5 Dariya News

ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ : ਪਰਕਾਸ਼ ਸਿੰਘ ਬਾਦਲ

ਸਾਬਕਾ ਮੁੱਖ ਮੰਤਰੀ ਨੇ ਮੁਲਕ ਅੰਦਰ ਪਨਪ ਰਹੇ ਫਿਰਕੂ ਮਾਹੌਲ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ

5 Dariya News

ਚੰਡੀਗੜ੍ਹ 18-Apr-2018

ਸਮਾਜ ਵਿਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਾਨੂੰਨ ਦੀ ਮੰਗ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਔਰਤਾਂ ਖਿਲਾਫ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਲਈ ਕੋਈ ਪੱਕਾ ਹੱਲ ਲੱਭਿਆ ਜਾਣਾ ਚਾਹੀਦਾ ਹੈ।ਇੱਥੇ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਚੰਡੀਗੜ੍ਹ ਐਡੀਸ਼ਨ ਦੀ 18ਵੀ ਵਰ੍ਹੇ ਗੰਢ ਦੇ ਮੌਕੇ ਆਯੋਜਿਤ ਕੀਤੇ ਗਏ ਸਮਾਗਮ ਵਿਚ ਬੋਲਦਿਆਂ ਸਰਦਾਰ ਬਾਦਲ ਨੇ ਦੇਸ਼ ਅੰਦਰ ਵਧ ਰਹੇ ਫਿਰਕੂਪੁਣੇ ਦੀ ਬੀਮਾਰੀ ਉੱਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਰਾਜਾਂ ਅਤੇ ਕੇਂਦਰ ਵਿਚ ਸਾਰੀਆਂ ਸਰਕਾਰਾਂ ਵੱਲੋਂ ਸਭ ਤੋਂ ਵੱਡੀ ਪਹਿਲ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਦਿੱਤੇ ਜਾਣ ਦੀ ਲੋੜ ਹੈ।ਉਨਾਓ ਅਤੇ ਕਠੂਆ ਦੁਖਾਂਤਾਂ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਿਹਨਾਂ ਲੋਕਾਂ ਨੇ ਬਲਾਤਕਾਰੀਆਂ ਦਾ ਸਮਰਥਨ ਕੀਤਾ, ਉਹਨਾਂ ਨਾਲ ਵੀ ਕੋਈ ਨਰਮੀ ਵਰਤੇ ਜਾਣ ਦੀ ਜਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਔਰਤ ਦੀ ਇੱਜ਼ਤ ਕਰਨਾ ਇਕ ਸੱਭਿਅਕ ਮੁਲਕ ਦੀ ਪਹਿਲੀ ਨਿਸ਼ਾਨੀ ਹੈ।  ਸਾਨੂੰ ਰਲ ਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਔਰਤਾਂ ਖ਼ਿਲਾਫ ਅਣਮਨੁੱਖੀ ਅੱਤਿਆਚਾਰ ਕਰਨ ਵਾਲੇ ਲੋਕਾਂ ਅਤੇ ਅਜਿਹੇ ਅਪਰਾਧੀਆਂ ਦੀ ਮੱਦਦ ਕਰਨ ਵਾਲਿਆਂ ਨੂੰ ਸਖ਼ਤ ਅਤੇ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ। ਸਾਬਕਾ ਮੁੱਖ ਮੰਤਰੀ ਨੇ ਦੇਸ਼ ਅੰਦਰ ਪੈਦਾ ਹੋ ਰਹੇ ਫਿਰਕੂ ਮਾਹੌਲ ਉੱਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਿਹੜੇ ਵਿਅਕਤੀ ਫਿਰਕੂ ਤਾਣਿਆਂ ਨੂੰ ਤੋੜਣ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਸਰਕਾਰਾਂ ਨੂੰ ਉਹਨਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਉਹ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਅਤੇ ਸਮਾਜ ਵਿਚ ਔਰਤਾਂ ਦੇ ਰੁਤਬੇ ਬਾਰੇ ਰੋਜ਼ਾਨਾ ਸਮੀਖਿਆ ਕਰਦੇ ਸਨ। ਇਸ ਮੌਕੇ ਸਰਦਾਰ ਬਾਦਲ ਨੇ ਸਮਾਜਕ ਇਨਸਾਫ ਨੂੰ ਯਕੀਨੀ ਬਣਾਉਣ ਅਤੇ ਗਰੀਬਾਂ, ਪਛੜੇ ਲੋਕਾਂ ਅਤੇ ਦਲਿਤਾਂ ਖ਼ਿਲਾਫ ਵਿਤਕਰੇ ਨੂੰ ਖਤਮ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ ਉੱਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਗਰੀਬ ਅਤੇ ਅਮੀਰ ਵਿਚਕਾਰ ਫਾਸਲਾ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਰਕੇ ਰੁਜ਼ਗਾਰ ਲਈ ਬਰਾਬਰ ਦੇ ਮੌਕੇ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਦੀ ਲੋੜ ਹੈ।

ਬਾਦਲ ਨੇ ਦੇਸ਼ ਅੰਦਰ ਨੌਜਵਾਨਾਂ ਵਿਚ ਵਧ ਰਹੀ ਬੇਰੁਜ਼ਗਾਰੀ ਦਾ ਵੀ ਹਵਾਲਾ ਦਿੱਤਾ। ਉਹਨਾਂ ਕਿਹਾ ਕਿ ਭਾਵੇਂਕਿ ਸਰਕਾਰਾਂ ਸਾਰਿਆਂ ਨੂੰ ਨੌਕਰੀਆਂ ਨਹੀਂ ਦੇ ਸਕਦੀਆਂ, ਪਰ ਉਹ ਅਜਿਹੇ ਹਾਲਾਤ ਪੈਦਾ ਕਰ ਸਕਦੀਆਂ ਹਨ, ਜਿੱਥੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਉਹਨਾਂ ਦੀ ਰੁਜ਼ਗਾਰ ਦੀ ਯੋਗਤਾ ਵਧਾਈ ਜਾ ਸਕੇ। ਉਹਨਾਂ ਕਿਹਾ ਕਿ ਬੇਰੁਜ਼ਗਾਰੀ ਖ਼ਿਲਾਫ ਜੰਗੀ ਪੱਧਰ ਉੱਤੇ ਲੜਾਈ ਲੜਣ ਦੀ ਲੋੜ ਹੈ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਨਾਲ ਅਮਨ ਅਤੇ ਕਾਨੂੰਨ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਸਾਬਕਾ ਮੁੱਖ ਮੰਤਰੀ ਨੇ ਖੇਤੀ ਨੂੰ ਇੱਕ ਲਾਹੇਵੰਦ ਧੰਦਾ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਮੁਲਕ ਇੱਕ ਬਹੁਤ ਗੰਭੀਰ ਕਿਸਾਨੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇੱਕ ਔਸਤ ਕਿਸਾਨ ਦੀ ਦਸ਼ਾ ਬਹੁਤ ਮਾੜੀ ਹੋ ਚੁੱਕੀ ਹੈ ਅਤੇ ਉਹਨਾਂ ਦਾ ਭਵਿੱਖ ਡਾਵਾਂਡੋਲ ਹੈ। ਇਸ ਖੇਤਰ ਨੂੰ ਸਭ ਤੋਂ ਵੱਡੀ ਪਹਿਲ ਦਿੱਤੇ ਜਾਣ ਦੀ ਲੋੜ ਹੈ।ਆਜ਼ਾਦ ਮੀਡੀਆ ਨੂੰ ਲੋਕਤੰਤਰ ਦੀ ਮੁੱਢਲੀ ਜਰੂਰਤ ਦੱਸਦਿਆਂ ਸਰਦਾਰ ਬਾਦਲ  ਨੇ ਕਿਹਾ ਕਿ ਪ੍ਰੈਸ ਦੀ ਆਜ਼ਾਦੀ ਤੋਂ ਬਿਨਾਂ ਕੋਈ ਵੀ ਲੋਕਤੰਤਰ ਕਾਮਯਾਬ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਲੋਕਤੰਤਰ ਦੇ ਇਸ ਚੌਥੇ ਥੰਮ ਦੀ ਅਜ਼ਾਦੀ ਨੂੰ ਖ਼ਤਰੇ ਖੜ੍ਹੇ ਕੀਤੇ ਜਾ ਰਹੇ ਹਨ। ਇਹ ਚੁਣੌਤੀਆਂ ਮੀਡੀਆ ਦੀ ਜ਼ਮੀਰ ਨੂੰ ਖਰੀਦਣ ਜਾਂ ਡਰਾਉਣ ਦੀਆਂ ਕੋਸ਼ਿਸ਼ਾਂ ਦੇ ਰੂਪ ਵਿਚ ਸਾਹਮਣੇ ਆ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਅਤੇ ਉਹਨਾਂ ਦੀ ਪਾਰਟੀ ਪ੍ਰੈਸ ਦੀ ਅਜ਼ਾਦੀ ਦੀ ਲੜਾਈ ਵਿਚ ਹਮੇਸ਼ਾਂ ਹੀ ਮੋਹਰੀ ਰਹੇ ਹਨ। ਸਰਦਾਰ ਬਾਦਲ ਨੇ ਚੰਡੀਗੜ੍ਹ ਐਡੀਸ਼ਨ ਦੇ ਰੈਜੀਡੈਂਟ ਐਡੀਟਰ ਸ੍ਰੀ ਰਮੇਸ਼ ਵਿਨਾਇਕ  ਦੀ ਖੇਤੀ ਦੇ ਮੁੱਦਿਆਂ ਨੂੰ ਵਧੇਰੇ ਅਹਿਮੀਅਤ ਦੇਣ ਲਈ ਪ੍ਰਸੰਸਾ ਕੀਤੀ। ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਬਾਕੀਆਂ ਨੂੰ ਰਾਸ਼ਟਰੀ ਪੱਧਰ ਉੱਤੇ ਇਸੇ ਲੀਹ ਉੱਤੇ ਚੱਲਣ ਦੀ ਲੋੜ ਹੈ। ਸਰਦਾਰ ਬਾਦਲ ਨੇ ਸ੍ਰੀ ਵਿਨਾਇਕ ਨੂੰ ਐਗਜ਼ੈਕਟਿਵ ਐਡੀਟਰ ਬਣਾਏ ਜਾਣ ਉੱਤੇ ਵਧਾਈ ਦਿੰਦਿਆਂ ਬੇਨਤੀ ਕੀਤੀ ਕਿ ਸਾਨੂੰ ਛੱਡ ਕੇ ਨਾ ਜਾਣ।