ਕਿਸਾਨਾਂ ਨੂੰ ਆਧੁਨਿਕ ਖੇਤੀਬਾੜ੍ਹੀ ਦੀ ਮਸ਼ੀਨਰੀ ਖਰੀਦਣ ਤੇ 60 ਲੱਖ 08 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ : ਚਰਨਦੇਵ ਸਿੰਘ ਮਾਨ
ਕਿਸਾਨਾਂ ਨੂੰ ਘੱਟ ਕਿਰਾਏ ਤੇ ਖੇਤੀ ਮਸ਼ੀਨਰੀ ਮੁਹੱਈਆ ਕਰਾਉਣ ਲਈ 02 ਫਾਰਮਰਜ਼ ਮਸ਼ੀਨਰੀ ਬੈਂਕ ਖੋਲੇ ਜਾਣਗੇ
5 Dariya News
ਐਸ.ਏ.ਐਸ. ਨਗਰ (ਮੁਹਾਲੀ) 21-Mar-2018
ਜ਼ਿਲ੍ਹੇ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਜਿਸ ਵਿਚ ਖਾਸ ਤੌਰ ਤੇ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਸ਼ਾਮਿਲ ਹੈ, ਨੂੰ ਅੱਗ ਲਗਾ ਕੇ ਨਾ ਸਾੜਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉੱਥੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਆਧੁਨਿਕ ਖੇਤੀਬਾੜ੍ਹੀ ਮਸ਼ੀਨਰੀ ਜਿਸ ਵਿਚ ਪੈਡੀ ਸਟਰਾਅ ਚੌਪਰ/ਮਲਚਰ ਸਬ-ਸੁਆਇਲਰ, ਸੂਪਰਸਟਰਾਅ ਮਨੇਜਮੈਂਟ ਸਿਸਟਮ, ਹਾਈਡਰੋਲਿਕ ਐਮ.ਬੀ.ਪਲਾਓ, ਹੈਪੀਸੀਡਰ ਆਦਿ ਖਰੀਦਣ ਲਈ 60 ਲੱਖ 08 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ ਤਾਂ ਜੋ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਣ ਨਾਲ ਪੈਦਾ ਹੋਣ ਵਾਲੇ ਜਹਿਰੀਲੇ ਧੂੰਏ ਅਤੇ ਵਾਤਾਵਰਣ ਨੂੰ ਪ੍ਰਦੁਸਿਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਨਾਲ ਹੀ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਬਚਾਇਆ ਅਤੇ ਖਾਦਾਂ ਦੀ ਖਪਤ ਘਟਾਈ ਜਾ ਸਕੇ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਚਰਨਦੇਵ ਸਿੰਘ ਮਾਨ ਨੇ ਸਬ-ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ ਸਕੀਮ ਨੂੰ ਲਾਗੂ ਕਰਨ ਲਈ ਗਠਿਤ ਕੀਤੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਕਮੇਟੀ ਵਿਚ ਡਿਪਟੀ ਕਮਿਸ਼ਨਰ ਮੁਹਾਲੀ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਬਤੌਰ ਪ੍ਰਧਾਨ ਅਤੇ ਮੁੱਖ ਖੇਤੀਬਾੜ੍ਹੀ ਅਫਸਰ ਸ੍ਰੀ ਪਰਮਿੰਦਰ ਸਿੰਘ ਮੈਂਬਰ ਸਕੱਤਰ ਹੋਣਗੇ , ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ ਬਾਗਬਾਨੀ ਸਹਿ ਮੈਂਬਰ ਸਕੱਤਰ ਹੋਣਗੇ। ਪਸ਼ੂ ਪਾਲਣ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ, ਸਹਿਕਾਰੀ ਰਜਿਸਟਰਾਰ ਸਭਾਵਾਂ, ਲੀਡ ਬੈਂਕ ਮੁਹਾਲੀ, ਡਿਪਟੀ ਪ੍ਰੋਜੈਕਟ ਡਾਇਰਕੈਟਰ(ਆਤਮਾ) ਸਫਲ ਕਿਸਾਨ/ਸੈਲਫ ਹੈਲਪ ਗਰੁੱਪ ਦੇ ਨੁਮਾਇੰਦੇ ਬਤੌਰ ਮੈਂਬਰ ਸ਼ਾਮਿਲ ਕੀਤੇ ਗਏ ਹਨ।
ਇਹ ਕਮੇਟੀ ਸਕੀਮ ਦੀ ਮੋਨਿੰਟਰਿੰਗ ਕਰਨ ਲਈ ਜ਼ਿੰਮੇਵਾਰੀ ਹੋਵੇਗੀ ਅਤੇ ਖੇਤੀਬਾੜ੍ਹੀ ਅਤੇ ਕਿਸਾਨ ਭਲਾਈ ਵਿਭਾਗ ਨੋਡਲ ਏਜੰਸੀ ਦੇ ਤੌਰ ਤੇ ਕੰਮ ਕਰੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਕਿਸਾਨਾਂ ਨੂੰ ਘੱਟ ਕਿਰਾਏ ਤੇ ਆਧੁਨਿਕ ਮਸੀਨਰੀ ਲਈ ਜ਼ਿਲ੍ਹੇ ਵਿਚ 02 ਫਾਰਮਰ ਮਸ਼ੀਨਰੀ ਬੈਕ ਖੋਲੇ ਜਾਣਗੇ ਜੋ ਕਿ ਵੱਖ ਵੱਖ ਕਿਸਾਨ ਗਰੁੱਪਾਂ ਨੂੰ ਅਲਾਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਇੱਕ ਬੈਂਕ ਖੋਲਣ ਲਈ 10 ਲੱਖ ਰੁਪਏ ਦੀ ਲਾਗਤ ਵਾਲੀ ਖੇਤੀ ਮਸ਼ੀਨਰੀ ਰੱਖੀ ਜਾਵੇਗੀ ਜਿਸ ਤੇ ਸਰਕਾਰ ਵੱਲੋ 08 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਫਾਰਮਰ ਮਸ਼ੀਨਰੀ ਬੈਂਕਾਂ ਤੋਂ ਕਿਸਾਨ ਘੱਟ ਕਿਰਾਏ ਤੇ ਆਧੁਨਿਕ ਖੇਤੀ ਮਸ਼ੀਨਰੀ ਲੈ ਸਕਣਗੇ। ਜ਼ਿੰਨ੍ਹਾਂ ਦੀ ਮੱਦਦ ਨਾਲ ਆਧੁਨਿਕ ਤਕਨੀਕ ਨਾਲ ਖੇਤੀ ਕਰਕੇ ਵੱਧ ਮੁਨਾਫਾ ਕਮਾ ਸਕਣਗੇ।ਮੀਟਿੰਗ ਵਿਚ ਤਰਸੇਮ ਚੰਦ ਤੇ ਯਸ਼ਪਾਲ ਸ਼ਰਮਾ ਪੀ.ਸੀ.ਐਸ.(ਅੰਡਰ ਟ੍ਰੇਨਿੰਗ) ਡਿਪਟੀ ਡਾਇਰੈਕਟਰ ਡਾਇਰੀ ਸੇਵਾ ਸਿੰਘ, ਸੀਨੀਅਰ ਮੱਛੀ ਪਾਲਣ ਅਫਸਰ, ਡਿਪਟੀ ਡਾਇਰੈਕਟਰ ਬਾਗਬਾਨੀ ਤ੍ਰਲੋਚਨ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪ੍ਰਮਾਤਮਾ ਸਰੂਪ, ਵੈਟਰਨਰੀ ਅਫਸਰ ਡਾ:ਤੇਜਿੰਦਰ ਚਟਾਨ, ਚੀਫ ਲੀਡ ਬੈਂਕ ਮੈਨੇਜਰ ਪੰਜਾਬ ਨੈਸ਼ਨਲ ਬੈਕ ਸ੍ਰੀ ਸੰਜੀਵ ਅਗਰਵਾਲ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਅਮਰੀਕ ਸਿੰਘ, ਡਿਪਟੀ ਡਾਇਰਕੈਟਰ ਕ੍ਰਿਸੀ ਵਿਗਿਆਨ ਕੇਂਦਰ ਮੁਹਾਲੀ ਡਾ: ਯਸਵੰਤ ਸਿੰਘ, ਅਗਾਂਹਵਧੂ ਕਿਸਾਨ ਅਤੇ ਸੈਲਫ ਹੈਲਪ ਗਰੁੱਪਾਂ ਦੇ ਨੁਮਾਇੰਦੇ ਵੀ ਮੌਜੂਦ ਸਨ।