ਸੰਤ ਲਾਲ ਸਿੰਘ ਜੀ ਦੀ ੪੦ ਵੀਂ ਬਰਸੀ ਮੌਕੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦਾ ਸੱਦਾ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੇਂਡੂ ਇਲਾਕਿਆਂ 'ਚ ਸਿੱਖਿਆ ਦੇ ਪ੍ਰਸਾਰ-ਪ੍ਰਚਾਰ 'ਤੇ ਦਿੱਤਾ ਜ਼ੋਰ
5 Dariya News (ਕੁਲਜੀਤ ਸਿੰਘ)
ਸੁਲਤਾਨਪੁਰ ਲੋਧੀ 16-Mar-2018
ਨਿਰਮਲ ਕੁਟੀਆ ਸੀਚੇਵਾਲ 'ਚ ਸ਼੍ਰੀਮਾਨ ਸੰਤ ਲਾਲ ਸਿੰਘ ਜੀ ਦੀ ੪੦ਵੀਂ ਬਰਸੀ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਹੀ ਸ਼ਰਧਾਪੂਰਕ ਢੰਗ ਨਾਲ ਮਨਾਈ ਗਈ। ਇਸ ਮੌਕੇ ਹੋਏ ਸੰਤ ਸਮਾਗਮ ਨੂੰ ਸੰਬੋਧਨ ਕਰਦਿਆ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੱਦਾ ਦਿੱਤਾ ਕਿ ਪੰਜਾਬ ਨੂੰ ਸਾਲ ੨੦੧੯ ਤੱਕ ਹਰਿਆ-ਭਰਿਆ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਸਾਲ ੨੦੧੯ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ੫੫੦ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ ਤਾਂ ਪੰਜਾਬ ਦੇ ੧੨੫੦੦ ਪਿੰਡਾਂ ਵਿੱਚ ੫੫੦ ਬੂਟੇ ਲਾਏ ਜਾਣ। ਉਨ੍ਹਾਂ ਪੰਜਾਬ ਦੀਆਂ ਸਮੁੱਚੀਆਂ ਧਾਰਮਿਕ ਸ਼ਖਸ਼ੀਅਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਦੀ ਆਬੋ-ਹਵਾ, ਪਾਣੀ ਤੇ ਜ਼ਹਿਰੀਲੀ ਹੁੰਦੀ ਧਰਤੀ ਨੂੰ ਬਚਾਉਣ ਲਈ ਅੱਗੇ ਆਉਣ।ਉਨ੍ਹਾਂ ਇਸ ਮੌਕੇ ਸੰਤ ਲਾਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆ ਕਿਹਾ ਕਿ ਉਨ੍ਹਾ ਨੇ ਸਾਰਾ ਜੀਵਨ ਬੜੀ ਹੀ ਸਾਦਗੀ ਨਾਲ ਬਤੀਤ ਕੀਤਾ ਸੀ ਤੇ ਕੁਦਰਤੀ ਸਾਧਨਾ ਦੀ ਵਰਤੋਂ ਵੀ ਬੜੀ ਸੰਜਮ ਨਾਲ ਕੀਤੀ ਸੀ। ਉਨ੍ਹਾ ਦਾ ਜੀਵਨ ਹੀ ਕੁਦਰਤ ਨਾਲ ਪਿਆਰ ਕਰਨ ਦੀ ਪ੍ਰੇਰਨਾ ਦਿੰਦਾ ਹੈ । ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਪਾਣੀ ਬੜੀ ਹੀ ਤੇਜ਼ੀ ਨਾਲ ਗੰਧਲੇ ਹੋ ਰਹੇ ਹਨ ਤੇ ਇੰਨ੍ਹਾਂ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਵੀ ਬਣ ਗਈ ਹੈ। ਉਨ੍ਹਾ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਕਰਦਿਆ ਕਿਹਾ ਪਿੰਡਾਂ ਦੀਆਂ ਰੂੜੀਆਂ ਨੂੰ ਵੀ ਸਾਫ ਕਰਨ ਦੀ ਮਸ਼ੀਨ ਈਜਾਦ ਕੀਤੀ ਗਈ ਹੈ ਤੇ ਉਸ ਦੀ ਵਰਤੋਂ ਨਾਲ ਸਾਲਿਡ ਵੇਸਟ ਨੂੰ ਵੀ ਸੰਭਾਲਣ ਦਾ ਪ੍ਰਬੰਧ ਹੋ ਜਾਵੇਗਾ।
ਸੰਤ ਸੀਚੇਵਾਲ ਨੇ ਦੋਨਾ ਇਲਾਕੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਦੀ ਬਣ ਰਹੀ ਨਵੀਂ ਇਮਾਰਤ ਇਸੇ ਵਿਦਿਆਕ ਵਰ੍ਹੇ ਤੋਂ ਇਲਾਕੇ ਦੇ ਬੱਚਿਆਂ ਨੂੰ ਸਮਰਪਿਤ ਕੀਤੀ ਜਾਵੇਗੀ ਇਸ ਸਕੂਲ 'ਚ ਬੱਚਿਆਂ ਨੂੰ 'ਈ-ਸਿੱਖਿਆ' ਪ੍ਰਦਾਨ ਕਰਵਾਈ ਜਾਵੇਗੀ ।ਇਸ ਸਕੂਲ ਲਈ ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਨੇ ੨੫ ਪੱਖੇ ਤੇ ਮਾਸਟਰ ਹਰਪ੍ਰੀਤ ਸਿੰਘ ਨੇ ੫ ਕੰਪਿਊਟਰ ਤੇ ੫ ਪੱਖੇ ਦਾਨ ਕਰਨ ਦਾ ਐਲਾਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬਲਬੀਰ ਸਿੰਘ ( ਰੱਬ ਜੀ) ਜਿਆਣ ਵਾਲਿਆਂ ਨੇ ਵੀ ਸੰਬੋਧਨ ਕਰਦਿਆ ਸੰਤ ਲਾਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੰਤ ਹਰਕਿਸ਼ਨ ਸਿੰਘ ਸੋਢੀ, ਸੰਤ ਗੁਰਮੇਜ਼ ਸਿੰਘ ਗੁਰਦੁਆਰਾ ਸੈਦਰਾਣਾ ਸਾਹਿਬ, ਸੰਤ ਪਰਗਟ ਨਾਥ, ਸੰਤ ਪ੍ਰਦੀਪ ਦਾਸ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਗੁਰਚਰਨ ਸਿੰਘ ਪੰਡਵਾਂ ਵਾਲੇ, ਸੰਤ ਭੁਪਿੰਦਰ ਸਿੰਘ ਪਟਿਆਲੇ ਵਾਲੇ, ਸੰਤ ਕਮਲਜੀਤ ਸਿੰਘ, ਸੰਤ ਗੁਰਦੇਵ ਸਿੰਘ, ਸੰਤ ਸੁਖਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਕਲਿਆਣ, ਮੈਨੇਜ਼ਰ ਗੁਰਦੁਆਰਾ ਬੇਬੇ ਨਾਨਕੀ, ਸਾਬਕਾ ਮੰਤਰੀ ਮਰਹੂਮ, ਅਜੀਤ ਸਿੰਘ ਕੋਹਾੜ ਦੇ ਪੋਤਰੇ ਬੱਚਿੱਤਰ ਸਿੰਘ ਕੋਹਾੜ, ਸੁਰਜੀਤ ਸਿੰਘ ਸ਼ੰਟੀ, ਅਮਰੀਕ ਸਿੰਘ ਸੰਧੂ, ਸ਼ੋਹਣ ਸਿੰਘ ਸ਼ਾਹ, ਬੂਟਾ ਸਿੰਘ ਅਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।ਇਸ ਮੌਕੇ ਕੀਰਤਨੀ ਜੱਥਿਆ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਬਾਖੂਬੀ ਨਿਭਾਈ। ਗੁਰੂ ਕੇ ਅਤੁਟ ਲੰਗਰ ਵਰਤਾਏ ਗਏ। ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਵਿੱਚੋਂ ਸੰਗਤਾਂ ਨੇ ਬੂਟੇ ਵੀ ਵੱਡੀ ਗਿਣਤੀ 'ਚ ਲਏ ਤਾਂ ਜੋ ਆਲੇ-ਦੁਆਲੇ ਨੂੰ ਹਰਿਆ-ਭਰਿਆ ਰੱਖਿਆ ਜਾ ਸਕੇ।