5 Dariya News

ਪੰਜਾਬ 'ਚੋਂ ਨਸ਼ਿਆਂ ਦੇ ਖਾਤਮੇ ਸਬੰਧੀ ਮੁੱਖ ਸਕੱਤਰ ਨੇ ਪੰਜਾਬ ਸਿਵਲ ਸਕੱਤਰੇਤ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਚੁਕਾਈ ਸਹੁੰ

5 Dariya News

ਚੰਡੀਗੜ੍ਹ 23-Mar-2018

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਸਬੰਧੀ ਸਹੁੰ ਚੁਕਾਈ। ਇਸ ਮੌਕੇ ਬਹੁਤ ਸਾਰੇ ਸੀਨੀਅਰ ਆਈ.ਏ.ਐਸ ਅਧਿਕਾਰੀ ਵੀ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਪਹਿਲਾਂ ਹੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦਾ ਗਠਨ ਕੀਤਾ ਹੋਇਆ ਹੈ ਅਤੇ ਹੁਣ ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ 'ਨਸ਼ਾ ਰੋਕੂ ਅਫਸਰ ਪ੍ਰੋਗਰਾਮ' ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਹਰੇਕ ਪੰਜਾਬ ਵਾਸੀ, ਪੰਜਾਬ ਸਰਕਾਰ ਦੇ ਸਮੂਹ ਅਧਿਕਾਰੀ/ਕਰਮਚਾਰੀ ਅਤੇ ਬਾਕੀ ਸਭ ਲੋਕ ਇਹ ਪ੍ਰਣ ਕਰਨ ਕਿ ਨਾ ਤਾਂ ਉਹ ਖੁਦ ਕਿਸੇ ਨਸ਼ੇ ਦਾ ਸੇਵਨ ਕਰਨਗੇ ਅਤੇ ਨਾ ਹੀ ਆਪਣੇ ਆਲੇ-ਦੁਆਲੇ ਕਿਸੇ ਨੂੰ ਨਸ਼ਿਆਂ ਦੀ ਦਲਦਲ ਵਿਚ ਡਿੱਗਣ ਦੇਣਗੇ।ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਖਾਤਮੇ ਦੀ ਸਹੁੰ ਚੁੱਕਣ ਵਾਲੇ ਨੂੰ ਨਿਯਮਾਂ ਤਹਿਤ 'ਨਸ਼ਾ ਰੋਕੂ ਅਫਸਰ' ਐਲਾਨਿਆ ਜਾਵੇਗਾ ਅਤੇ ਉਹ ਨਸ਼ਿਆਂ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਬਾਰੇ ਆਮ ਲੋਕਾਂ ਨੂੰ ਜਾਣੂੰ ਕਰਵਾਏਗਾ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵੀ ਦੱਸਿਆ ਜਾਵੇਗਾ ਤਾਂ ਜੋ ਯੁਵਾ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਇਕ ਤੰਦਰੁਸਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਬੁਲਾਰੇ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਇਸ ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ ਦਾ ਮਕਸਦ ਇਨ੍ਹਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਜਲੀ ਦੇਣਾ ਹੈ ਅਤੇ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਉਨ੍ਹਾਂ ਦੱਸਿਆ ਕਿ 23 ਮਾਰਚ ਦੇ ਸ਼ਹੀਦਾਂ ਦੇ ਦਿਵਸ ਨੂੰ ਯੁਵਾ ਸਸ਼ਕਤੀਕਰਨ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਹੁਣ ਤੋਂ ਇਸ ਦਿਹਾੜੇ ਨੂੰ ' ਨੌਜਵਾਨ ਸਸ਼ਕਤੀਕਰਨ ਦਿਵਸ' ਵੱਜੋਂ ਮਨਾਇਆ ਜਾਂਦਾ ਰਹੇਗਾ।