5 Dariya News

ਹਰਸਿਮਰਤ ਕੌਰ ਬਾਦਲ ਨੇ ਊਧਮ ਸਿੰਘ ਨਗਰ ਵਿਖੇ ਉੱਤਰਾਖੰਡ ਦੇ ਦੂਜੇ ਮੈਗਾ ਫੂਡ ਪਾਰਕ ਦਾ ਉਦਘਾਟਨ ਕੀਤਾ

5 Dariya News

ਊਧਮ ਸਿੰਘ ਨਗਰ (ਉੱਤਰਾਖੰਡ) 08-Apr-2018

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਉੱਤਰਾਖੰਡ ਦੇ ਦੂਜੇ ਮੈਗਾ ਫੂਡ ਪਾਰਕ ਦਾ ਉਦਘਾਟਨ ਕੀਤਾ। 99ਥ66 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਇਹ ਫੂਡ ਪਾਰਕ ਇਸ ਜ਼ਿਲ੍ਹੇ ਅਤੇ ਗੁਆਂਢੀ ਜ਼ਿਲ੍ਹਿਆਂ ਦੇ ਲਗਭਗ 25 ਹਜ਼ਾਰ ਕਿਸਾਨਾਂ ਨੂੰ ਲਾਭ ਪਹੁੰਚਾਏਗਾ।ਬੀਬੀ ਬਾਦਲ ਨੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਸ਼ਹਿਰ ਕਾਸ਼ੀਪੁਰ ਵਿਚ ਸਥਾਪਤ ਕੀਤੇ ਗਏ ਮੈਸਰਜ਼ ਹਿਮਾਲਿਅਨ ਮੈਗਾ ਫੂਡ ਪਾਰਕ ਪ੍ਰਾਈਵੇਟ ਲਿਮਟਿਡ ਨਾਂ ਦੇ ਇਸ ਫੂਡ ਪਾਰਕ ਦਾ ਉਦਘਾਟਨ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦੀ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ, ਉੱਤਰਾਖੰਡ ਦੇ ਵਿੱਤ ਮੰਤਰੀ ਪ੍ਰਕਾਸ਼ ਪੰਤ ਅਤੇ ਆਵਾਜਾਈ ਮੰਤਰੀ ਯਸ਼ਪਾਲ ਆਰਿਆ ਦੀ ਹਾਜ਼ਰੀ ਵਿਚ ਕੀਤਾ। ਹਰਿਦੁਆਰਾ ਵਿਖੇ ਸਥਾਪਤ ਕੀਤਾ ਗਿਆ ਸੂਬੇ ਦਾ ਪਹਿਲਾ ਫੂਡ ਪਾਰਕ ਪਹਿਲਾਂ ਹੀ ਚਾਲੂ ਹੋ ਚੁੱਕਿਆ ਹੈ।ਇਸ ਪ੍ਰਾਜੈਕਟ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਦੱਸਿਆ ਕਿ 50ਥ14 ਏਕੜ ਦੇ ਰਕਬੇ ਵਿਚ ਸਥਾਪਤ ਕੀਤੇ ਇਸ ਮੈਗਾ ਫੂਡ ਪਾਰਕ ਵਿਚ ਇੱਕ ਕੇਂਦਰੀ ਪ੍ਰੋਸੈਸਿੰਗ ਸੈਂਟਰ ਅਤੇ ਰਾਮ ਨਗਰ, ਰਾਮਗੜ੍ਹ ਅਤੇ ਕਾਲਾਡੁੰਗੀ ਵਿਖੇ ਤਿੰਨ ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ ਹੋਣਗੇ। ਉਹਨਾਂ ਕਿਹਾ ਕਿ ਇਸ ਪਾਰਕ ਵਿਚ ਖੇਤਾਂ ਦੇ ਨੇੜੇ ਪ੍ਰਾਇਮਰੀ ਪ੍ਰੋਸੈਸਿੰਗ ਅਤੇ ਭੰਡਾਰਣ ਦੀਆਂ ਸਹੂਲਤਾਂ ਵੀ ਹੋਣਗੀਆਂ। ਉਹਨਾਂ ਕਿਹਾ ਕਿ ਇਹ ਪਾਰਕ ਸਿਰਫ ਊਧਮ ਸਿੰਘ ਨਗਰ ਦੇ ਕਿਸਾਨਾਂ ਨੂੰ ਹੀ ਨਹੀਂ, ਸਗੋਂ ਨੇੜਲੇ ਜ਼ਿਲ੍ਹਿਆਂ ਨੈਨੀਤਾਲ, ਗੜ੍ਹਵਾਲ, ਅਮਮੋਰਾ ਅਤੇ ਚੰਪਾਵਟ ਦੇ ਕਿਸਾਨਾਂ ਨੂੰ ਵੀ ਲਾਭ ਪਹੁੰਚਾਏਗਾ।ਇਸ ਮੈਗਾ ਫੂਡ ਪਾਰਕ ਦੇ ਸੈਂਟਰਲ ਪ੍ਰੋਸੈਸਿੰਗ ਸੈਂਟਰ ਵਿਖੇ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਵਿਚ 1250 ਮੀਟਰਿਕ ਟਨ ਦੀ ਬਹੁ-ਮੰਤਵੀ ਕੋਲਡ ਸਟੋਰੇਜ, 7500 ਪੈਕ ਪ੍ਰਤੀ ਘੰਟਾ ਦੀ ਅਸੈਪਟਿਕ ਬਰਿੱਕ ਫਿਲਿੰਗ ਲਾਈਨ, 6 ਹਜ਼ਾਰ ਮੀਟਰਿਕ ਟਨ ਦਾ ਡਰਾਈ ਵੇਅਰਹਾਊਸ, ਫ਼ਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਲਾਈਨ (ਟਮਾਟਰ ਦੇ ਪੇਸਟ ਲਈ ਇਨਪੁਟ ਸਮਰੱਥਾ 7 ਮੀਟਰਿਕ ਟਨ ਪ੍ਰਤੀ ਘੰਟਾ, ਸੇਬ ਲਈ 8 ਮੀਟਰਿਕ ਟਨ ਪ੍ਰਤੀ ਘੰਟਾ,ਗਾਜਰ ਲਈ10 ਮੀਟਰਿਕ ਟਨ ਪ੍ਰਤੀ ਘੰਟਾ ਅਤੇ ਫਲਾਂ ਦੀ ਮਿੱਝ ਲਈ 5 ਮੀਟਰਿਕ ਟਨ ਪ੍ਰਤੀ ਘੰਟਾ), ਕਿਊਸੀ ਅਤੇ ਫੂਡ ਟੈਸਟਿੰਗ ਲੈਬ ਅਤੇ ਫੂਡ ਪ੍ਰੋਸੈਸਿੰਗ ਦੀਆਂ ਦੂਜੀਆਂ ਸਹੂਲਤਾਂ ਸ਼ਾਮਿਲ ਹਨ। 

ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਮੈਗਾ ਫੂਡ ਪਾਰਕ ਅੰਦਰ 25-30 ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ 250 ਕਰੋੜ ਰੁਪਏ ਦੇ ਵਾਧੂ ਨਿਵੇਸ਼ ਦੀ ਜਰੂਰਤ ਹੋਵੇਗੀ, ਜਿਸ ਮਗਰੋਂ ਇਸ ਦੀ ਸਾਲਾਨਾ ਕਮਾਈ ਲਗਭਗ 400-500 ਕਰੋੜ ਰੁਪਏ ਹੋ ਜਾਵੇਗੀ। ਉਹਨਾਂ ਕਿਹਾ ਕਿ ਇਹ ਪਾਰਕ 5 ਹਜ਼ਾਰ ਵਿਅਕਤੀਆਂ ਨੂੰ ਸਿੱਧਾ ਅਤੇ ਅਸਿੱਧਾ ਰੁਜ਼ਗਾਰ ਦੇਣ ਤੋਂ ਇਲਾਵਾ ਸੀਪੀਸੀ ਅਤੇ ਪੀਪੀਸੀ ਜਲਗ੍ਰਹਿਣ ਖੇਤਰਾਂ ਵਿਚ 25 ਹਜ਼ਾਰ ਕਿਸਾਨਾਂ ਨੂੰ ਲਾਭ ਪਹੁੰਚਾਏਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਪਾਰਕ ਵਿਚ ਫੂਡ ਪ੍ਰੋਸੈਸਿੰਗ ਲਈ ਤਿਆਰ ਕੀਤਾ ਆਧੁਨਿਕ ਬੁਨਿਆਦੀ ਢਾਂਚਾ ਉੱਤਰਾਖੰਡ ਅਤੇ ਨਾਲ ਲੱਗਦੇ ਇਲਾਕਿਆਂ ਦੇ ਕਿਸਾਨਾਂ, ਉਤਪਾਦਕਾਂ, ਪ੍ਰੋਸੈਸਰਜ਼ ਅਤੇ ਖਪਤਕਾਰਾਂ ਨੂੰ ਲਾਭ ਪਹੁੰਚਾਏਗਾ ਅਤੇ ਉੱਤਰਾਖੰਡ ਸੂਬੇ ਦੇ ਫੂਡ ਪ੍ਰੋਸੈਸਿੰਗ ਸੈਕਟਰ ਦੇ ਵਿਕਾਸ ਲਈ ਇੱਕ ਵੱਡਾ ਹੁਲਾਰਾ ਸਾਬਿਤ ਹੋਵੇਗਾ।ਬੀਬੀ ਬਾਦਲ ਨੇ ਇਹ ਵੀ ਦੱਸਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੂਝਭਰੀ ਅਗਵਾਈ ਤਹਿਤ ਕਿਸ ਤਰ੍ਹਾਂ ਉਹਨਾਂ ਦਾ ਮੰਤਰਾਲਾ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਉੱਤੇ ਧਿਆਨ  ਕੇਂਦਰਿਤ ਕਰ ਰਿਹਾ ਹੈ ਤਾਂ ਕਿ ਖੇਤੀ ਸੈਕਟਰ ਦਾ ਤੇਜ਼ੀ ਨਾਲ ਵਿਕਾਸ ਹੋਵੇ ਅਤੇ ਇਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਸਰਕਾਰ ਦੇ 'ਮੇਕ ਇਨ ਇੰਡੀਆ' ਉਪਰਾਲੇ ਨੂੰ ਕਾਮਯਾਬ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਪਾਵੇ।ਉਹਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲਾ ਫੂਡ ਪ੍ਰੋਸੈਸਿੰਗ ਤੋਂ ਇਲਾਵਾ ਕਲੱਸਰ ਆਧਾਰਿਤ ਪਹੁੰਚ ਰਾਂਹੀ ਮਜ਼ਬੂਤ ਅਗਾਂਹ ਅਤੇ ਪਿਛਾਂਹ ਵਾਲੀਆਂ ਕੜੀਆਂ ਸਮੇਤ ਖੇਤ ਤੋਂ ਬਜ਼ਾਰ ਤਕ ਵੈਲਿਯੂ ਚੇਨ ਖੜ੍ਹੀ ਕਰਨ ਵਾਸਤੇ ਆਧੁਨਿਕ ਬੁਨਿਆਦੀ ਢਾਂਚੇ ਵਾਲੇ ਮੈਗਾ ਫੂਡ ਪਾਰਕ ਤਿਆਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸੈਕਟਰ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਸਕੀਮ ਹੇਠਲੇ ਪ੍ਰਾਜੈਕਟਾਂ ਨੂੰ ਲਾਗੂ ਕਰਕੇ ਆਉਣ ਵਾਲੇ ਸਾਲਾਂ ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਹਾਸਿਲ ਕਰਨ ਵਿਚ ਵੱਡਾ ਯੋਗਦਾਨ ਪਾਵੇਗਾ। ਬੀਬੀ ਬਾਦਲ ਨੇ ਇਸ ਮੈਗਾ ਫੂਡ ਪਾਰਕ ਨੂੰ ਬਣਾਉਣ ਲਈ ਕੀਤੀ ਗਈ ਮੱਦਦ ਵਾਸਤੇ ਉੱਤਰਾਖੰਡ ਦੇ ਮੁੱਖ ਮੰਤਰੀ ਅਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ।