5 Dariya News

ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਦੋਸ਼ ਸਾਬਿਤ ਕਰਨ ਜਾਂ ਸਿਆਸਤ ਛੱਡਣ ਲਈ ਲਲਕਾਰਿਆ

ਕਿਹਾ ਕਿ ਉਹ ਅਜੇ ਵੀ ਮਨਪ੍ਰੀਤ ਦੇ ਮਾਪਿਆਂ ਦਾ ਆਪਣੇ ਮਾਤਾ-ਪਿਤਾ ਵਾਂਗ ਸਤਿਕਾਰ ਕਰਦੇ ਹਨ

5 Dariya News

ਚੰਡੀਗੜ੍ਹ 29-Mar-2018

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲਲਕਾਰਦਿਆਂ ਕਿਹਾ ਕਿ ਉਹ ਜਾਂ ਤਾਂ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੀ ਅੰਤਿਮ ਅਰਦਾਸ ਮੌਕੇ ਪਾਏ ਭੋਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਲਗਾਏ ਲੰਗਰ ਦੇ ਦੋਸ਼ਾਂ ਨੂੰ ਸਾਬਿਤ ਕਰਨ ਜਾਂ ਫਿਰ ਸਿਆਸਤ ਛੱਡ ਦੇਣ। ਉਹਨਾਂ ਕਿਹਾ ਕਿ ਜੇ ਮਨਪ੍ਰੀਤ ਆਪਣੇ ਇਸ ਦੋਸ਼ ਨੂੰ ਸਾਬਿਤ ਕਰ ਦਿੰਦਾ ਹੈ ਤਾਂ ਮੈਂ ਹਮੇਸ਼ਾਂ ਲਈ ਸਿਆਸਤ ਛੱਡ ਦਿਆਂਗਾ।  ਦੂਜੇ ਪਾਸੇ ਉਸ ਨੂੰ ਜਾਂ ਤਾਂ ਆਪਣੇ ਦੋਸ਼ ਸਾਬਿਤ ਕਰਨੇ ਚਾਹੀਦੇ ਹਨ ਜਾਂ ਫਿਰ ਸਿਆਸਤ ਛੱਡਣ ਦੀ ਹਾਮੀ ਭਰਨੀ ਚਾਹੀਦੀ ਹੈ। ਜੇ ਉਸ ਵਿਚ ਹਿੰਮਤ ਹੈ ਤਾਂ ਮੇਰੀ ਚੁਣੌਤੀ ਸਵੀਕਾਰ ਕਰੇ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਇਹ ਵੇਖ ਕੇ  ਖੁਸ਼ੀ ਹੋਈ ਕਿ ਮਨਪ੍ਰੀਤ ਇੱਕ ਈਰਖਾਲੂ ਵਿਅਕਤੀ ਵਾਂਗ ਬੋਲ ਰਿਹਾ ਸੀ। ਉਹਨਾਂ ਕਿਹਾ ਕਿ ਉਸਦੇ ਬਜਟ ਉੱਤੇ ਸਾਡੇ ਵੱਲੋਂ ਕੀਤੇ ਹਮਲੇ ਦਾ ਜੁਆਬ ਦੇਣ ਦੀ ਥਾਂ ਉਸ ਨੇ ਜ਼ਿਆਦਾਤਰ ਸਮਾਂ ਆਪਣੇ ਉਸ ਮੁਰਸ਼ਦ ਅਤੇ ਪਿਤਾ ਸਮਾਨ ਹਸਤੀ ਸਰਦਾਰ ਪਰਕਾਸ਼ ਸਿੰਘ ਬਾਦਲ ਖਿਲਾਫ ਆਪਣੀ ਭੜਾਸ ਕੱਢਣ ਉੱਤੇ ਖਰਚ ਕੀਤਾ, ਜਿਹਨਾਂ ਨੂੰ ਉਹ ਆਪਣੇ ਸਿਆਸਤ ਵਿਚ ਆਉਣ ਦੀ ਵਜ੍ਹਾ ਮੰਨਦਾ ਹੈ। ਉਹਨਾਂ ਕਿਹਾ ਕਿ ਉਸ ਦੇ ਤਹਿਜ਼ੀਬੀ ਅਤੇ ਮੁਸਕਰਾ1ਉਦੇ ਚਿਹਰੇ ਪਿੱਛੇ ਲੁਕੀ ਕੁੜੱਤਣ ਨੂੰ ਵੇਖਦਿਆਂ ਮੈਂ ਉਮੀਦ ਕਰਦਾ ਹਾਂ ਕਿ ਹੁਣ ਉਹ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਦੱਸੇ ਕਿ ਉਹ ਉਹਨਾਂ ਨਾਲ ਕੀਤੇ ਵਾਅਦਿਆਂ ਬਾਰੇ ਕੀ ਇਰਾਦਾ ਰੱਖਦਾ ਹੈ। ਜਿਹੜਾ ਵਿਅਕਤੀ ਆਪਣੇ ਪਰਿਵਾਰ ਨੂੰ ਧੋਖਾ ਦੇ ਸਕਦਾ ਹੈ, ਉਸ ਲਈ ਕਿਸਾਨਾਂ ਅਤੇ ਪੰਜਾਬ ਦੇ ਦੂਜੇ ਲੋਕਾਂ ਨਾਲ ਧੋਖਾ ਕਰਨਾ  ਮੁਸ਼ਕਿਲ ਨਹੀਂ ਹੋਵੇਗਾ।

ਸਰਦਾਰ ਬਾਦਲ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਕਿਸ ਤਰ੍ਹਾਂ ਬੀਬੀ ਬਾਦਲ ਨੇ ਗਰੀਬਾਂ ਅਤੇ ਸ਼ਰਧਾਲੂਆਂ ਲਈ ਅਣਗਿਣਤ ਲੰਗਰ ਲਗਾਏ ਸਨ। ਇਹ ਕਹਿਣਾ ਕਿ ਉਹਨਾਂ ਦੇ ਆਪਣੇ ਭੋਗ ਉੱਤੇ ਲੰਗਰ ਸ਼੍ਰੋਮਣੀ ਕਮੇਟੀ ਨੇ ਲਾਇਆ ਸੀ, ਇੱਕ ਝੂਠੀ ਅਤੇ ਸ਼ਰਮਨਾਕ ਗੱਲ ਹੈ। ਅਜਿਹਾ ਝੂਠਾ ਅਤੇ ਬੇਬੁਨਿਆਦ ਦੋਸ਼ ਕੋਈ ਸਦਭਾਵਨਾ ਤੋਂ ਕੋਰਾ ਵਿਅਕਤੀ ਹੀ ਲਾ ਸਕਦਾ ਹੈ। ਇੱਕ ਸਖ਼ਤ ਲਹਿਜ਼ੇ ਵਾਲੇ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਇਹ ਦੇਖ ਕੇ ਬੜਾ ਧੱਕਾ ਲੱਗਿਆ ਕਿ ਮਨਪ੍ਰੀਤ ਆਪਣੀ ਨਿਰਾਸ਼ਾ 'ਚ ਇੰਨਾ ਥੱਲੇ ਡਿੱਗ ਗਿਆ ਕਿ ਘਟੀਆ ਫਿਕਰੇਬਾਜ਼ੀ 'ਤੇ ਉੱਤਰ ਆਇਆ। ਮੈਂ ਉਸ ਦੇ ਮਾੜੇ ਵਤੀਰੇ ਦਾ ਜੁਆਬ ਕਦੇ ਵੀ ਉਸ ਦੀ ਭਾਸ਼ਾ ਵਿਚ ਨਹੀਂ ਦੇਵਾਂਗਾ। ਮੈਂ ਅਜੇ ਵੀ ਉਸ ਦੇ ਪਿਤਾ ਦਾਸ ਜੀ ਅਤੇ ਮਾਤਾ ਜੀ ਨੂੰ ਆਪਣੇ ਮਾਪਿਆਂ ਜਿੰਨਾ ਸਤਿਕਾਰ ਦਿੰਦਾ ਹਾਂ।ਮੈਂ ਹਮੇਸ਼ਾਂ ਉਹਨਾਂ ਨੂੰ ਪੂਜਿਆ ਹੈ। ਮੈਂ ਉਹਨਾਂ ਵਿੱਚੋਂ ਕਿਸੇ ਖ਼ਿਲਾਫ ਵੀ ਇੱਕ ਵੀ ਮਾੜਾ ਲਫ਼ਜ਼ ਨਹੀਂ ਬੋਲਾਂਗਾ।ਮੇਰੇ ਧਰਮ ਅਤੇ ਮੇਰੇ ਮਾਪਿਆਂ ਨੇ ਮੈਨੂੰ ਇਹੋ ਸਿੱਖਿਆ ਦਿੱਤੀ ਹੈ। ਮੇਰੇ ਪਿਤਾ ਅਤੇ ਦਾਸ ਜੀ ਨੇ ਵੀ ਮੈਨੂੰ ਇਹੋ ਸਿਖਾਇਆ ਹੈ। ਹੈਰਾਨੀ ਦੀ ਗੱਲ ਹੈ ਕਿ ਮਨਪ੍ਰੀਤ ਵੀ ਇਸੇ ਮਾਹੌਲ ਵਿਚ ਵੱਡਾ ਹੋਇਆ ਸੀ ਅਤੇ ਮੇਰੇ ਨਾਲੋਂ ਵਧੀਆ ਸਕੂਲ ਵਿਚ ਪੜ੍ਹਿਆ ਸੀ। ਮੈਨੂੰ ਨਹੀਂ ਪਤਾ ਉਸ ਦੀ ਸਖ਼ਸ਼ੀਅਤ ਅੰਦਰ ਅਜਿਹੀਆਂ ਹੋਛੀਆਂ ਅਤੇ ਘਟੀਆ ਗੱਲਾਂ ਦਾ ਕਿਵੇਂ ਵਾਸਾ ਹੋ ਗਿਆ।

ਸਰਦਾਰ ਬਾਦਲ ਨੇ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਨੁੰ ਹਮੇਸ਼ਾ ਮੇਰੇ ਨਾਲੋਂ ਵੀ ਵੱਧ ਪਿਆਰ ਨਾਲ ਰੱਖਿਆ ਸੀ। ਸਾਰੀ ਦੁਨੀਆ ਇਹ ਵੀ ਜਾਣਦੀ ਹੈ ਕਿ ਸਰਦਾਰ ਬਾਦਲ ਨੇ ਮਨਪ੍ਰੀਤ ਨੂੰ ਉਂਗਲ ਫੜ ਕੇ ਜ਼ਿੰਦਗੀ ਵਿਚ ਅੱਗੇ ਵਧਣਾ ਸਿਖਾਇਆ ਸੀ। ਉਹਨਾਂ ਨੇ ਮਨਪ੍ਰੀਤ ਦਾ ਸਿਆਸੀ ਕਰੀਅਰ ਸ਼ੁਰੂ ਕਰਾਉਣ ਲਈ ਆਪਣੀ ਗਿੱਦੜਬਾਹਾ ਵਾਲੀ ਸੀਟ ਉਸ ਨੂੰ ਦੇ ਦਿੱਤੀ ਸੀ। ਮੈਂ ਜਦੋਂ ਪੰਜਾਬ ਦੀ ਸਿਆਸਤ ਅੰਦਰ ਅਜੇ ਕੁੱਝ ਵੀ ਨਹੀਂ ਸੀ ਤਾਂ ਮੇਰੇ ਪਿਤਾ ਨੇ ਮਨਪ੍ਰੀਤ ਨੂੰ ਸੂਬੇ ਦਾ ਵਿੱਤ ਮੰਤਰੀ ਬਣਾਇਆ ਸੀ, ਜਿਹੜੀ ਕਿ ਕੈਬਨਿਟ ਅੰਦਰ ਮੁੱਖ ਮੰਤਰੀ ਤੋਂ ਬਾਅਦ ਦੂਜੇ ਨੰਬਰ ਦੀ ਪੁਜ਼ੀਸ਼ਨ ਹੁੰਦੀ ਹੈ। ਹੁਣ ਮਨਪ੍ਰੀਤ ਇਸ ਤਰੀਕੇ ਨਾਲ ਆਪਣੇ ਪਿਤਾ ਸਮਾਨ ਤਾਏ ਦਾ ਕਰਜ਼ਾ ਮੋੜ ਰਿਹਾ ਹੈ।ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਆਪਣੀ ਹੋਰ ਭੱਲ ਬਣਾਉਣ ਲਈ ਮਨਪ੍ਰੀਤ ਨੂੰ ਸ਼ਰੇਆਮ ਇਹ ਐਲਾਨ ਕਰਦਿਆਂ ਵੇਖ ਕੇ ਮੈ ਹੈਰਾਨ ਅਤੇ ਉਦਾਸ ਹੋ ਗਿਆ ਕਿ  ਉਸ ਨੂੰ ਬਾਦਲ ਪਰਿਵਾਰ ਨਾਲ ਗੱਦਾਰੀ ਕਰਨ ਉੱਤੇ ਮਾਣ ਹੈ। ਉਹਨਾਂ ਕਿਹਾ ਕਿ ਜਿਸ ਪਰਿਵਾਰ ਤੋਂ ਉਸ ਨੂੰ ਪਿਆਰ, ਤਾਕਤ ਅਤੇ ਮਾਣ-ਸਨਮਾਨ ਮਿਲਿਆ, ਮਨਪ੍ਰੀਤ ਨੇ ਉਸ ਨਾਲ ਹੋਰ ਵੀ ਭੈੜੇ ਵਿਸਵਾਸ਼ਘਾਤ ਕਰਨ ਦੀ ਧਮਕੀ ਦਿੱਤੀ ਹੈ। ਮੈਂ ਨਹੀਂ ਜਾਣਦਾ ਕਿ ਉਹ ਕਿਵੇਂ ਮਹਿਸੂਸ ਕਰਦਾ ਹੈ, ਪਰ ਜੋ ਕੁੱਝ ਉਸ ਨੇ ਆਪਣੇ ਪਰਿਵਾਰ ਦੇ ਵਡੇਰਿਆਂ ਨਾਲ ਕੀਤਾ ਹੈ ਜਾਂ ਜਿਵੇਂ ਪਰਿਵਾਰ ਨੂੰ ਧੋਖਾ ਦਿੱਤਾ ਹੈ, ਕਿਸੇ ਵੀ ਹੋਰ ਪੇਂਡੂ ਪੰਜਾਬੀ ਵਾਂਗ ਮੈਨੂੰ ਤਾਂ ਅਜਿਹਾ ਕਰਦਿਆਂ ਬਹੁਤ ਸ਼ਰਮ ਆਉਣੀ ਸੀ। ਪਰ ਇਸ ਦੇ ਨਾਲ ਹੀ ਮੈਂ ਉਸ ਨੂੰ ਲਲਕਾਰਦਾ ਹਾਂ ਕਿ ਉਹ ਜਿੰਨਾ ਥੱਲੇ ਡਿੱਗਣਾ ਚਾਹੁੰਦਾ ਹੈ, ਡਿੱਗ ਜਾਵੇ, ਉਹ ਆਪਣੀਆਂ ਹੋਛੀਆਂ ਹਰਕਤਾਂ ਅਤੇ ਝੂਠ ਨਾਲ ਸਾਡਾ ਕੋਈ ਨੁਕਸਾਨ ਨਹੀਂ ਕਰ ਪਾਵੇਗਾ।