5 Dariya News

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਤਿਹਾਸ ਦੀਆਂ ਕਿਤਾਬਾਂ ਬਾਰੇ ਝੂਠ ਬੋਲ ਰਹੇ ਹਨ : ਪਰਕਾਸ਼ ਸਿੰਘ ਬਾਦਲ

ਮੁੱਖ ਮੰਤਰੀ ਨੂੰ ਪੁੱਛਿਆ ਕਿ ਕੀ ਅਕਾਲੀ ਸਿੱਖ ਇਤਿਹਾਸ ਕੱਢ ਕੇ ਕਾਂਗਰਸ ਦਾ ਇਤਿਹਾਸ ਸ਼ਾਮਿਲ ਕਰਨਗੇ?

5 Dariya News

ਚੰਡੀਗੜ੍ਹ 01-May-2018

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜਿਹਾ ਦਾਅਵਾ ਕਰਕੇ ਝੂਠ ਬੋਲ ਰਹੇ ਹਨ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਕਲਾਸ ਦੀਆਂ ਕਿਤਾਬਾਂ ਵਿਚੋਂ ਸਿੱਖ ਇਤਿਹਾਸ ਨੂੰ ਮਨਫ਼ੀ ਕਰਨ ਦਾ ਫੈਸਲਾ ਅਕਾਲੀ-ਭਾਜਪਾ ਕਾਰਜਕਾਲ ਦੌਰਾਨ 2013 ਵਿਚ ਲਿਆ ਗਿਆ ਸੀ। ਉਹਨਾਂ ਕਿਹਾ ਕਿ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਸਾਰੇ ਚੈਪਟਰ ਜਿਹੜੇ ਹੁਣ ਕੱਢ ਦਿੱਤੇ ਗਏ ਹਨ, ਅਕਾਲੀ ਭਾਜਪਾ ਦੇ 2013 ਤੋਂ 2017 ਤਕ ਦੇ ਸਮੁੱਚੇ ਕਾਰਜਕਾਲ ਦੌਰਾਨ ਇਹ ਸਾਰੇ ਲਗਾਤਾਰ ਪੜ੍ਹਾਏ ਜਾਂਦੇ ਰਹੇ ਹਨ। ਉਹਨਾਂ ਕਿਹਾ ਕਿ 12ਵੀਂ ਕਲਾਸ ਦੀਆਂ ਗੁਰੂ ਸਾਹਿਬਾਨ ਅਤੇ ਪੰਜਾਬ ਦੇ ਇਤਿਹਾਸ ਬਾਰੇ ਚੈਪਟਰਾਂ ਤੋਂ ਸੱਖਣੀਆਂ ਨਵੀਆਂ ਕਿਤਾਬਾਂ ਨੂੰ ਹੁਣ ਛਾਪਿਆ ਜਾ ਰਿਹਾ ਹੈ। ਕਿਉਂ? ਉਹਨਾਂ ਕਿਹਾ ਕਿ ਜੇਕਰ ਅਸੀਂ 2013 ਵਿਚ ਸਿੱਖ ਇਤਿਹਾਸ ਨੂੰ 12ਵੀਂ ਕਲਾਸ ਦੀਆਂ ਕਿਤਾਬਾਂ ਵਿਚੋਂ ਬਾਹਰ ਕੱਢਣਾ ਚਾਹੁੰਦੇ ਸੀ ਤਾਂ ਫਿਰ ਇਹ ਚੈਪਟਰ 2017 ਤਕ ਕਿਉਂ ਪੜ੍ਹਾਏ ਜਾ ਰਹੇ ਸਨ?ਸਰਦਾਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉੁਹ ਨਵੀਆਂ ਅਤੇ ਪੁਰਾਣੀਆਂ ਕਿਤਾਬਾਂ ਨੂੰ ਖੁਦ ਪੜ੍ਹਣ ਤਾਂ ਉਹਨਾਂ ਨੂੰ ਪਤਾ ਚੱਲ ਜਾਵੇਗਾ ਕਿ ਕੀ ਕੀ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਕਦੋਂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਦੁਖਦਾਈ ਪਹਿਲੂ ਇਹ ਹੈ ਕਿ ਉਹਨਾਂ ਨੇ ਸਿੱਖ ਇਤਿਹਾਸ ਨੂੰ ਕੱਢ ਦਿੱਤਾ ਹੈ ਅਤੇ ਇਸ ਦੀ ਥਾਂ ਕਾਂਗਰਸ ਦਾ ਇਤਿਹਾਸ ਪਾ ਦਿੱਤਾ ਹੈ।ਸਰਦਾਰ ਬਾਦਲ ਨੇ ਕਿਹਾ ਕਿੰਨੀ ਹਾਸੋਹੀਣੀ ਗੱਲ ਹੈ ਕਿ ਮੁੱਖ ਮੰਤਰੀ ਨੇ 24 ਘੰਟਿਆਂ ਦੇ ਅੰਦਰ ਹੀ ਆਪਣਾ ਸਟੈਂਡ ਬਦਲ ਲਿਆ ਹੈ। ਉਹਨਾਂ ਪਹਿਲਾਂ ਕਿਹਾ ਸੀ ਕਿ 12ਵੀਂ ਕਲਾਸ ਦੀ ਕਿਤਾਬ ਵਿਚੋਂ ਕੋਈ ਵੀ ਚੈਪਟਰ ਮਨਫ਼ੀ ਨਹੀਂ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਮਹਿਜ਼ ਬਦਲ ਕੇ 11ਵੀਂ ਕਲਾਸ ਦੀ ਕਿਤਾਬ ਵਿਚ ਸ਼ਾਮਿਲ ਕੀਤਾ ਗਿਆ ਹੈ। ਹੁਣ ਉਹ ਸਵੀਕਾਰ ਕਰਦੇ ਹਨ ਕਿ ਇਹ ਚੈਪਟਰ ਹਟਾਏ ਜਾ ਚੁੱਕੇ ਹਨ , ਪਰ ਨਾਲ ਹੀ ਇਹ ਝੂਠਾ ਦਾਅਵਾ ਵੀ ਕਰ ਰਹੇ ਹਨ ਕਿ ਇਹ ਫੈਸਲਾ 2013 ਵਿਚ ਲਿਆ ਗਿਆ ਸੀ। ਅਧਿਕਾਰੀ ਮੁੱਖ ਮੰਤਰੀ ਨੂੰ ਕਸੂਤੀ ਸਥਿਤੀ ਵਿਚ ਫਸਾ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਨੂੰ ਆਪਣੇ ਅਧਿਕਾਰੀਆਂ ਦਾ ਪੱਖ ਪੂਰਨ ਦੀ ਥਾਂ ਸਿੱਖ ਇਤਿਹਾਸ ਨਾਲ ਖੜ੍ਹਣਾ ਚਾਹੀਦਾ ਸੀ ਅਤੇ ਇਸ ਸਮੁੱਚੀ ਘਟਨਾ ਦੀ ਸੁਤੰਤਰ ਜਾਂਚ ਦਾ ਹੁਕਮ ਦੇਣਾ ਚਾਹੀਦਾ ਸੀ।

ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਕਾਲੀਆਂ ਦੀ ਚੁਣੌਤੀ ਸਵੀਕਾਰ ਕਰਨੀ ਚਾਹੀਦੀ ਸੀ ਅਤੇ 11ਵੀਂ ਅਤੇ 12ਵੀਂ ਕਲਾਸ ਦੀਆਂ ਦੋਵੇਂ ਨਵੀਆਂ ਅਤੇ ਪੁਰਾਣੀਆਂ ਕਿਤਾਬਾਂ ਤੁਲਨਾ ਵਾਸਤੇ ਮੀਡੀਆ ਅੱਗੇ ਰੱਖਣੀਆਂ ਚਾਹੀਦੀਆਂ ਸਨ। ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਨਵੀਂ ਕਿਤਾਬ ਦਾ ਮੁੱਖਬੰਧ ਵਾਲਾ ਪੰਨਾ ਜਰੂਰ ਪੜ੍ਹਣ , ਜਿਸ ਵਿਚ ਸਿਲੇਬਸ ਤਬਦੀਲ ਕਰਨ ਦਾ ਸਿਹਰਾ ਨਵੀਂ ਟੀਮ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਪੰਨਾ ਉਹਨਾਂ ਨੂੰ ਦਿਖਾ ਦੇਵੇਗਾ ਕਿ ਇਹ ਤਬਦੀਲੀਆਂ ਕਿਸ ਨੇ ਕੀਤੀਆਂ ਹਨ।

ਮੁੱਖ ਮੰਤਰੀ ਵੱਲੋਂ ਕੀਤੇ ਦਾਅਵੇ ਕਿ ਸਿੱਖ ਇਤਿਹਾਸ ਬਾਰੇ ਚੈਪਟਰ ਬਦਲ ਕੇ 11ਵੀਂ ਕਲਾਸ ਦੀ ਕਿਤਾਬ ਵਿਚ ਸ਼ਾਮਿਲ ਕੀਤੇ ਗਏ ਹਨ, ਉੱਤੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਗੁੰਮਰਾਹਕੁਨ ਬਿਆਨ ਸੀ, ਕਿਉਂਕਿ 11ਵੀਂ ਕਲਾਸ ਦੀਆਂ ਕਿਤਾਬਾਂ ਵਿਚ ਪਹਿਲਾਂ ਹੀ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਚੈਪਟਰ ਸਨ ਅਤੇ 12ਵੀਂ ਕਲਾਸ ਵਿਚ ਦਿੱਤੇ ਚੈਪਟਰਾਂ ਵਿਚ ਵਿਸਥਾਰ ਤਹਿਤ ਜਾਣਕਾਰੀ ਦਿੱਤੀ ਹੋਈ ਸੀ। ਉਹਨਾਂ ਕਿਹਾ ਕਿ ਇੱਕ ਇਤਿਹਾਸਕਾਰ ਹੋਣ ਦੇ ਨਾਤੇ, ਕੈਪਟਨ ਅਮਰਿੰਦਰ ਸਿੰਘ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਵੱਖ ਵੱਖ ਕਲਾਸਾਂ ਵਿਚ ਵੱਖ ਵੱਖ ਪੱਧਰ ਦਾ ਇਤਿਹਾਸ ਪੜ੍ਹਾਇਆ ਜਾਂਦਾ ਹੈ। ਦਰਅਸਲ ਇਤਿਹਾਸ ਦੀ ਪੜ੍ਹਾਈ ਘਰ ਵਿਚ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਜਿਵੇਂ ਜਿਵੇਂ ਵਿਦਿਆਰਥੀ ਕਲਾਸਾਂ ਪਾਸ ਕਰਦਾ ਜਾਂਦਾ ਹੈ, ਇਸ ਦਾ ਪੱਧਰ ਹੋਰ ਡੂੰਘਾ ਹੁੰਦਾ ਜਾਂਦਾ ਹੈ। ਮੁੱਖ ਮੰਤਰੀ ਵੱਲੋਂ ਕੀਤੇ ਦਾਅਵੇ ਕਿ ਸਿਲੇਬਸ ਨੂੰ ਤਬਦੀਲ ਕਰਨ ਦਾ ਫੈਸਲਾ ਅਕਾਲੀਆਂ ਦੇ ਕਾਰਜਕਾਲ ਦੌਰਾਨ ਲਿਆ ਗਿਆ ਸੀ, ਉੁੱਤੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਚੈਪਟਰਾਂ ਨੂੰ ਮਨਫੀ ਕਰਨ ਦਾ ਫੈਸਲਾ ਅਕਾਲੀ ਕਾਰਜਕਾਲ ਦੌਰਾਨ ਲਿਆ ਹੁੰਦਾ ਤਾਂ ਫਿਰ ਅਸੀਂ ਇਹ ਕਿਤਾਬਾਂ ਉਸ ਸਮੇਂ ਹੀ ਬਦਲ ਦੇਣੀਆਂ ਸਨ। ਇਹ ਫਿਰ ਕਿਸ ਤਰ੍ਹਾਂ ਹੋ ਗਿਆ ਕਿ 2013 ਤੋਂ 2017 ਤਕ ਦੇ ਸਮੁੱਚੇ ਅਕਾਲੀ ਕਾਰਜਕਾਲ ਦੌਰਾਨ ਗੁਰੂ ਸਾਹਿਬਾਨ ਅਤੇ ਬਾਕੀ ਦੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਰੇ ਚੈਪਟਰ 12ਵੀਂ ਕਲਾਸ ਦੇ ਬੱਚਿਆਂ ਨੁੰ ਪੜ੍ਹਾਏ ਜਾਂਦੇ ਸਿਲੇਬਸ ਦਾ ਹਿੱਸਾ ਬਣੇ ਰਹੇ? ਇਹ ਸਾਰੇ ਚੈਪਟਰ ਹੁਣ ਕਾਂਗਰਸ ਦੇ ਕਾਰਜਕਾਲ ਦੌਰਾਨ ਹੀ ਕਿਉਂ ਹਟਾਏ ਗਏ ਹਨ ਅਤੇ ਇਹਨਾਂ ਦੀ ਥਾਂ ਕਾਂਗਰਸ ਦੇ ਇਤਿਹਾਸ ਬਾਰੇ ਚੈਪਟਰ ਪਾ ਦਿੱਤੇ ਗਏ ਹਨ?ਕਿਉਂ ਮੌਜੂਦਾ ਸਰਕਾਰ ਨੇ ਸਿੱਖ ਗੁਰੂ ਸਾਹਿਬਾਨਾਂ, ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਸਾਰੀਆਂ ਸਿੱਖ ਲਹਿਰਾਂ ਸਮੇਤ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਵਾਲੀਆਂ ਕਿਤਾਬਾਂ, ਜਿਹਨਾਂ ਦਾ ਸਿਲੇਬਸ ਅਕਾਲੀ ਕਾਰਜਕਾਲ ਦੌਰਾਨ ਬਣਾਇਆ ਗਿਆ ਸੀ, ਨੂੰ ਨਹੀਂ ਜਾਰੀ ਰੱਖਿਆ? ਕਿੰਨੀ ਹਾਸੋਹੀਣੀ ਗੱਲ ਹੈ!  ਕੀ ਕੈਪਟਨ ਅਮਰਿੰਦਰ ਸਿੰਘ ਇਹ ਕਹਿਣ ਦੀ ਕੋਸ਼ਿਸ ਕਰ ਰਹੇ ਹਨ ਕਿ ਅਕਾਲੀ ਉਸ ਕਾਂਗਰਸ ਦੇ ਇਤਿਹਾਸ ਨੂੰ ਸ਼ਾਮਿਲ ਕਰਨ ਲਈ ਸਿੱਖ ਇਤਿਹਾਸ ਨੂੰ ਮਨਫ਼ੀ ਕਰਨਗੇ, ਜਿਹੜੀ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਅਤੇ ਸਿੱਖਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਹੈ? ਇਸ ਤੋਂ ਹਾਸੋਹੀਣੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਮੁੱਖ ਮੰਤਰੀ ਨੂੰ ਆਪਣੇ ਅਧਿਕਾਰੀਆਂ ਮਗਰ ਲੱਗ ਕੇ ਗੁੰਮਰਾਹ ਨਹੀਂ ਹੋਣਾ ਚਾਹੀਦਾ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਲਈ ਸਹੀ ਰਸਤਾ ਇਹੋ ਹੈ ਕਿ ਉਹ ਪੁਰਾਣੇ ਸਿਲੇਬਸ ਵਾਲੀਆਂ ਕਿਤਾਬਾਂ ਨੂੰ ਜਾਰੀ ਰੱਖਣ ਦਾ ਹੁਕਮ ਦੇਣ ਅਤੇ ਇਸ ਸ਼ਰਾਰਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਫੜਣ ਵਾਸਤੇ ਇੱਕ ਸੁਤੰਤਰ ਜਾਂਚ ਕਰਵਾਉਣ। ਮੈਂ ਹੈਰਾਨ ਹਾਂ ਕਿ ਉਹ ਦੋਸ਼ੀਆਂ ਦੀ ਵਕਾਲਤ ਕਰਕੇ ਖੁਦ ਨੂੰ ਇਸ ਝਗੜੇ ਦੀ ਧਿਰ ਬਣਾ ਰਹੇ ਹਨ।