5 Dariya News

ਕਿਰਨ ਬਾਲਾ ਮਾਮਲੇ ਨਾਲ ਮੇਰਾ ਕੋਈ ਸੰਬੰਧ ਨਹੀਂ : ਤਲਬੀਰ ਸਿੰਘ ਗਿੱਲ

ਕਿਸੇ ਲਈ ਪਾਕਿਸਤਾਨ ਦੇ ਵੀਜ਼ੇ ਦੀ ਸਿਫ਼ਾਰਸ਼ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ

5 Dariya News (ਕੁਲਜੀਤ ਸਿੰਘ)

ਜੰਡਿਆਲਾ ਗੁਰੂ 06-May-2018

ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਅਤੇ ਯੂਥ ਅਕਾਲੀ ਦਲ ਮਾਝਾ ਜੋਨ ਦੇ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਨੇ ਕਿਰਨ ਬਾਲਾ ਦੇ ਵਿਵਾਦਿਤ ਮਾਮਲੇ ਨਾਲ ਆਪਣੇ ਆਪ ਨੂੰ ਵੱਖ ਕਰਦਿਆਂ ਉਨ੍ਹਾਂ ਦਾ ਉਕਤ ਵਿਵਾਦਿਤ ਮਾਮਲੇ ਨਾਲ ਕਿਸੇ ਤਰਾਂ ਦਾ ਵੀ ਕੋਈ ਸੰਬੱਧ ਹੋਣ ਤੋਂ ਪੂਰੀ ਤਰਾਂ ਇਨਕਾਰ ਕੀਤਾ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਕੁੱਝ ਅਖ਼ਬਾਰਾਂ ਵਿਚ ਉਕਤ ਮਾਮਲੇ ਨਾਲ ਉਨ੍ਹਾਂ ਨੂੰ ਜੋੜੇ ਜਾਣ ਬਾਰੇ ਛਪੀਆਂ ਰਿਪੋਰਟਾਂ ਪੜ੍ਹ ਕੇ ਬਹੁਤ ਹੈਰਾਨੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਸਚਾਈ ਤੋਂ ਕੋਹਾਂ ਦੂਰ  ਅਤੇ ਕੋਰਾ ਝੂਠ ਦਾ ਪੁਲੰਦਾ ਹੈ, ਇਹ ਕੁੱਝ ਲੋਕਾਂ ਦੀ ਸਾਜ਼ਿਸ਼ ਤਹਿਤ ਉਸ ਦੀ ਸ਼ਖ਼ਸੀਅਤ ਅਤੇ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਝੇ ਯਤਨ ਹਨ। ਉਨ੍ਹਾਂ ਸਪਸ਼ਟ ਕਿਹਾ ਕਿ ਉਕਤ ਮਾਮਲੇ 'ਚ ਉਨ੍ਹਾਂ ਦਾ ਨਾਮ ਬੇਵਜ੍ਹਾ ਤੇ ਨਜਾਇਜ਼ ਘੜੀਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਵਿਸਾਖੀ ਮਨਾਉਣ ਗਈ ਅਤੇ ਉੱਥੇ ਜਾ ਕੇ ਧਰਮ ਪਰਿਵਰਤਨ ਕਰਦਿਆਂ ਵਿਆਹ ਕਰਵਾ ਲੈਣ ਵਾਲੀ ਬੀਬੀ ਕਿਰਨ ਬਾਲਾ ਨਾਲ ਉਨ੍ਹਾਂ ਦਾ ਦੂਰ ਦਾ ਵੀ ਕੋਈ ਲੈਣਾ ਦੇਣਾ ਨਹੀਂ ਹੈ। ਉਸ ਵੱਲੋਂ ਕਿਰਨ ਬਾਲਾ ਜਾਂ ਕਿਸੇ ਹੋਰ ਦੇ ਪਾਕਿਸਤਾਨ ਦੇ ਵੀਜ਼ੇ ਲਈ ਕਦੀ ਵੀ ਕੋਈ ਸਿਫ਼ਾਰਸ਼ ਨਹੀਂ ਕੀਤੀ ਗਈ। ਜੇ ਕਿਸੇ ਅਧਿਕਾਰੀ ਨੇ ਆਪਣੀ ਕਿਸੇ ਗ਼ਲਤੀ, ਮਜਬੂਰੀ ਜਾਂ ਕਮਜ਼ੋਰੀ ਨੂੰ ਛੁਪਾਉਣ ਜਾਂ ਪਰਦਾਪੋਸ਼ੀ ਲਈ ਉਸ ਦੇ ਨਾਮ ਦੀ ਦੁਰਵਰਤੋਂ ਕੀਤੀ ਹੈ ਤਾਂ ਇਹ ਉਸ ਅਧਿਕਾਰੀ ਦੀ ਗੈਰ ਜਿੰਮੇਦਾਰਾਨਾ ਹਰਕਤ ਹੈ, ਜਿਸ ਪ੍ਰਤੀ ਉਹ ਅਧਿਕਾਰੀ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੈ।