5 Dariya News

ਮਹਾਰਾਜਾ ਦੇ ਦਰਬਾਰ 'ਚ ਇੱਕ ਮਸਖਰਾ ਅਤੇ ਰਾਜ ਕਵੀ ਤਾਂ ਹਾਜ਼ਿਰ ਨੇ ਪਰ ਵਿੱਤ ਮੰਤਰੀ ਗੈਰਹਾਜ਼ਿਰ ਹੈ : ਸੁਖਬੀਰ ਸਿੰਘ ਬਾਦਲ

5 Dariya News

ਚੰਡੀਗੜ੍ਹ 27-Mar-2018

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ  ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਿਛਲੇ ਹਫ਼ਤੇ ਪੇਸ਼ ਕੀਤੇ ਬਜਟ ਨੂੰ 'ਚਿੱਟੇ ਝੂਠਾਂ ਦਾ ਕਾਲਾ ਪੁਲੰਦਾ' ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੂੰ ਇੱਕ ਚੰਗੇ ਵਿੱਤ ਮੰਤਰੀ ਦੀ ਜਰੂਰਤ ਹੈ ਪਰ ਇਸ ਦੇ ਪੱਲੇ ਇੱਕ ਮਾੜਾ ਅਕਾਊਂਟੈਂਟ ਪੈ ਗਿਆ ਹੈ। ਉਹਨਾਂ ਕਿਹਾ ਕਿ ਇੱਕ ਚੰਗਾ ਬਜਟ ਅਤੇ ਚੰਗਾ ਵਿੱਤ ਮੰਤਰੀ ਤਾਜ਼ੇ ਅਤੇ ਉਸਾਰੂ ਵਿਚਾਰ ਪੇਸ਼ ਕਰਦੇ ਹਨ। ਦੂਜੇ ਪਾਸੇ ਇੱਕ ਮਾੜਾ ਬਜਟ ਅਤੇ ਮਾੜਾ ਵਿੱਤ ਮੰਤਰੀ ਸਿਰਫ ਅੰਕੜੇ ਪੇਸ਼ ਕਰਦੇ ਹਨ।ਇਹ ਗੱਲ ਸਰਦਾਰ ਬਾਦਲ ਨੇ ਅੱਜ ਸ਼ਾਮੀਂ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਕਹੀ। ਉਹਨਾਂ ਕਿਹਾ ਕਿ ਇਹ ਤਾਂ ਬਜਟ ਹੀ ਨਹੀਂ ਲੱਗਦਾ, ਕਿਉਂਕਿ ਇਸ ਵਿਚ ਸਰਕਾਰ ਦੀ ਕਿਸੇ ਦ੍ਰਿਸ਼ਟੀ ਦੀ ਝਲਕ ਨਹੀਂ ਦਿਸਦੀ, ਨਾ ਹੀ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਉੱਤੇ ਅੱਗੇ ਲਿਜਾਣ ਵਾਸਤੇ ਕੋਈ ਖਾਕਾ ਉਲੀਕਿਆ ਗਿਆ ਹੈ। ਇਸ ਵਿਚ ਸਿਰਫ ਝੂਠੇ ਵਾਅਦਿਆਂ ਅਤੇ ਦਿਸ਼ਾਹੀਣ ਨੀਤੀਆਂ ਬਾਰੇ ਬਿਆਨਬਾਜ਼ੀ ਹੈ। ਇਹ ਬਜਟ  ਤਾਜ਼ੇ ਅਤੇ ਉਸਾਰੂ ਵਿਚਾਰਾਂ ਜਾਂ ਕਿਸੇ ਅਮਲਯੋਗ ਪ੍ਰੋਗਰਾਮ ਜਾਂ ਦ੍ਰਿਸ਼ਟੀ ਤੋਂ ਸੱਖਣਾ ਹੈ। ਇਸ ਵਿਚ ਕੁੱਝ ਵੀ ਨਵਾਂ ਨਹੀਂ ਹੈ, ਕਿਉਂਕਿ ਇਸ ਪਿਛਲੇ ਸਾਲ ਪੇਸ਼ ਕੀਤੇ ਝੂਠੇ ਵਾਅਦਿਆਂ ਅਤੇ ਅੰਕੜਿਆਂ ਨੂੰ ਹੀ ਦੁਹਰਾਉਂਦਾ ਹੈ।ਸਰਦਾਰ ਬਾਦਲ ਨੇ ਕਾਂਗਰਸ ਸਰਕਾਰ ਉੱਤੇ ਤਨਜ਼ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਸੱਚਮੁੱਚ ਹੀ ਪਿਛਲੇ ਸਮਿਆਂ ਵਾਲੇ ਇੱਕ ਮਹਾਰਾਜਾ ਵਾਂਗ ਵਿਵਹਾਰ ਕਰ ਰਿਹਾ ਹੈ। ਪੁਰਾਣੇ ਮਹਾਰਾਜੇ ਆਪਣੇ ਦਰਬਾਰ ਵਿਚ ਇੱਕ ਰਾਜ ਕਵੀ ਅਤੇ ਇੱਕ ਮਸਖਰਾ ਰੱਖਦੇ ਸਨ। ਬਿਨਾਂ ਕਿਸੇ ਦਾ ਨਾਂ ਲੈਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਨਾਲ ਇੱਕ ਕਵੀ ਅਤੇ ਮਸਖਰਾ ਰੱਖੇ ਹਨ, ਪਰ ਕੋਈ ਵਿੱਤ ਮੰਤਰੀ ਨਹੀਂ ਹੈ।ਸਰਦਾਰ ਬਾਦਲ ਨੇ ਕਿਹਾ ਕਿ ਇਸ ਬਜਟ ਵਿਚ ਸਿਰਫ ਇਕਬਾਲ ਵਰਗੇ ਭਾਰਤ-ਵਿਰੋਧੀ ਕਵੀਆਂ ਦੀ ਸ਼ਾਇਰੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਿਹੜੇ ਇਸ ਮੁਲਕ ਦੇ ਦੋ ਹਿੱਸੇ ਕਰਵਾਉਣ ਵਾਲਿਆਂ ਵਿਚ ਸਨ। ਉਹਨਾਂ ਕਿਹਾ ਕਿ ਇਕਬਾਲ ਅਤੇ ਜਿਨਾਹ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ਵਿਚ ਭਿੜਾਇਆ ਸੀ। ਮਨਪ੍ਰੀਤ ਸਿੰਘ ਵੀ ਭਰਾਵਾਂ ਨੂੰ ਆਪਸ ਵਿਚ ਲੜਾਉਣ ਵਿਚ ਮਾਹਿਰ ਹੈ, ਇਸ ਕਰਕੇ ਉਹ ਸਾਡੇ ਹਰਮਨ ਪਿਆਰੇ ਸ਼ਾਇਰਾਂ ਟੈਗੋਰ, ਗੁਲਜ਼ਾਰ ਅਤੇ ਪ੍ਰੋਫੈਸਰ ਮੋਹਨ ਸਿੰਘ ਦੀ ਥਾਂ ਵੰਡੀਆਂ ਪਵਾਉਣ ਵਾਲੇ ਸ਼ਾਇਰਾਂ ਦਾ ਮੁਰੀਦ ਹੈ।ਸਰਦਾਰ ਬਾਦਲ ਨੇ ਕਿਹਾ ਕਿ ਅਰਥ-ਵਿਵਸਥਾ ਬਜ਼ਾਰ ਦੀ ਧਾਰਨਾ ਅਨੁਸਾਰ ਚੱਲਦੀ ਹੈ। ਸਰਕਾਰ ਅਤੇ ਇਸ ਦਾ ਵਿੱਤ ਮੰਤਰੀ ਆਪਣੇ ਦੁਰਪ੍ਰਚਾਰ ਰਾਂਹੀ ਮਾਰਕੀਟ ਨੂੰ ਤਬਾਹ ਕਰ ਰਹੇ ਹਨ, ਕਿਉਂਕਿ ਇਸ ਨਾਲ ਪੰਜਾਬ ਵਿਚ ਨਿਵੇਸ਼ ਨੂੰ ਸੱਟ ਵੱਜਦੀ ਹੈ।

ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਦੇ ਵਿਕਾਸ ਲਈ ਇੱਕ ਰੁਪਏ ਦੀ ਗਰਾਂਟ ਵੀ ਜਾਰੀ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਇਹ ਕਹਿੰਦਾ ਹੁੰਦਾ ਸੀ ਕਿ ਉਹ ਹਰ ਸਾਲ ਇੱਕ ਇੰਡਸਟਰੀ ਸੂਬੇ ਅੰਦਰ ਲੈ ਕੇ ਆਵੇਗਾ। ਉਹ ਇੰਡਸਟਰੀ ਹੁਣ ਕਿੱਥੇ ਹੈ? ਉਹਨਾਂ ਕਿਹਾ ਕਿ ਇਹ ਸਭ ਇਸ ਲਈ ਵਾਪਰਿਆ ਹੈ, ਕਿਉਂਕਿ ਮੁੱਖ ਮੰਤਰੀ ਹਰ ਰੋਜ਼ ਖਾਲੀ ਖਜ਼ਾਨੇ ਦਾ ਰਾਗ ਅਲਾਪਦਾ ਰਹਿੰਦਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਹੁਣ ਸਥਿਤੀ ਇੰਨੀ ਮਾੜੀ ਹੈ ਕਿ ਸਰਕਾਰ ਨੇ ਸਕੂਲੀ ਵਿਦਿਆਰਥਣਾਂ ਨੂੰ ਸਾਇਕਲ, ਸ਼ਗਨ ਸਕੀਮ, ਦਲਿਤਾਂ ਨੂੰ ਵਜ਼ੀਫੇ ਅਤੇ ਸਪੋਰਟਸ ਕਿੱਟਾਂ ਵਰਗੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਤੇ ਕਬੱਡੀ ਵਰਲਡ ਕੱਪ  ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਵੀ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਕੰਮ ਦੀ ਪ੍ਰਸੰਸਾ ਕਰ ਚੁੱਕੇ ਹਨ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਨਤਕ ਤੌਰ ਤੇ ਇਹ ਗੱਲ ਕਬੂਲੀ ਹੈ ਕਿ  ਅਕਾਲੀ-ਭਾਜਪਾ ਦੁਆਰਾ ਬਣਾਈਆਂ ਗਈਆਂ ਯਾਦਗਾਰਾਂ ਦੁਨੀਆਂ ਭਰ ਵਿਚ ਵਿਲੱਖਣ ਹਨ। ਉਹਨਾਂ ਕਿਹਾ ਕਿ ਅੱਜ ਵੀ ਮੁੱਖ ਮੰਤਰੀ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਨੌਜਵਾਨਾਂ ਨੂੰ ਭਾਰਤੀ ਫੌਜ ਵਿਚ ਅਫਸਰ ਬਣਨ ਦੀ ਸਿਖਲਾਈ ਦੇਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਇੰਸਟੀਚਿਊਟ ਸ਼ੁਰੂ ਕਰਨ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ ਸੀ।ਪਿਛਲੇ ਸਾਲ ਦੇ ਬਜਟ ਦਾ ਇਸ ਸਾਲ ਨਾਲ ਮੁਲੰਕਣ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਸਾਲ ਬਜਟ ਵਿਚ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਦੇ ਬਜਟ ਵਿਚ ਬੈਂਚਾਂ ਵਾਸਤੇ 28 ਕਰੋੜ ਰੁਪਏ ਰੱਖੇ ਗਏ ਸਨ, ਪਰ ਉਸ ਉੱਤੇ ਕੋਈ ਕਾਰਵਾਈ ਨਹੀਂ ਹੋਈ, ਹੁਣ ਉਹ ਪੈਸਾ ਫਰਨੀਚਰ ਲਈ ਰਾਂਖਵਾਂ ਕਰ ਦਿੱਤਾ ਗਿਆ ਹੈ।  ਉਹਨਾਂ ਕਿਹਾ ਕਿ ਇਸੇ ਤਰ੍ਹਾਂ ਪਿਛਲੇ ਸਾਲ 5 ਨਵੇਂ ਡਿਗਰੀ ਕਾਲਜ ਵਾਸਤੇ ਫੰਡ ਰੱਖੇ ਗਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਇਸ ਸਾਲ ਦੇ ਬਜਟ ਵਿਚ 10 ਡਿਗਰੀ ਕਾਲਜਾਂ ਵਾਸਤੇ ਪੈਸਾ ਰਾਂਖਵਾਂ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਪਿਛਲੇ ਸਾਲ ਪਟਿਆਲਾ ਵਿਚ ਯੂਨੀਵਰਸਿਟੀ ਆਫ ਸਪੋਰਟਸ ਪ੍ਰੋਮੋਸ਼ਨ ਸਥਾਪਤ ਕਰਨ ਲਈ ਰਾਸ਼ੀ ਰੱਖੀ ਗਈ ਸੀ, ਅਤੇ ਹੁਣ ਐਂਤਕੀ ਬਜਟ ਵਿਚ ਪਟਿਆਲਾ ਲਈ ਸਪੋਰਟਸ ਯੂਨੀਵਰਸਿਟੀ ਦਾ ਐਲਾਨ ਕਰ ਦਿੱਤਾ ਗਿਆ ਹੈ।ਇਸ ਬਾਰੇ ਹੋਰ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪਿਛਲੇ ਬਜਟ ਵਿਚ ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ ਵਾਸਤੇ 10 ਕਰੋੜ ਰੁਪਏ ਰਾਂਖਵੇ ਰੱਖੇ ਗਏ ਸਨ, ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਇਸ ਮੁੱਦੇ ਨੂੰ ਭੁਲਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਮੁਹਾਲੀ ਵਿਚ ਦੁਬਾਰਾ ਮੈਡੀਕਲ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗਰੀਬਾਂ ਨੂੰ ਚੀਨੀ ਦੇ ਨਾਲ ਚਾਹ ਪੱਤੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇਸ ਨੂੰ ਪੂਰਾ ਨਹੀਂ ਕੀਤਾ ਗਿਆ। ਇਹੀ ਹਾਲ ਅੰਮ੍ਰਿਤਸਰ ਵਿਖੇ ਸ਼ਾਮ ਸਿੰਘ ਅਟਾਰੀਵਾਲਾ ਆਰਮਡ ਫੋਰਸਿਜ਼ ਇੰਸਟੀਚਿਊਟ ਸਥਾਪਤ ਕਰਨ ਦੇ ਵਾਅਦੇ ਦਾ ਹੋਇਆ ਹੈ।