5 Dariya News

ਵਿਸ਼ਵ ਜਲ ਦਿਵਸ ਮੌਕੇ ਸੰਤ ਸੀਚੇਵਾਲ ਵੱਲੋਂ ਵਰਤੇ ਪਾਣੀਆਂ ਨੂੰ ਮੁੜ ਵਰਤਣ ਦਾ ਸੱਦਾ

ਰੇਲਵੇ ਸ਼ਟੇਸ਼ਨ 'ਤੇ ਦੂਜਾ ਆਰਜੀ ਟਰੀਟਮੈਂਟ ਪਲਾਂਟ ਇਤਿਹਾਸਕ ਨਗਰੀ ਨੂੰ ਸਮਰਪਿਤ

5 Dariya News (ਕੁਲਜੀਤ ਸਿੰਘ)

ਸੁਲਤਾਨਪੁਰ ਲੋਧੀ 22-Mar-2018

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਪਿੱਛਲੇ ਦੋ  ਦਹਾਕਿਆਂ ਤੋਂ ਸੰਘਰਸ਼ ਕਰ ਰਹੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਇਤਿਹਾਸਕ ਨਗਰੀ ਵਿੱਚ ਆਰਜੀ ਟਰੀਮੈਂਟ ਪਲਾਂਟ ਬਣਾ ਕੇ ਰੇਲਵੇ ਸ਼ਟੇਸ਼ਨ ਇਲਾਕੇ ਦੀ ਹਾਲਤ ਸੁਧਾਰ ਦਿੱਤੀ ਹੈ।ਵਰਤੇ ਪਾਣੀਆਂ ਨੂੰ ਮੁੜ ਵਰਤੋਂ ਵਿੱਚ ਲਿਆਉਣ ਦੀ ਵਿਧੀ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਰੇਲਵੇ ਸ਼ਟੇਸ਼ਨ 'ਤੇ ਸਥਾਪਿਤ ਕੀਤੇ ਗਏ ਦੂਜੇ ਆਰਜ਼ੀ ਟਰੀਟਮੈਂਟ ਪਲਾਂਟ ਦੀ ਸ਼ੁਰੂਆਤ ਕਰਦਿਆ ਸੰਤ ਸੀਚੇਵਾਲ ਨੇ ਸੁਲਤਾਨਪੁਰ ਲੋਧੀ ਦੀ ਐਸ.ਡੀ.ਐਮ ਸ੍ਰੀਮਤੀ ਚਾਰੂ ਮੀਤਾ ਨੂੰ ਮੌਕੇ 'ਤੇ ਲਿਜਾ ਕੇ ਦਿਖਾਇਆ ਕਿ ਜਿਹੜਾ ਗੰਦਾ ਪਾਣੀ ਰੇਲਵੇ ਸ਼ਟੇਸ਼ਨ ਦੇ ਇਲਾਕੇ ਲਈ ਸ਼ਰਾਪ ਬਣਿਆ ਹੋਇਆ ਸੀ ਉਸ ਨੂੰ ਕਿਵੇਂ ਟਰੀਟ ਕੀਤਾ ਜਾ ਰਿਹਾ ਹੈ।ਵਰਤੇ ਗਏ ਪਾਣੀ ਦੀ ਮੁੜ ਵਰਤੋਂ 'ਤੇ ਜ਼ੋਰ ਦਿੰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ 'ਵਿਸ਼ਵ ਜਲ ਦਿਵਸ' ਨੂੰ ਸਹੀ ਅਰਥਾਂ ਵਿੱਚ ਮਨਾਉਣ ਦਾ ਤਦ ਹੀ ਲਾਭ ਮਿਲੇਗਾ ਜਦੋਂ ਇਸ ਨੂੰ ਰੋਜ਼ਾਨਾ ਦੀ ਜਿੰਦਗੀ ਵਿੱਚ ਢਾਲ ਲਈਏ।ਪਾਣੀ ਨੂੰ ਰੋਜ਼ਾਨਾ ਹੀ ਗੰਦਾ ਹੋਣ ਤੋਂ ਬਚਾਉਣ ਦੀ ਸਖਤ ਲੋੜ ਹੈ।ਰੇਲਵੇ ਦੀ ਜ਼ਮੀਨ 'ਤੇ  ਇਸ ਟਰੀਟਮੈਂਟ ਪਲਾਂਟ ਨੂੰ ਹੋਂਦ ਵਿੱਚ ਲਿਆਉਣ ਲਈ ਦੋ ਢਾਈ ਸਾਲ ਦਾ ਸਮਾਂ ਲੱਗ ਗਿਆ ਸੀ ਕਿਉਕਿ ਇਹ ਹਿੱਸਾ ਬਹੁਤ ਜ਼ਿਆਦਾ ਗੰਦਗੀ ਨਾਲ ਭਰਿਆ ਹੋਇਆ ਸੀ।ਪਿੱਛਲੇ ਕਈ ਦਹਾਕਿਆਂ ਤੋਂ ਅੱਧੇ ਸ਼ਹਿਰ ਦਾ ਗੰਦਾ ਪਾਣੀ ਇੱਥੇ ਹੀ ਇੱਕਠਾ ਹੁੰਦਾ ਸੀ ਜੋ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਸੀ।ਰੇਲਵੇ ਸ਼ਟੇਸ਼ਨ ਦੇ ਦੋਵੇਂ ਪਾਸੀ ਬਣਾਏ ਆਰਜ਼ੀ ਟਰੀਟਮੈਂਟ ਪਲਾਂਟ ਬਣਾਏ ਗਏ ਹਨ।ਇੰਨ੍ਹਾਂ ਦਾ ਸੋਧਿਆ ਹੋਇਆ ਗੰਦਾ ਪਾਣੀ ਰੇਲਵੇ ਸ਼ਟੇਸ਼ਨ ਦੇ ਕਰੀਬ ੩੫ ਏਕੜ ਵਿੱਚ ਲਾਏ ਗਏ ਰੁੱਖਾਂ ਨੂੰ ਲਾਇਆ ਜਾ ਰਿਹਾ ਹੈ। ਰੇਲਵੇ ਸ਼ਟੇਸ਼ਨ 'ਤੇ ਵਿਸ਼ਵ ਜਲ ਦਿਵਸ ਨੂੰ ਸਮਰਪਿਤ ੧੦੦ ਦੇ ਕਰੀਬ ਬੂਟੇ ਵੀ ਲਾਏ ਗਏ।