5 Dariya News

ਕਾਂਗਰਸ ਸਰਕਾਰ ਨੇ ਪੰਜਾਬ ਦੇ ਮੁੱਦਿਆਂ ਉੱਤੇ ਪੂਰੀ ਤਰ੍ਹਾਂ ਗੋਡੇ ਟੇਕੇ : ਬਿਕਰਮ ਸਿੰਘ ਮਜੀਠੀਆ

5 Dariya News

ਚੰਡੀਗੜ੍ਹ 26-Mar-2018

ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਦੀਆਂ ਵਿਰੋਧੀਆਂ ਦੀ ਆਵਾਜ਼ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੰਸੀ ਦੀ ਯਾਦ ਦਿਵਾ ਦਿੱਤੀ ਹੈ।ਅੱਜ ਵਿਧਾਨ ਸਭਾ ਗੈਲਰੀ ਵਿਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸੀਆਂ ਨੇ ਉਹਨਾਂ ਦੀ ਰਾਜਪਾਲ ਦੇ ਭਾਸ਼ਣ ਉੱਤੇ ਤਕਰੀਰ ਦੌਰਾਨ 20 ਤੋਂ ਵੱਧ ਵਾਰੀ ਖ਼ਲਲ ਪਾਇਆ ਤਾਂ ਕਿ ਉਹਨਾਂ ਨੂੰ ਸੂਬੇ ਦੇ ਮੁੱਖ ਮੁੱਦੇ ਉਠਾਉਣ ਅਤੇ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਨੌਜਵਾਨਾਂ ਨਾਲ ਕੀਤੀ ਵਾਅਦਾ-ਖਿਲਾਫੀ ਦਾ ਪਰਦਾਫਾਸ਼ ਕਰਨ ਤੋਂ ਰੋਕਿਆ ਜਾ ਸਕੇ।ਸਰਦਾਰ ਮਜੀਠੀਆ ਨੇ ਕਿਹਾ ਕਿ ਜਦੋਂ ਉਹਨਾਂ ਨੇ ਰਾਜਪਾਲ ਦੇ ਭਾਸ਼ਣ ਵਿਚੋਂ ਗਾਇਬ ਰਹੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ  ਇਲਾਕਿਆਂ ਨੂੰ ਸੂਬੇ ਵਿਚ ਸ਼ਾਮਿਲ ਕਰਨ ਅਤੇ 1984 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਸਮੇਤ ਪੰਜਾਬ ਦੇ ਲਟਕਦੇ ਮੁੱਦਿਆਂ ਉੱਤੇ ਸਰਕਾਰ ਵੱਲੋਂ ਗੋਡੇ ਟੇਕ ਦੇਣ ਦਾ ਮੁੱਦਾ ਉਠਾਇਆ ਤਾਂ ਕਾਂਗਰਸੀ ਔਖੇ-ਭਾਰੇ ਹੋ ਗਏ ਅਤੇ ਉਹਨਾਂ ਦੀ ਤਕਰੀਰ ਵਿਚ ਖ਼ਲਲ ਪਾਉਣ ਲੱਗੇ।ਅਕਾਲੀ ਆਗੂ ਨੇ ਕਿਹਾ ਕਿ ਜਦੋਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਲਿਖ਼ਤੀ ਹਲਫੀਆ ਬਿਆਨ ਦੇ ਕੇ 90 ਹਜ਼ਾਰ ਕਰੋੜ ਰੁਪਏ ਦੇ ਖੇਤੀ ਕਰਜ਼ੇ ਮੁਆਫ ਕਰਨ ਦਾ ਮੁੱਦਾ ਉਠਾਇਆ ਤਾਂ ਕਾਂਗਰਸੀ ਹੋਰ ਪ੍ਰੇਸ਼ਾਨ ਹੋ ਗਏ। ਉਹਨਾਂ ਕਿਹਾ ਕਿ ਮੈਂ ਕਾਂਗਰਸੀਆਂ ਨੂੰ ਆਖਿਆ ਕਿ ਉਹ ਕਿਉਂ 329 ਕਰੋੜ ਰੁਪਏ ਦੀ ਕਰਜ਼ਾ-ਮੁਆਫੀ ਦੀਆਂ ਫੜ੍ਹਾਂ ਮਾਰ ਰਹੇ ਹਨ ਜਦਕਿ ਮੁੱਖ ਮੰਤਰੀ ਨੇ ਰਾਸ਼ਟਰੀ, ਸਹਿਕਾਰੀ ਬੈਂਕਾਂ ਅਤੇ ਆੜ੍ਹਤੀਆਂ ਕੋਲੋਂ ਲਏ 90 ਹਜ਼ਾਰ ਕਰੋੜ ਰੁਪਏ ਸਾਰੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਇਹ ਸਥਿਤੀ ਹੋ ਗਈ ਸੀ ਕਿ ਕਰਜ਼ਾ ਮੁਆਫੀ ਸਕੀਮ ਦੇ ਮੁੱਖ ਚਿਹਰੇ ਬੁੱਧ ਸਿੰਘ , ਜਿਸ ਦੀ ਕੈਪਟਨ ਅਮਰਿੰਦਰ ਨਾਲ ਕਾਂਗਰਸ ਦੇ ਇਸ਼ਤਿਹਾਰਾਂ ਵਿਚ ਫੋਟੋ ਛਾਪੀ ਗਈ ਸੀ, ਨੂੰ ਵੀ ਕਰਜ਼ਾ ਮੁਆਫੀ ਦਾ ਲਾਭ ਨਹੀਂ ਸੀ ਦਿੱਤਾ ਗਿਆ। 

ਉਹਨਾਂ ਕਿਹਾ ਕਿ ਇੱਥੋਂ ਤਕ ਕੁਰਕੀ ਖਤਮ ਕਰਨ ਦਾ ਵਾਅਦਾ ਵੀ ਝੂਠਾ ਹੈ, ਕਿਉਂਕਿ ਮੁੱਖ ਮੰਤਰੀ ਸਦਨ ਵਿਚ ਇਹ ਗੱਲ ਸਵੀਕਾਰ ਕਰ ਚੁੱਕੇ ਹਨ ਕਿ 1986 ਤੋਂ ਬਾਅਦ ਪੰਜਾਬ ਵਿਚ ਕੋਈ ਕੁਰਕੀ ਨਹੀਂ ਹੋਈ ਹੈ। ਪਰੰਤੂ  ਸਰਕਾਰ ਵੱਲੋਂ ਹਾਈਕੋਰਟ ਵਿਚ ਇਹ ਬਿਆਨ ਦੇਣ ਨਾਲ ਕਿ ਉਹ ਇਸ ਦੇ ਖ਼ਿਲਾਫ ਨਹੀਂ ਹੈ, ਇਸ ਨੇ ਸੱਚ ਹੋ ਜਾਣਾ ਹੈ।ਸਰਦਾਰ ਮਜੀਠੀਆ ਨੇ ਕਿਹਾ ਕਿ ਸਿਰਫ ਇਹੀ ਨਹੀ ਹੈ। ਕਾਂਗਰਸੀਆਂ ਨੂੰ ਉਹਨਾਂ 400 ਕਿਸਨਾਂ ਦੇ ਪਰਿਵਾਰਾਂ ਦੇ ਦੁੱਖਾਂ ਦੀ ਭੋਰਾ ਪਰਵਾਹ ਨਹੀਂ ਹੈ, ਜਿਹੜ ਖੁਦਕੁਸ਼ੀਆਂ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਇਹਨਾਂ ਪਰਿਵਾਰਾਂ ਨੂੰ ਨਾ ਤਾਂ ਵਾਅਦੇ ਮੁਤਾਬਿਕ 10 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਹੈ ਅਤੇ ਨਾ ਹੀ ਸਰਕਾਰੀ ਨੌਕਰੀ ਮਿਲੀ ਹੈ। ਅਕਾਲੀ ਆਗੂ ਨੇ ਕਿਹਾ ਕਿ ਉਹਨਾਂ ਨੇ ਕਾਂਗਰਸ ਸਰਕਾਰ ਕੋਲੋਂ ਇਹ ਵੀ ਪੁੱਛਿਆ ਸੀ ਕਿ ਇਹ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਿਉਂ ਨਹੀਂ ਕਰ ਰਹੀ ਹੈ ਜਦਕਿ ਇਸ ਨੇ ਮਾਰਕੀਟ ਫੀਸ ਅਤੇ ਪੇਂਡੂ ਵਿਕਾਸ ਫੰਡ ਵਿਚ ਵਾਧਾ ਕਰਕੇ 900 ਕਰੋੜ ਰੁਪਏ ਦਾ ਟੈਕਸ ਇਕੱਠਾ ਕਰ ਲਿਆ ਹੈ। ਇਹ ਪੁੱਛਦਿਆਂ ਕਿ ਇਹ ਸਾਰਾ ਪੈਸਾ ਕਿੱਥੇ ਗਿਆ, ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਸ ਵਿਚੋਂ ਕਰਜ਼ਾ ਮੁਆਫੀ ਦੀ ਸ਼ਕਲ ਵਿਚ ਸਿਰਫ 329 ਕਰੋੜ ਰੁਪਏ ਦਿੱਤੇ ਗਏ ਹਨ।ਸਰਦਾਰ ਮਜੀਠੀਆ ਨੇ ਸਰਕਾਰ ਦੀ ਹਰ ਘਰ ਵਿਚ ਨੌਕਰੀ ਦੇਣ ਦੇ ਵਾਅਦੇ ਤੋਂ ਮੁਕਰਨ ਲਈ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਸਰਕਾਰ ਵੱਲੋਂ ਡੰਡੇ ਨਾਲ ਦਬਾਏ ਜਾ ਰਹੇ ਠੇਕੇ ਉੱਤੇ ਭਰਤੀ ਕੀਤੇ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ ਦਾ ਅਕਾਲੀ ਦਲ ਪੂਰੀ ਤਰ੍ਹਾਂ ਸਮਰਥਨ ਕਰੇਗਾ।