5 Dariya News

ਪੈਰਿਸ ਦੀ ਯੂਨੀਵਰਸਿਟੀ ਈਨੈਲਕੋ ਵਿੱਚ ਹੋਈ ਬਾਬੇ ਨਾਨਕ ਦੀ ਵੇਈਂ ਦੀ ਚਰਚਾ

ਯੂਨੀਵਰਸਿਟੀ 'ਚ ਸਿੱਖ ਧਰਮ ਤੇ ਵਾਤਾਵਰਣ ਬਾਰੇ ਚਰਚਾ ਕਰਨ ਵਾਲੇ ਸੰਤ ਸੀਚੇਵਾਲ ਪਹਿਲੇ ਆਗੂ

5 Dariya News (ਕੁਲਜੀਤ ਸਿੰਘ)

ਸੁਲਤਾਨਪੁਰ ਲੋਧੀ 04-May-2018

ਯੂਰਪ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਿਲ ਈਨੈਲਕੋ ਯੂਨੀਵਰਸਿਟੀ ਵਿੱਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਗਏ ਕੰਮਾਂ ਦੀ ਚਰਚਾ ਕੀਤੀ ਗਈ। ਫਰਾਂਸ ਸਮੇਤ ਵੱਖ ਵੱਖ ਦੇਸ਼ਾਂ ਦੇ ਵਿਦਿਆਰਥੀ ਹੈਰਾਨ ਸਨ ਕਿ ਕਿਵੇਂ ਲੋਕਾਂ ਨੇ ਰਲ ਕੇ ਇੱਕ ਨਦੀਂ ਨੂੰ ਸਾਫ਼ ਕਰ ਦਿੱਤਾ। ਸੰਤ ਸੀਚੇਵਾਲ ਪਹਿਲੇ ਧਾਰਮਿਕ ਸਿੱਖ ਆਗੂ ਹਨ ਜਿੰਨ੍ਹਾਂ ਨੇ ਯੂਨੀਵਰਸਿਟੀ ਵਿੱਚ ਸਿੱਖ ਧਰਮ ਦੇ ਸਿਧਾਤਾਂ ਦੀ ਚਰਚਾ ਬੜੇ ਵਿਸਥਾਰ ਨਾਲ ਕੀਤੀ। ਵੱਖ-ਵੱਖ ਧਰਮਾਂ ਦੇ ਵਿਦਿਆਰਥੀਆਂ ਨੇ ਸੰਤ ਸੀਚੇਵਾਲ ਨਾਲ ਸਿੱਧਾ ਸੰਵਾਦ ਰਚਾਉਂਦਿਆ ਬੜੇ ਦਿਲਚਸਪ ਸਵਾਲ ਕੀਤੇ। ਪਿੱਛਲੇ ਸਾਲ ਇਸੇ ਯੂਨੀਵਰਸਿਟੀ ਨੇ ਤਿੱਬਤ ਦੇ ਧਾਰਮਿਕ ਆਗੂ ਦਲਾਈਲਾਮਾ ਨੂੰ ਉਚੇਚੇ ਤੌਰ 'ਤੇ ਸੱਦਿਆ ਸੀ। ਇਸ ਯੂਨੀਵਰਸਿਟੀ ਵਿੱਚ ਦੁਨੀਆਂ ਦੀਆਂ ੧੦੩ ਜ਼ੁਬਾਨਾਂ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ। ਈਨੈਲਕੋ ਵੀ ਵਿਦੇਸ਼ਾਂ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ ਜਿਸ ਵਿੱਚ ਵੇਈਂ ਦੀ ਕਾਰ ਸੇਵਾ ਬਾਰੇ ਚਰਚਾ ਕੀਤੀ ਗਈ।ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣਾ ਭਾਸ਼ਣ ਪੰਜਾਬੀ ਵਿੱਚ ਦਿੱਤਾ ਤੇ ਉਨ੍ਹਾਂ ਦੇ ਭਾਸ਼ਣ ਦਾ ਫਰੈਂਚ 'ਚ  ਤਰਜ਼ਮਾ ਪਾਕਿਸਤਾਨ ਦੀ ਇੱਕ ਵਿਦਿਆਰਥਣ ਅਤੇ ਪੰਜਾਬ ਦੇ ਇੱਕ ਨੌਜਵਾਨ ਮਨਦੀਪ ਸਿੰਘ ਨੇ ਕੀਤਾ। ਡੇਢ ਘੰਟੇ ਤੱਕ ਚਲੇ ਇਸ ਸਮਾਗਮ ਵਿੱਚ ਸਿੱਖ ਧਰਮ ਤੇ ਸੇਵਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਸਰਬੱਤ ਦੇ ਭਲੇ ਦੇ ਸਿਧਾਂਤ ਅਤੇ ਪਵਿੱਤਰ ਵੇਈਂ ਦੀ ਕਾਰ ਸੇਵਾ ਨਾਲ ਮੁੜ ਸੁਰਜੀਤ ਹੋਈ ਬਾਬੇ ਨਾਨਕ ਦੀ ਵੇਈਂ ਬਾਰੇ ਬੜੇ ਦਿਲਚਸਪ ਸਵਾਲ ਹੋਏ। 

ਵਿਦਿਆਰਥੀਆਂ ਨੇ ਇਹ ਸਵਾਲ ਵੀ ਸੰਤ ਸੀਚੇਵਾਲ ਨੂੰ ਕੀਤੇ ਕਿ ਭਾਰਤ ਦੀ ਰਾਜਨੀਤੀ ਵਿੱਚ ਕਿਉਂ ਨਹੀਂ ਆ ਜਾਂਦੇ । ਇਸ ਸਵਾਲ ਦਾ ਜਵਾਬ ਦਿੰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਨਾ ਤਾਂ ਝੂਠ ਬੋਲ ਸਕਦੇ ਹਨ ਤੇ ਨਾ ਹੀ ਕਿਸੇ ਨਾਲ ਕੋਈ ਧੋਖਾ ਕਰ ਸਕਦੇ ਹਨ। ਇਸ ਕਰਕੇ ਉਹ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਭਾਵੇ ਉਹ ਰਾਜਨੀਤੀ ਵਿੱਚ ਨਹੀਂ ਆਏ ਪਰ ਲੀਡਰਾਂ ਨੂੰ ਜਰੂਰ ਸਿਖਾ ਦੇਣਗੇ ਕਿ ਰਾਜਨੀਤੀ ਕਰੀ ਦੀ ਕਿਵੇਂ ਆ।ਸਵਾਲ ਪੁੱਛਣ ਵਾਲਿਆਂ ਵਿੱਚ ਏਸ਼ੀਆਂ ਦੇ ਮੁਲਕਾਂ ਦੇ ਵਿਦਿਆਰਥੀ ਜ਼ਿਆਦਾ ਸਨ ਕਿਉਂਕਿ ਉਨ੍ਹਾਂ ਦੇ ਦੇਸ਼ਾਂ ਦੀਆਂ ਸਮੱਸਿਆਵਾਂ ਭਾਰਤ ਨਾਲ ਮਿਲਦੀਆਂ ਜੁਲਦੀਆਂ ਸਨ। ਏਸ਼ੀਆਂ ਮੁਲਕਾਂ ਵਿੱਚੋਂ ਬੰੰਗਲਾ ਦੇਸ਼, ਪਾਕਿਸਤਾਨ, ਅਫ਼ਗਾਨਿਸਤਾਨ, ਸ੍ਰੀਲੰਕਾ ਦੇ ਵਿਦਿਆਰਥੀਆਂ ਨੇ ਬਾਬਾ ਜੀ ਨਾਲ ਸਿੱਧਾ ਸੰਵਾਦ ਰਚਾਇਆ। ਚੀਨ, ਤੁਰਕੀ, ਫਰਾਂਸ ਦੇ ਵਿਦਿਆਰਥੀਆਂ ਨੇ ਪੁੱਛਿਆ ਕਿ ਨਦੀਂ ਦੀ ਸਫਾਈ ਵਿੱਚ ਆਈਆਂ ਮੁਸ਼ਕਿਲਾਂ ਤੋਂ ਉਹ ਡੋਲੇ ਕਿਉਂ ਨਹੀਂ ਤਾਂ ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਇਰਾਦਾ ਦ੍ਰਿੜ ਹੋਵੇ ਤਾਂ ਕੋਈ ਵੀ ਕੰਮ ਸਹਿਜ ਵਿੱਚ ਕੀਤਾ ਜਾ ਸਕਦਾ ਹੈ ਅਤੇ ਕਿਹਾ ਕਿ ਜਦ ਲੋਕ ਨਾਲ ਹੋਣ ਤਾਂ ਫਿਰ ਸਰਕਾਰਾਂ ਡੋਲ ਜਾਂਦੀਆਂ ਹਨ।ਯੁਨੀਵਰਸਿਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਬਾਰੇ ਪਿੱਛਲੇ ਕਈ ਦਿਨਾਂ ਤੋਂ ਪ੍ਰਚਾਰ ਕੀਤਾ ਜਾ ਰਿਹਾ ਸੀ। ਇੱਥੋਂ ਵੱਸਦੇ ਸਿੱਖਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸਿੱਖ ਸੰਗਤਾਂ ਵੱਲੋਂ ਹੱਥੀ ਕੀਤੀ ਗਈ ਕਾਰ ਸੇਵਾ ਦੀ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ। ਬਾਬਾ ਜੀ ਦੇ ਸਵਾਗਤ ਲਈ ਯੂਨੀਵਰਸਿਟੀ ਦੀ ਪ੍ਰਧਾਨ ਆਪ ਗੇਟ 'ਤੇ ਆ ਕੇ ਖੜੀ ਸੀ। ਇਸ ਮੌਕੇ ਪ੍ਰੋਫੈਸਰ ਲੌਰਿਸ਼ ਜ਼ਾਰਾ ਸਮੇਤ ਹੋਰ ਸਟਾਫ਼ ਦੇ ਮੈਂਬਰ ਵੀ ਹਾਜ਼ਰ ਸਨ।