸ ਸਾਨੂੰ ਮਨੁੱਖਤਾ ਦੀ ਸੇਵਾ ਦੇ ਨਾਲ -ਨਾਲ ਸਾਂਝੀਵਾਲਤਾ ਦਾ ਵੀ ਸੰਦੇਸ਼ ਦਿੰਦਾ ਹੈ। ਰੈੱਡ ਕਰਾਸ ਦੀ ਸਥਾਪਨਾ ਸਮੁੱਚੇ ਵਿਸ਼ਵ ਵਿੱਚ ਕੁਦਰਤੀ ਆਫਤਾਂ ਮੌਕੇ ਪੀੜਤਾਂ ਦੀ ਸਹਾਇਤਾ ਕਰਨ, ਸਿਹਤ, ਬਿਮਾਰੀਆਂ ਦੀ ਰੋਕਥਾਮ, ਦੀਨ ਦੁੱਖੀਆਂ ਦੀ ਸੇਵਾ ਵਰਗੇ ਉਦੇਸ਼ਾਂ ਨਾਲ ਕੀਤੀ ਗਈ ਸੀ। ਸਾਨੂੰ ਲੋੜਵੰਦਾਂ ਦੀ ਮਦਦ ਕਰ ਕੇ ਨਰੋਏ ਸਮਾਜ ਦੀ ਸਿਰਜਣਾ 'ਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ ਜਨਰਲ -ਕਮ-ਅਵੇਤਨੀ ਸਕੱਤਰ ਸ੍ਰੀ ਜਸਬੀਰ ਸਿੰਘ ਨੇ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੌਂ ਪੈਰਾਗਾਨ ਸੀਨੀਅਰ ਸੈਂਕੰਡਰੀ ਸਕੂਲ, ਐਸ.ਏ.ਐਸ. ਨਗਰ ਦੇ ਆਡੀਟੋਰੀਅਮ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਸਾਡੇ ਮਹਾਨ ਗੁਰੂਆਂ ਅਤੇ ਪੈਗੰਬਰਾਂ ਨੇ ਮਾਨਵਤਾ ਦੀ ਸੇਵਾ ਦਾ ਉਪਦੇਸ਼ ਦਿੱਤਾ ਹੈ। ਭਾਈ ਘੱਨ੍ਹਈਆ ਜੀ ਨੇ ਵੀ ਗੁਰੂ ਸਾਹਿਬ ਦੀ ਸਿੱਖਿਆ ਮੁਤਾਬਕ ਮਨੁੱਖਤਾ ਦੀ ਸੇਵਾ ਕੀਤੀ ਤੇ ਸਾਨੂੰ ਵੀ ਆਪਣੇ ਗੁਰੂਆਂ ਦੇ ਦਰਸਾਏ ਮਾਰਗਾਂ 'ਤੇ ਚਲਣ ਦੀ ਲੋੜ ਹੈ। ਸਾਨੂੰ ਸਮਾਜ ਦੇ ਲੋੜਵੰਦ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਸਾਇਟੀ ਲੋਕਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਅਤੇ ਲੋੜਵੰਦ ਲੋਕਾਂ ਦੀ ਮਦਦ ਕਰ ਰਹੀਂ ਹੈ ਜੋ ਕਿ ਇੱਕ ਚੰਗਾ ਉਪਰਾਲਾ ਹੈ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨਾਲ ਜੁੜ ਕੇ ਸਮਾਜ ਸੇਵਾ ਵਿੱਚ ਹਿੱਸਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਸਪਤਾਲ ਭਲਾਈ ਸ਼ਾਖਾ ਵੀ ਲੋੜਵੰਦਾਂ ਨੂੰ ਹਰ ਤਰ੍ਹਾਂ ਦੀ ਮਦਦ ਲੈਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਸਿਵਲ ਹਸਪਤਾਲ ਵਿਖੇ ਲੋੜਵੰਦ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਂਦੀ ਹੈ ਅਤੇ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਮਿਤੀ 07 ਮਈ 2018 ਤੋਂ ਲੋੜਵੰਦ ਮਰੀਜ਼ਾਂ ਲਈ ਸਸਤੇ ਰੇਟ 'ਤੇ ਐਂਬੂਲੈਂਸ ਚਲਾਈ ਜਾ ਚੁੱਕੀ ਹੈ, ਜੋ ਕਿ ਸਿਵਲ ਹਸਪਤਾਲ ਫੇਜ਼-6 ਮੁਹਾਲੀ ਵਿਖੇ ਜਨ ਔਸ਼ਦੀ ਸਟੋਰ ਕੋਲ ਖੜ੍ਹਦੀ ਹੈ।
ਉਨ੍ਹਾਂ ਇਸ ਮੌਕੇ ਕਿਹਾ ਕਿ ਜ਼ਿਲ੍ਹੇ 'ਚ ਖੂਨਦਾਨੀਆਂ ਅਤੇ ਨੇਤਰਦਾਨ ਜਾਂ ਸਰੀਰ ਦਾ ਕੋਈ ਹੋਰ ਅੰਗਦਾਨ ਕਰਨ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਤਾਂ ਜੋ ਲੋੜਵੰਦਾਂ ਦੀ ਜ਼ਰੂਰਤ ਪੂਰੀ ਹੋ ਸਕੇ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸਕੂਲੀ ਬੱਚਿਆਂ ਦੇ ਕਰਵਾਏ ਗਏ ਭਾਸ਼ਣ, ਪੇਂਟਿੰਗ ਅਤੇ ਲੇਖ ਮੁਕਾਬਲਿਆਂ ਵਿੱਚ ਜੇਤੂ ਰਹੇ ਬੱਚਿਆਂ ਨੂੰ ਇਨਾਮ ਵੀ ਵੰਡੇ। ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਸਿਵਲ ਹਸਪਾਤਲ ਫੇਜ਼-6 ਮੁਹਾਲੀ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿਚ ਐਸ.ਡੀ.ਐਮ. ਮੁਹਾਲੀ ਡਾ.ਆਰ.ਪੀ.ਸਿੰਘ ਨੇ ਉਚੇਚੇ ਤੌਰ 'ਤੇ ਸਿਰਕਤ ਕੀਤੀ। ਪੈਰਾਗਾਨ ਸਕੂਲ ਵਿੱਚ ਸਹਾਇਕ ਕਮਿਸ਼ਨਰ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਪੈਟਰਨ ਜਗਜੀਤ ਸਿੰਘ ਅਰੋੜਾ ਅਤੇ ਹਰਪ੍ਰੀਤ ਸਿੰਘ ਰੇਖੀ, ਸਮਾਜ ਸੇਵੀ ਇੰਜ: ਪੀ.ਐਸ.ਵਿਰਦੀ, ਸਮਾਜ ਸੇਵੀ ਸ੍ਰੀ ਹਰਦੀਪ ਸਿੰਘ ਬਠਲਾਣਾ, ਜੁਗਰਾਜ ਡਾਂਡੀ, ਦੀਪਕ ਕੁਮਾਰ ਸਮੇਤ 10 ਤੋਂ ਵੱਧ ਵਾਰ ਖੂਨ ਦਾਨ ਕਰਨ ਵਾਲੇ ਸ੍ਰੀ ਗੁਰਸ਼ਰਨ ਸਿੰਘ, ਕੁਲਵਿੰਦਰ ਸਿੰਘ, ਰਾਜੇਸ ਸ਼ਰਮਾ, ਪ੍ਰਵੀਨ ਕੁਮਾਰ, ਦੀਪਕ ਕੁਮਾਰ, ਹਰਦੀਪ ਧੀਮਾਨ, ਸੰਜੇ ਕੁਮਾਰ, ਸ੍ਰੀ ਮੋਹਨ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਰਾਜਮਲ ਨੇ ਦੱਸਿਆ ਕਿ ਰੈੱਡ ਕਰਾਸ ਦੇ ਬਾਨੀ ਸਰ ਹੈਨਰੀ ਡਿਊਨਾ ਦੇ ਜਨਮ ਦਿਵਸ ਨੂੰ ਹਰ ਸਾਲ ਵਿਸ਼ਵ ਰੈੱਡ ਕਰਾਸ ਦਿਵਸ ਵੱਜੋ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਇਸ ਮੌਕੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜਿਥੇ ਲੋੜਵੰਦਾਂ ਦੀ ਸਹਾਇਤਾ ਕਰਦੀ ਹੈ ਉਥੇ ਸੁਸਾਇਟੀ ਵੱਲੋਂ ਫਸਟ ਏਡ ਐਂਡ ਹੋਮ ਨਰਸਿੰਗ ਦੀ ਹੁਣ ਤੱਕ 16 ਹਜਾਰ ਸਿਖਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਜਨ ਔਸ਼ਧੀ ਸਟੋਰ, ਜਿਥੇ ਕਿ ਸਸਤੀਆਂ ਜੈਨਰਿਕ ਦਵਾਈਆਂ ਦਿੱਤੀਆਂ ਜਾਂਦੀਆ ਹਨ, ਵੀ ਚਲਾਇਆ ਜਾ ਰਿਹਾ ਹੈ । ਸਮਾਗਮ ਵਿੱਚ ਸ਼ਰਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ), ਨੋਡਲ ਅਫਸਰ ਜਨ ਔਸ਼ਧੀ ਸ੍ਰੀ ਐਮ.ਪੀ.ਸਿੰਘ, ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੁਲਵੰਤ ਕੌਰ ਸ਼ੇਰਗਿੱਲ, ਗਾਈਡ ਕੌਂਸਲਰ ਹਰਵਿੰਦਰ ਸਿੰਘ, ਜ਼ਿਲ੍ਹਾ ਟ੍ਰੇਨਿੰਗ ਸੁਪਰਵਾਈਜਰ ਸ੍ਰੀ ਸੁਖਵੰਤ ਸਿੰਘ ਸਮੇਤ ਹੋਰ ਪੰਤਵੰਤੇ ਵੀ ਮੌਜੂਦ ਸਨ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।