ਸੰਤ ਸੀਚੇਵਾਲ ਵੱਲੋਂ ਇਤਿਹਾਸਕ ਨੌ ਲੱਖਾ ਬਾਗ ਦੀ ਵਿਰਾਸਤ ਨੂੰ ਸੰਭਾਲਣ ਦਾ ਸੱਦਾ
ਕੀਰਤਪੁਰ ਸਾਹਿਬ 'ਚ ਮਨਾਇਆ ਸਿੱਖ ਵਾਤਾਵਰਣ ਦਿਵਸ
5 Dariya News (ਕੁਲਜੀਤ ਸਿੰਘ )
ਸੁਲਤਾਨਪੁਰ ਲੋਧੀ 15-Mar-2018
ਪਾਤਸ਼ਾਹੀ ਛੇਵੀ ਸ੍ਰੀ ਹਰਿਗੋਬਿੰਦ ਸਾਹਿਬ ਵੱਲੋਂ ਕੀਰਤਪੁਰ ਸਾਹਿਬ ਵਿੱਚ ਸਥਾਪਿਤ ਕੀਤੇ ਨੌਲੱਖਾ ਬਾਗ ਦੀ ਵਿਰਾਸਤ ਨੂੰ ਸੰਭਾਲਣ ਦਾ ਸੱਦਾ ਦਿੰਦਿਆ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਿੱਖ ਗੁਰੂਆਂ ਨੇ ਗੁਰਬਾਣੀ ਦੇ ਆਸ਼ੇ ਮੁਤਾਬਿਕ ਹਰ ਇੱਕ ਨੂੰ ਕੁਦਰਤ ਨਾਲ ਜੋੜਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਗਏ ਸਿੱਖ ਵਾਤਾਵਰਣ ਦਿਵਸ ਮੌਕੇ ਜੁੜੀਆਂ ਸੰਗਤਾਂ ਨੂੰ ਮੁਖਾਤਿਬ ਹੁੰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਲਈ ਸਭ ਜੁੰਮੇਵਾਰ ਹਨ।ਸਿੱਖ ਧਰਮ ਦੀਆਂ ਪ੍ਰਮੁੱਖ ਸਖਸ਼ੀਅਤਾਂ ਪੁੱਜੀਆਂ ਹੋਈਆਂ ਸਨ ਜਿੰਨ੍ਹਾਂ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਰਘਬੀਰ ਸਿੰਘ,ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ, ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਪ੍ਰਤੀਨਿਧ ਬਲਬੀਰ ਸਿੰਘ, ਸੰਤ ਲਾਭ ਸਿੰਘ ਸਮੇਤ ਹੋਰ ਆਗੂ ਵੀ ਸ਼ਾਮਿਲ ਸਨ।ਸ੍ਰੀ ਹਰਿਗੋਬਿੰਦ ਸਾਹਿਬ ਵੱਲੋਂ ਸਥਾਪਿਤ ਕੀਤੇ ਗਏ ਨੌਲੱਖਾ ਬਾਗ ਵਿੱਚ ਪਿੱਛਲੇ ਸਾਲ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਮੈਡੀਸ਼ਨਲ ਪਲਾਂਟ ਲਗਾਏ ਸਨ। ਇਸ ਬਾਗ ਨੂੰ ਮੁੜ ਤੋਂ ਪੁਰਾਣੀ ਦਿਖ ਦੇਣ ਲਈ ਯਤਨਸ਼ੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਸੇਵਾ ਸੰਭਾਲ ਵਿੱਚ ਲੱਗੀ ਹੋਈ ਹੈ।ਇਹ ਬਾਗ ਭੋਰਾ ਸਾਹਿਬ ਦੇ ਬਿਲਕੁਲ ਨਾਲ ਲੱਗਦਾ ਹੈ। ਇਸ ਭੋਰਾ ਸਾਹਿਬ ਵਿੱਚ ਗੁਰੂ ਸਾਹਿਬ ਜੀ ਨੇ ਲੰਮਾ ਸਮਾਂ ਤੱਪ ਕੀਤਾ ਸੀ।
ਸੰਤ ਸੀਚੇਵਾਲ ਨੇ ਕਿਹਾ ਕਿ ਵਿਰਾਸਤਾਂ ਨੂੰ ਅਗਲੀਆਂ ਪੀੜ੍ਹੀਆਂ ਲਈ ਸੰਭਾਲਣਾ ਬੜਾ ਜਰੂਰੀ ਹੈ।ਉਨ੍ਹਾਂ ਕਿਹਾ ਕਿ ਨੌਲੱਖਾ ਬਾਗ ਦੀ ਸਾਂਭ ਸੰਭਾਲ ਪਹਿਲ ਦੇ ਅਧਾਰ 'ਤੇ ਕੀਤੀ ਜਾਵੇ ਤਾਂ ਜੋ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਕਾਇਮ ਰੱਖੀਆਂ ਜਾ ਸਕਣ।ਖੁੱਲੇ ਸਜਾਏ ਗਏ ਦੀਵਾਨ ਵਿੱਚ ਜੁੜੀਆਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਗੰਰਥ ਸਾਹਿਬ ਜੀ ਦੀ ਸਾਰੀ ਬਾਣੀ ਮਨੁੱਖ ਨੂੰ ਕੁਦਰਤ ਨਾਲ ਜੋੜੀ ਰੱਖਣ ਦਾ ਸੁਨੇਹਾ ਦਿੰਦੀ ਹੈ ।ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਤਾਂ ਗੁਰੂ ਸਾਹਿਬ ਜੀ ਨੇ ਤਾਂ ਰੋਜ਼ਾਨਾ ਬਾਣੀ ਪੜ੍ਹਨ ਸੁਣਨ ਦੀਆਂ ਹਦਾਇਤਾਂ ਕੀਤੀਆਂ ਹਨ ।ਪਰ ਦੁੱਖ ਦੀ ਗੱਲ ਹੈ ਕਿ ਬਾਣੀ ਤੋਂ ਬੇਮੁੱਖ ਹੋ ਕੇ ਅਸੀਂ ਆਪਣਾ ਸਮੁੱਚਾ ਵਾਤਾਵਰਣ ਵਿਗਾੜ ਲਿਆ।ਇਸ ਨੂੰ ਸੁਧਾਰਣ ਲਈ ਵੱਧ ਤੋਂ ਵੱਧ ਬੂਟੇ ਲਾਏ ਜਾਣ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ ੨੦੧੯ ਵਿੱਚ ਆ ਰਹੇ ੫੫੦ ਵੇਂ ਪ੍ਰਕਾਸ਼ ਪੁਰਬ ਤੱਕ ਹਰ ਪਿੰਡ ਵਿੱਚ ੫੫੦ ਬੂਟੇ ਲਾਏ ਜਾਣ। ਇਸ ਨਾਲ ਸਾਡਾ ਚੌਗਿਰਦਾ ਸਾਫ਼ ਸੁਥਰਾ ਹੋਵੇਗਾ ਤੇ ਨਾਲ ਹੀ ਵਾਤਾਵਰਣ ਵਿੱਚ ਸੁਧਾਰ ਹੋਣ ਨਾਲ ਮੀਂਹ ਜ਼ਿਆਦਾ ਪੈਣਗੇ ਜਿਸ ਨਾਲ ਨਦੀਆਂ ਦਰਿਆਵਾਂ ਵਿੱਚਲੇ ਜੀਵਨ ਸੁਰੱਖਿਅਤ ਰਹਿ ਸਕੇਗਾ।ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜੱਥੇਦਾਰ ਸਿੰਘ ਸਾਹਿਬ ਰਘਬੀਰ ਸਿੰਘ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਸਨਮਾਨਿਤ ਕੀਤਾ।
ਨੌ ਲੱਖਾ ਬਾਗ ਦਾ ਇਤਿਹਾਸ
ਇਸ ਅਸਥਾਨ 'ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਨੌਲੱਖਾ ਬਾਗ ਲਗਵਾਇਆ ਹੋਇਆ ਹੈ।ਇਸ ਬਾਗ ਵਿੱਚ ਗੁਰੂ ਜੀ ਨੇ ਫਲਾਂ ਫੁੱਲਾਂ ਦੇ ਨਾਲ-ਨਾਲ ਜੜ੍ਹੀਆਂ ਬੂਟੀਆਂ ਵੀ ਲਗਵਾਈਆਂ ਸਨ। ਪਾਤਸ਼ਾਹੀ ੭ ਵੀ ਨੇ ਵੀ ਇੱਥੇ ਦਵਾਖਾਨਾ ਵੀ ਸਥਾਪਿਤ ਕੀਤਾ ਹੋਇਆ ਸੀ। ਇੱਕ ਰਵਾਇਤ ਅਨੁਸਾਰ ਜਦੋਂ ਦਾਰਾ ਸ਼ਿਕੋਹ ਬਿਮਾਰ ਹੋਇਆ ਤਾਂ ਉਸ ਦਾ ਇਲਾਜ਼ ਵੀ ਗੁਰੂ ਸਾਹਿਬ ਨੇ ਨੌਲੱਖਾ ਬਾਗ ਵਿੱਚ ਲੱਗੀਆਂ ਜੜ੍ਹੀਆਂ ਬੂਟੀਆਂ ਨਾਲ ਅਤੇ ਹਰੜਾਂ ਨਾਲ ਕੀਤਾ ਸੀ। ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਵਾਸ ਵੀ ਸੀ।