5 Dariya News

ਜ਼ਿਲ੍ਹਾ ਗਜ਼ਟੀਅਰ ਲਈ ਵੱਖ-ਵੱਖ ਵਿਭਾਗਾਂ ਤੋਂ ਮੰਗੀ ਸੂਚਨਾ 30 ਅਪ੍ਰੈਲ ਤੱਕ ਦੇਣ ਨੂੰ ਯਕੀਨੀ ਬਣਾਇਆ ਜਾਵੇ : ਚਰਨਦੇਵ ਸਿੰਘ ਮਾਨ

ਡਿਪਟੀ ਕਮਿਸ਼ਨਰ ਦੇ ਦਫ਼ਤਰ ਦੀ ਈ ਮੇਲ ਆਈ ਡੀ segpbgovt@gmail.com 'ਤੇ ਜਾਣਕਾਰੀ ਭੇਜੀ ਜਾ ਸਕਦੀ ਹੈ

5 Dariya News

ਐਸ.ਏ.ਐਸ. ਨਗਰ (ਮੁਹਾਲੀ) 27-Apr-2018

ਵਿੱਤ ਕਮਿਸਨਰਜ਼ ਸਕੱਤਰੇਤ ਦੇ ਗਜਟੀਅਰ ਸੰਗਠਨ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਗਜਟੀਅਰ ਦੀ ਤਿਆਰੀ ਦਾ ਕੰਮ ਚੱਲ ਰਿਹਾ ਹੈ, ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਹਿਲੂਆਂ ਸਬੰਧੀ ਵਿਸ਼ਥਾਰਪੂਰਵਕ ਜਾਣਕਾਰੀ ਦਰਜ ਕੀਤੀ ਜਾ ਰਹੀ ਹੈ। ਇਸ ਲਈ ਜਿਹੜੇ ਵਿਭਾਗਾਂ ਨੇ ਹਾਲੇ ਤੱਕ ਮੰਗੀ ਗਈ ਸੂਚਨਾ ਨਹੀਂ ਦਿੱਤੀ, ਉਹ 30 ਅਪ੍ਰੈਲ (ਸੋਮਵਾਰ) ਤੱਕ ਸੂਚਨਾ ਦੇਣ ਨੂੰ ਯਕੀਨੀ ਬਣਾਉਣ। ਕੁਤਾਹੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਜਨਰਲ ਸ. ਜਸਬੀਰ ਸਿੰਘ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਸ੍ਰੀ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਗਜਟੀਅਰ ਵਿੱਚ ਜ਼ਿਲ੍ਹੇ ਦੇ ਸਰਕਾਰੀ ਅਦਾਰਿਆਂ ਤੋਂ ਪ੍ਰਾਪਤ ਸੂਚਨਾ ਤੋਂ ਇਲਾਵਾ ਜ਼ਿਲ੍ਹੇ ਦੇ ਪਿਛੋਕੜ, ਇਤਿਹਾਸ ਅਤੇ ਸਭਿਆਚਾਰ ਸਬੰਧੀ ਵਿਸ਼ਥਾਰਪੂਰਵਕ ਜਾਣਕਾਰੀ ਦਰਜ ਕੀਤੀ ਜਾਣੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕੁਝ ਵਿਭਾਗਾਂ ਵੱਲੋਂ ਗਜ਼ਟੀਅਰ ਵਿੱਚ ਪ੍ਰਕਾਸ਼ਤ ਹੋਣ ਵਾਲੀ ਜਾਣਕਾਰੀ ਨਾ ਦਿੱਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗਾਂ ਦੀ ਸੂਚਨਾ ਭੇਜਣ ਨੂੰ ਯਕੀਨੀ ਬਣਾਉਣ ਅਤੇ ਭੇਜੀ ਗਈ ਸੂਚਨਾ ਸਬੰਧੀ ਡਿਪਟੀ ਕਮਿਸ਼ਨਰ ਦਫਤਰ ਨੂੰ ਵੀ ਜਾਣੂ ਕਰਵਾਇਆ ਜਾਵੇ। ਸੂਚਨਾ ਨਾ ਭੇਜਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਜਾਵੇਗੀ। 

ਉਨ੍ਹਾਂ ਦੱਸਿਆ ਕਿ ਗਜ਼ਟੀਅਰ ਤਿਆਰ ਕਰਨ ਦਾ ਮੁੱਖ ਮੰਤਵ ਜ਼ਿਲ੍ਹੇ ਦੇ ਪਿਛੋਕੜ ਅਤੇ ਵਰਤਮਾਨ ਨੂੰ ਸੰਜੋਅ ਕੇ ਆਉਣ ਵਾਲੀਆਂ ਪੀੜੀਆਂ ਦਾ ਮਾਰਗ ਦਰਸ਼ਨ ਕਰਨਾ ਹੈ ਇਹ ਸਾਰਾ ਕੰਮ ਵੱਖ ਵੱਖ ਵਿਭਾਗਾਂ ਦੇ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜਿਆ ਜਾ ਸਕਦਾ ਹੈ। ਸ੍ਰੀ ਮਾਨ ਨੇ ਜ਼ਿਲ੍ਹੇ ਦੇ ਸਮੂਹ ਲੇਖਕਾਂ, ਪੱਤਰਕਾਰਾਂ, ਸਹਿਤਕਾਰਾਂ, ਸਾਬਕਾ ਅਫ਼ਸਰਾਂ ਅਤੇ ਜੋ ਨਾਗਰਿਕ  ਜ਼ਿਲ੍ਹੇ ਦੇ ਪਛੋਕੜ ਸਬੰਧੀ ਜਾਣਕਾਰੀ ਰੱਖਦੇ ਹੋਣ ਨੂੰ ਦੁਬਾਰਾ ਅਪੀਲ ਕੀਤੀ ਹੈ ਕਿ ਜ਼ਿਲ੍ਹੇ ਸਬੰਧੀ ਪੁਰਾਤਨ ਅਤੇ ਨਵੀਨ ਜਾਣਕਾਰੀ ਜੋ ਜ਼ਿਲ੍ਹਾ ਗਜਟੀਅਰ ਵਿੱਚ ਦਰਜ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਦੇ ਦਫ਼ਤਰ ਦੀ ਈ ਮੇਲ ਆਡੀ segpbgovt@gmail.com ਤੇ ਭੇਜੀ ਜਾ ਸਕਦੀ ਹੈ। ਜ਼ਿਲ੍ਹਾ ਗਜਟੀਅਰ ਮਾਲ ਵਿਭਾਗ ਦਾ ਇੱਕ ਅਹਿਮ ਸਰਕਾਰੀ ਦਸਤਾਵੇਜ ਹੈ ਜੋ ਵਿੱਤੀ ਕਮਿਸ਼ਨਰਜ ਸਕੱਤਰੇਤ ਦੇ ਗਜਟੀਅਰਜ ਸੰਗਠਨ ਵੱਲੋ ਕੇਂਦਰ ਸਰਕਾਰ ਦੀ ਰਿਵੀਜਨ ਆਫ ਡਿਸਟ੍ਰਿਕਟ ਗਜਟੀਅਰਜ ਸਕੀਮ ਅਧੀਨ ਤਿਆਰ ਕੀਤੇ ਜਾਂਦੇ ਹਨ। ਜਿਲ੍ਹਾ ਗਜਟੀਅਰ ਵਿੱਚ ਜ਼ਿਲ੍ਹੇ ਦੀ ਭੂਗੋਲਿਕ ਸਥਿਤੀ, ਰੂਪ ਰੇਖਾ ਤੋਂ ਇਲਾਵਾ ਜ਼ਿਲ੍ਹੇ ਵਿੱਚ ਆਈਆਂ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਤਬਦੀਲੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਉਪਲੱਬਧ ਹੋਣ ਕਾਰਣ ਗਜਟੀਅਰ ਨੂੰ ਜ਼ਿਲ੍ਹੇ ਦਾ ਐਨਸਾਈਕਲੋਪੀਡੀਆ  (Encyclopedia) ਵੀ ਕਿਹਾ ਜਾਂਦਾ ਹੈ। ਇਹ ਬੁੱਧੀ ਜੀਵੀਆਂ, ਪ੍ਰਸ਼ਾਸਕਾਂ, ਪ੍ਰਬੰਧਕਾਂ ਅਤੇ ਖੋਜ ਵਿਦਿਆਰਥੀਆਂ ਲਈ ਬਹੁਮੁੱਲਾ ਗਿਆਨ ਦਾ ਸਰੋਤ ਹੈ। ਇਸ ਮੌਕੇ ਵਿੱਤ ਕਮਿਸ਼ਨਰਜ਼ ਸਕੱਤਰੇਤ ਮਾਲ ਤੇ ਪੁਨਰਵਾਸ ਵਿਭਾਗ(ਗਜ਼ਟੀਅਰਜ ਸੰਗਠਨ) ਦੇ ਰਾਜ ਸੰਪਾਦਕ ਗਜਟੀਅਰਜ਼ ਸ੍ਰੀਮਤੀ ਗੁਰਦੀਪ ਕੌਰ ਖੋਖਰ, ਜ਼ਿਲ੍ਹਾ ਮਾਲ ਅਫਸਰ  ਬਲਵਿੰਦਰ ਪਾਲ ਸਿੰਘ, ਜਿਲ੍ਹਾ  ਸਮਾਜਿਕ ਸੁਰੱਖਿਆ ਅਫਸਰ ਅੰਮ੍ਰਿਤ ਬਾਲਾ, ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।