5 Dariya News

ਸ਼ਾਵਰ ਟੈਕਸ ਅਤੇ ਸਰਚਾਰਜ ਲਗਾ ਕੇ ਕਾਂਗਰਸ ਸਰਕਾਰ ਵੱਲੋਂ ਸਾਰੇ ਵਰਗਾਂ ਦਾ ਲੱਕ ਤੋੜਣ ਦੀ ਤਿਆਰੀ : ਪਰਮਿੰਦਰ ਸਿੰਘ ਢੀਂਡਸਾ

ਪਰਮਿੰਦਰ ਢੀਂਡਸਾ ਨੇ ਕਿਹਾ ਕਿ ਵਾਧੂ ਟੈਕਸਾਂ ਨਾਲ ਆਮ ਆਦਮੀ ਉੱਤੇ 500 ਕਰੋੜ ਰੁਪਏ ਪ੍ਰਤੀ ਮਹੀਨਾ ਬੋਝ ਪਵੇਗਾ

5 Dariya News

ਚੰਡੀਗੜ੍ਹ 29-Mar-2018

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਅਤੇ ਦਲਿਤਾਂ ਨੂੰ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਇਨਕਾਰ ਕਰਨ ਮਗਰੋਂ ਕਾਂਗਰਸ ਸਰਕਾਰ ਹੁਣ ਸਮਾਜ ਭਲਾਈ ਸਰਚਾਰਜ ਅਤੇ ਪੇਸ਼ੇਵਰ ਟੈਕਸ ਦੇ ਨਾਂ ਉੱਤੇ ਵੱਡੇ ਟੈਕਸ ਲਗਾ ਕੇ ਸਮਾਜ ਦੇ ਸਾਰੇ ਵਰਗਾਂ ਦਾ ਲੱਕ ਤੋੜਣ ਦੀ ਤਿਆਰੀ ਕਰ ਲਈ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਪੈਟਰੋਲ, ਡੀਜ਼ਥਲ, ਵਾਹਨਾਂ ਦੀ ਰਜਿਸਟਰੇਸ਼ਨ, ਬਿਜਲੀ ਦੇ ਬਿਲਾਂ ਅਤੇ ਸ਼ਰਾਬ ਉੱਤੇ ਸਰਚਾਰਜ ਲਗਾ ਕੇ ਆਮ ਆਦਮੀ ਦੀ ਰੋਜ਼ੀ ਉੱਤੇ ਲੱਤ ਮਾਰ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੇਸ਼ੇਵਰ ਟੈਕਸ ਦੇ ਨਾਂ ਉੱਤੇ ਸਾਰੇ ਆਮਦਨ ਕਰਦਾਤਿਆਂ ਉੱਤੇ 200 ਰੁਪਏ ਪ੍ਰਤੀ ਮਹੀਨਾ ਵਾਧੂ ਟੈਕਸ ਲਗਾਇਆ ਜਾ ਰਿਹਾ ਹੈ।1500 ਕਰੋੜ ਰੁਪਏ ਦੇ ਪਾਏ ਜਾ ਰਹੇ ਨਵੇਂ ਟੈਕਸਾਂ ਦੇ ਬੋਝ ਬਾਰੇ ਬੋਲਦਿਆਂ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਸਿਰਫ ਪੈਟਰੋਲ ਅਤੇ ਡੀਜ਼ਲ ਉੱਤੇ 2 ਰੁਪਏ ਪ੍ਰਤੀ ਲੀਟਰ ਸਰਚਾਰਜ ਲਗਾਉਣ ਨਾਲ ਦੋ ਪਹੀਆ ਵਾਹਨ ਚਾਲਕਾਂ ਅਤੇ ਚਾਰ ਪਹੀਆ ਵਾਹਨ ਚਾਲਕਾਂ ਉੱਤੇ ਕ੍ਰਮਵਾਰ 100 ਤੋਂ 200 ਕਰੋੜ ਰੁਪਏ ਪ੍ਰਤੀ ਮਹੀਨਾ ਦਾ ਬੋਝ ਪਵੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਆਮ ਆਦਮੀ ਤੋਂ ਬਿਜਲੀ ਸਪਲਾਈ ਉੱਤੇ100 ਕਰੋੜ ਰੁਪਏ ਪ੍ਰਤੀ ਮਹੀਨਾ ਵਸੂਲੇ ਜਾਣਗੇ, ਜੋ ਕਿ ਕੁੱਝ ਹੀ ਸਮਾਂ ਪਹਿਲਾਂ ਬਿਜਲੀ ਦਰਾਂ ਵਿਚ ਕੀਤੇ 10 ਫੀਸਦੀ ਵਾਧੇ ਤੋਂ ਵੱਖਰਾ ਹੋਵੇਗਾ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ 200 ਰੁਪਏ ਪ੍ਰਤੀ ਮਹੀਨਾ ਵਸੂਲੇ ਜਾਣ ਵਾਲੇ ਪੇਸ਼ੇਵਰ ਟੈਕਸ ਨਾਲ ਵੀ ਆਮ ਆਦਮੀ ਉੱਤੇ ਘੱਟੋ-ਘੱਟ 500 ਰੁਪਏ ਪ੍ਰਤੀ ਮਹੀਨਾ ਦਾ ਬੋਝ ਪਵੇਗਾ।

ਸਰਦਾਰ ਢੀਂਡਸਾ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਹੈ। ਦੋ ਪਹੀਆ ਅਤੇ ਚਾਰ ਪਹੀਆ ਵਾਹਨ ਖਰੀਦਣ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਨੂੰ ਵਾਹਨ ਦੀ ਕੀਮਤ ਤੋਂ ਇਲਾਵਾ ਘੱਟੋ ਘੱਟ 1000 ਰੁਪਏ ਤੋਂ 10 ਹਜ਼ਾਰ ਰੁਪਏ ਤਕ ਕ੍ਰਮਵਾਰ ਸਰਚਾਰਜ ਦੇਣਾ ਪਵੇਗਾ। ਇਹ ਰਾਸ਼ੀ ਮਹਿੰਗੇ ਵਾਹਨਾਂ ਦੀ ਖਰੀਦ ਉੱਤੇ ਹੋਰ ਵੀ ਵਧ ਜਾਵੇਗੀ। ਉਹਨਾਂ ਕਿਹਾ ਕਿ ਸ਼ਰਾਬ ਉੱਤੇ ਵਸੂਲੀ ਜਾਂਦੀ ਐਕਸਾਈਜ਼ ਅਤੇ ਲਾਇਸੰਸ ਡਿਊਟੀ  ਉੱਤੇ ਵੀ 10 ਫੀਸਦੀ ਸਰਚਾਰਜ ਲਗਾ ਦਿੱਤਾ ਗਿਆ ਹੈ, ਜਿਸ ਨਾਲ ਸ਼ਰਾਬ ਦੀਆਂ ਕੀਮਤਾਂ ਹੋਰ ਵਧ ਜਾਣਗੀਆਂ।ਇਹ ਟਿੱਪਣੀ ਕਰਦਿਆਂ ਕਿ ਇਹ ਵੱਡੇ ਟੈਕਸ ਕਾਂਗਰਸ ਪਾਰਟੀ ਵੱਲੋਂ ਕੀਤੇ ਚੋਣ ਵਾਅਦਿਆਂ ਨਾਲ ਧੋਖਾਧੜੀ ਹੈ, ਜਿਹਨਾਂ ਵਿਚ ਟੈਕਸ ਘਟਾਉਣ ਦਾ ਭਰੋਸਾ ਦਿਵਾਇਆ ਗਿਆ ਸੀ, ਸਰਦਾਰ ਢੀਂਡਸਾ ਨੇ ਕਿਹਾ ਕਿ ਇਸ ਸਰਕਾਰ ਵੱਲੋਂ ਅਜੇ ਹੋਰ ਟੈਕਸ ਲਗਾਉਣ ਦੀ ਤਿਆਰੀ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵੱਲੋਂ 9000 ਕਰੋੜ ਰੁਪਏ ਦੇ ਵਾਧੂ ਸਰੋਤ ਜੁਟਾਏ ਜਾਣਗੇ। ਇਸ ਦਾ ਅਰਥ ਹੈ ਕਿ ਪੰਜਾਬੀਆਂ ਉੱਤੇ ਹੋਰ ਟੈਕਸਾਂ ਦਾ ਬੋਝ ਪਾਇਆ ਜਾਵੇਗਾ, ਕਿਉਂਕਿ ਸਰਕਾਰ ਵੱਲੋਂ ਵਧਾ ਚੜ੍ਹਾ ਕੇ ਦੱਸੇ ਆਮਦਨ ਅਨੁਮਾਨਾਂ ਦੇ ਬਾਵਜੂਦ ਅਜੇ ਵੀ ਆਮਦਨ ਦਾ 13,500 ਕਰੋੜ ਰੁਪਏ ਦਾ ਪਾੜਾ ਹੈ।ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਇਸ ਲੋਕ-ਵਿਰੋਧੀ ਸਰਕਾਰ ਨੂੰ ਟੈਕਸਾਂ ਨਾਲ ਪੰਜਾਬੀਆਂ ਦਾ ਗਲਾ ਘੁਟਣ ਨਹੀਂ ਦੇਵੇਗਾ। ਇਸ ਸਰਕਾਰ ਨੇ ਆਰਥਿਕਤਾ ਨੂੰ ਸੁਧਾਰਨ ਲਈ ਕੋਈ ਯੋਜਨਾਬੰਦੀ ਨਹੀਂ ਕੀਤੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਵੱਲੋਂ ਲਾਏ ਇਹਨਾਂ ਬੇਰਹਿਮ ਟੈਕਸਾਂ ਨੂੰ ਵਾਪਸ ਕਰਵਾਉਣ ਲਈ ਇੱਕ ਪ੍ਰੋਗਰਾਮ ਲੈ ਕੇ ਆਵਾਂਗੇ ,ਨਹੀਂ ਤਾਂ ਇਹ ਟੈਕਸ ਪੂਰੇ ਸਮਾਜ ਦਾ ਲੱਕ ਤੋੜ ਦੇਣਗੇ।