5 Dariya News

ਠੇਕਿਆਂ ਦੇ ਰੇਟ 'ਚ ਭਾਰੀ ਕਮੀ ਕਰਕੇ ਟਰੱਕਾਂ ਦੇ ਕਾਰੋਬਾਰ ਨੂੰ ਤਬਾਹ ਨਾ ਕਰੇ ਕਾਂਗਰਸ ਸਰਕਾਰ : ਸੁਖਬੀਰ ਸਿੰਘ ਬਾਦਲ

5 Dariya News

ਚੰਡੀਗੜ੍ਹ 05-Apr-2018

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਕਣਕ ਦੀ ਢੋਆਈ ਲਈ ਟਰੱਕ ਯੂਨੀਅਨਾਂ ਤੋਂ ਜਬਰਦਸਤੀ ਟੈਂਡਰਾਂ ਦੇ ਰੇਟਾਂ ਵਿਚ ਭਾਰੀ ਕਮੀ ਕਰਵਾ ਕੇ ਪੰਜਾਬ ਵਿਚ ਟਰੱਕਾਂ ਦੇ ਕਾਰੋਬਾਰ ਨੂੰ ਤਬਾਹ ਨਾ ਕਰੇ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸੀ ਆਗੂ ਪੱਲੇਦਾਰ ਯੂਨੀਅਨਾਂ ਨੂੰ ਲੇਬਰ ਦੇ ਠੇਕੇ ਦੇਣ ਬਦਲੇ ਭਾਰੀ ਰਿਆਇਤਾਂ ਦੀ ਮੰਗ ਕਰਕੇ ਉਹਨਾਂ ਨੂੰ ਲੁੱਟ ਰਹੇ ਹਨ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਸਰਕਾਰ ਨੇ ਅਜੇ ਤੀਕ ਖਰੀਦੀ ਕਣਕ ਨੂੰ ਗੋਦਾਮਾਂ ਵਿਚ ਪਹੁੰਚਾਉਣ ਲਈ ਟੈਂਡਰ ਦੇਣ ਦੀ ਪ੍ਰਕਿਰਿਆ ਵੀ ਮੁਕੰਮਲ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਟਰੱਕਾਂ ਵਾਲਿਆਂ ਦੀ ਰੋਜ਼ੀ ਉਤੇ ਅਸਰ ਪੈ ਰਿਹਾ ਹੈ, ਕਿਉਂਕਿ ਇਸ ਮੰਤਵ ਲਈ 70 ਹਜ਼ਾਰ ਤੋਂ ਵਧੇਰੇ ਟਰੱਕ ਇਸਤੇਮਾਲ ਕੀਤੇ ਜਾ ਰਹੇ ਹਨ। ਇਸ ਦਾ ਅਸਰ ਕਿਸਾਨਾਂ ਉੱਤੇ ਵੀ ਪਵੇਗਾ, ਕਿਉਂਕਿ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾ ਹੋਣ ਕਰਕੇ ਉੱਥੇ ਫਸਲ ਦੇ ਅੰਬਾਰ ਲੱਗ ਜਾਣਗੇ, ਇਸ ਨਾਲ ਕਣਕ ਦੀ ਖਰੀਦ ਵਿਚ ਦੇਰੀ ਹੋਵੇਗੀ। ਸਰਕਾਰ ਨੂੰ ਟਰੱਕ ਯੂਨੀਅਨਾਂ ਨਾਲ ਗੱਲ ਕਰਕੇ ਇਸ ਰੇੜਕੇ ਨੂੰ ਤੁਰੰਤ ਖਤਮ ਕਰਨ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਟਰੱਕਾਂ ਵਾਲਿਆਂ ਨੂੰ ਡਰਾ ਧਮਕਾ ਕੇ ਆਪਣੀਆਂ ਸ਼ਰਤਾਂ ਮੰਨਣ ਲਈ ਮਜ਼ਬੂਰ ਕਰ ਰਹੀ ਹੈ। ਉਹਨਾਂ ਕਿਹਾ ਕਿ ਕਣਕ ਅਤੇ ਝੋਨੇ ਦੀ ਢੁਆਈ ਲਈ ਸਾਲ ਵਿਚ ਦੋ ਵਾਰ ਖਰੀਦ ਸੀਜ਼ਨ ਦੌਰਾਨ ਇਸਤੇਮਾਲ ਹੁੰਦੇ 70 ਹਜ਼ਾਰ ਟਰੱਕਾਂ ਵਿਚ ਘੱਟੋ ਘੱਟ 80 ਫੀਸਦੀ ਟਰੱਕਾਂ ਦੇ ਡਰਾਇਵਰ ਹੀ ਉਹਨਾਂ ਦੇ ਮਾਲਕ ਹਨ। ਇਸ ਤੋਂ ਇਲਾਵਾ ਇਹਨਾਂ ਟਰੱਕਾਂ ਦਾ ਹੋਰ ਕਿਤੇ ਇਸਤੇਮਾਲ ਨਹੀਂ ਹੁੰਦਾ, ਕਿਉਂਕਿ ਪੁਰਾਣੇ ਹੋਣ ਕਰਕੇ ਉਹਨਾਂ ਨੂੰ ਢੋਅ-ਢੁਆਈ ਲਈ ਲੰਬੀ ਦੂਰੀ ਉੱਤੇ ਨਹੀਂ ਲਿਜਾਇਆ ਜਾ ਸਕਦਾ। ਇਹ ਟਿੱਪਣੀ ਕਰਦਿਆਂ ਕਿ ਸਰਕਾਰ ਨੇ ਕਿਸਾਨਾਂ ਅਤੇ ਦਲਿਤਾਂ ਲਈ ਕੁੱਝ ਨਹੀਂ ਕੀਤਾ ਹੈ ਅਤੇ ਨਾ ਹੀ ਨੌਜਵਾਨਾਂ ਲਈ ਨੌਕਰੀਆਂ ਪੈਦਾ ਕੀਤੀਆਂ ਹਨ, ਉਹਨਾਂ ਕਿਹਾ ਕਿ ਇਹ ਸਰਕਾਰ ਹੁਣ ਉਹਨਾਂ ਲੋਕਾਂ ਦੀ ਵੀ ਰੋਜ਼ੀ ਖੋਹਣ ਉੱਤੇ ਤੁਲ ਗਈ ਹੈ, ਜਿਹੜੇ ਟਰੱਕਾਂ ਦੇ ਕਾਰੋਬਾਰ ਰਾਂਹੀ ਆਪਣੇ ਪਰਿਵਾਰ ਪਾਲਦੇ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਾਂਗਰਸੀ ਆਗੂ ਲੇਬਰ ਦੇ ਠੇਕਿਆਂ ਵਿਚੋਂ ਕਮਾਈ ਕਰਨ 'ਚ ਲੱਗੇ ਹਨ ਅਤੇ ਸਰਕਾਰ ਅੱਖਾਂ ਮੁੰਦੀ ਬੈਠੀ ਹੈ।  ਉਹਨਾਂ ਇਹਨਾਂ ਠੇਕਿਆਂ ਨੂੰ ਉੱਚੇ ਰੇਟਾਂ ਉੱਤੇ ਆਪਣੇ ਚਹੇਤਿਆਂ ਨੂੰ ਦਿਵਾ ਰਹੇ ਹਨ। ਲੋਕਾਂ ਦਾ ਭਲਾ ਸੋਚਣ ਵਾਲੀ ਸਰਕਾਰ ਇਸ ਤਰ੍ਹਾਂ ਦੀ ਨਹੀਂ ਹੁੰਦੀ। ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਅਤੇ ਉਹਨਾਂ ਟਰੱਕਾਂ ਵਾਲਿਆਂ ਅਤੇ ਮਜ਼ਦੂਰਾਂ ਦਾ ਸਮਰਥਨ ਕਰਦੇ  ਹਾਂ, ਜਿਹੜੇ ਕਾਂਗਰਸੀ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਹਨ।