ਬੱਚਿਆਂ ਦੀ ਤੰਦਰੁਸਤੀ ਲਈ ਐਮਆਰ ਦਾ ਟੀਕਾ ਲਗਵਾਉਣਾ ਜ਼ਰੂਰੀ : ਸੰਜੀਵ ਕੁਮਾਰ ਗਰਗ
ਖਸਰਾ/ਰੁਬੇਲਾ ਨਾਮਕ ਜਾਨਲੇਵਾ ਬਿਮਾਰੀ ਦੇ ਖ਼ਾਤਮੇ ਲਈ ਪੰਜਾਬ ਵਿਚ ਅਪ੍ਰੈਲ/ਮਈ ਵਿਚ ਸ਼ੁਰੂ ਹੋਵੇਗੀ ਮੁਹਿੰਮ : ਡਾ. ਰੀਟਾ ਭਾਰਦਵਾਜ
5 Dariya News
ਐਸ.ਏ.ਐਸ. ਨਗਰ (ਮੁਹਾਲੀ) 27-Feb-2018
ਖਸਰਾ/ਰੁਬੇਲਾ ਨਾਮਕ ਜਾਨਲੇਵਾ ਬਿਮਾਰੀ ਤੋਂ ਬਚਾਅ ਲਈ ਬੱਚਿਆਂ ਨੂੰ ਐਮਆਰ ਦਾ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ। ਇਸ ਬਿਮਾਰੀ ਨੂੰ ਸਾਲ 2020 ਤਕ ਦੇਸ਼ ਭਰ 'ਚੋਂ ਜੜ੍ਹੋਂ ਖ਼ਤਮ ਕਰਨ ਦੇ ਮੰਤਵ ਨਾਲ ਪੰਜਾਬ ਵਿਚ ਅਪ੍ਰੈਲ/ਮਈ ਵਿਚ ਸੂਬਾ ਪੱਧਰੀ ਮੁਹਿੰਮ ਸ਼ੁਰੂ ਹੋ ਰਹੀ ਹੈ ਜਿਸ ਨੂੰ ਸਫ਼ਲ ਬਣਾਉਣ ਲਈ ਵਿਦਿਅਕ ਅਦਾਰਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਹ ਸ਼ਬਦ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਜੀਵ ਕੁਮਾਰ ਗਰਗ ਨੇ ਖਸਰਾ ਤੇ ਰੁਬੇਲਾ ਸਬੰਧੀ ਜ਼ਿਲ੍ਹੇ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਨੋਡਲ ਅਫ਼ਸਰਾਂ ਦੀ ਟਰੇਨਿੰਗ ਵਰਕਸ਼ਾਪ ਦੌਰਾਨ ਆਖੇ। ਸਿਹਤ ਵਿਭਾਗ ਵਲੋਂ ਇਸ ਮੁਹਿੰਮ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ ਵਾਸਤੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਤੋਂ ਸਹਿਯੋਗ ਲੈਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਇਹ ਵਰਕਸ਼ਾਪ ਸ਼ਿਵਾਲਕ ਪਬਲਿਕ ਸਕੂਲ ਫ਼ੇਜ਼ 6 ਵਿਚ ਕਰਵਾਈ ਗਈ। ਸ੍ਰੀ ਗਰਗ ਨੇ ਕਿਹਾ ਕਿ ਮੀਜ਼ਲਜ਼/ਰੁਬੇਲਾ ਯਾਨੀ ਐਮਆਰ ਮੁਹਿੰਮ ਤਹਿਤ 9 ਮਹੀਨੇ ਤੋਂ ਲੈ ਕੇ 15 ਸਾਲ ਤਕ ਦੇ ਬੱਚਿਆਂ ਨੂੰ ਖਸਰਾ/ਰੁਬੇਲਾ ਯਾਨੀ ਐਮਆਰ ਦਾ ਟੀਕਾ ਲਾਇਆ ਜਾਣਾ ਹੈ ਤੇ ਪੰਜਾਬ ਵਿਚ 75 ਲੱਖ ਬੱਚਿਆਂ ਨੂੰ ਟੀਕੇ ਲਾਏ ਜਾਣ ਦਾ ਟੀਚਾ ਹੈ। ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦਸਿਆ ਕਿ ਫ਼ਿਲਹਾਲ ਇਸ ਮੁਹਿੰਮ ਤਹਿਤ 13 ਸੂਬਿਆਂ ਵਿਚ 6 ਕਰੋੜ ਤੋਂ ਵੱਧ ਬੱਚਿਆਂ ਨੂੰ ਖਸਰਾ/ਰੁਬੇਲਾ ਤੋਂ ਰੋਕਥਾਮ ਦੇ ਟੀਕੇ ਲਾਏ ਜਾ ਚੁਕੇ ਹਨ ਅਤੇ ਪੰਜਾਬ ਵਿਚ ਇਸ ਮੁਹਿੰਮ ਦੀਆਂ ਤਰੀਕਾਂ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਕੂਲਾਂ ਦੇ ਸਹਿਯੋਗ ਨਾਲ ਇਹ ਮੁਹਿੰਮ ਨੇਪਰੇ ਚਾੜ੍ਹੀ ਜਾਵੇਗੀ ਕਿਉਂਕਿ ਮੁਹਿੰਮ ਦਾ ਕੇਂਦਰ ਬਿੰਦੂ ਬੱਚੇ ਹਨ। ਡਾ. ਵਿਕਰਮ ਗੁਪਤਾ, ਸਲਾਹਕਾਰ, ਵਿਸ਼ਵ ਸਿਹਤ ਸੰਗਠਨ ਨੇ ਟਰੇਨਿੰਗ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਦੁਨੀਆਂ ਭਰ ਵਿਚ ਖਸਰਾ/ਰੁਬੇਲਾ ਕਾਰਨ ਹੋਣ ਵਾਲੀਆਂ ਮੌਤਾਂ ਵਿਚੋਂ 36 ਫ਼ੀਸਦੀ ਮੌਤਾਂ ਇਕੱਲੇ ਭਾਰਤ ਵਿਚ ਹੁੰਦੀਆਂ ਹਨ ਜਿਸ ਕਾਰਨ ਇਸ ਬੀਮਾਰੀ ਦੀ ਗੰਭੀਰਤਾ ਦਾ ਸਹਿਜੇ ਹੀ ਪਤਾ ਲੱਗ ਜਾਂਦਾ ਹੈ। ਬੀਮਾਰੀ ਦੇ ਲੱਛਣਾਂ ਬਾਰੇ ਉਨ੍ਹਾਂ ਦਸਿਆ ਕਿ ਬੱਚੇ ਨੂੰ ਬੁਖ਼ਾਰ ਹੋ ਜਾਂਦਾ ਹੈ ਅਤੇ ਸਰੀਰ ਉਤੇ ਕਾਲੇ ਧੱਬੇ ਦਿਸਣ ਲੱਗਦੇ ਹਨ। ਅਜਿਹੀ ਹਾਲਤ ਵਿਚ ਤੁਰਤ ਡਾਕਟਰ ਨਾਲ ਰਾਬਤਾ ਕਾਇਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਿਮਾਰੀ ਦੀ ਗੰਭੀਰਤਾ ਨੂੰ ਵੇਖਦਿਆਂ ਦੇਸ਼ਵਿਆਪੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਹ ਦੇਸ਼ ਵਿਚ ਬਾਲ ਮੌਤ ਦਰ ਨੂੰ ਘਟਾਉਣ ਲਈ ਅਹਿਮ ਕਦਮ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਵੀ ਅਪਣੀ ਜ਼ਿੰਮੇਵਾਰੀ ਸਮਝਦਿਆਂ ਸਿਹਤ ਸੰਸਥਾਵਾਂ ਵਿਚ ਆ ਕੇ ਬੱਚਿਆਂ ਨੂੰ ਖਸਰਾ/ਰੁਬੇਲਾ ਦੇ ਟੀਕੇ ਲਗਵਾਉਣ। ਸਾਰੇ ਸਰਕਾਰੀ ਹਸਪਤਾਲਾਂ ਵਿਚ ਇਹ ਟੀਕੇ ਮੁਫ਼ਤ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਪੋਲੀਉ ਵਾਂਗ ਖਸਰਾ/ਰੁਬੇਲਾ ਦੇ ਖ਼ਾਤਮੇ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ। ਇਸ ਮੌਕੇ ਸਕੂਲ ਮੁਖੀਆਂ ਨੇ ਇਸ ਬਿਮਾਰੀ ਸਬੰਧੀ ਸਵਾਲ ਪੁੱਛੇ, ਜਿਨ੍ਹਾਂ ਦੇ ਤਸੱਲੀਬਖ਼ਸ਼ ਜਵਾਬ ਦਿਤੇ ਗਏ। ਵਰਕਸ਼ਾਪ ਵਿਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜ਼ਰੇਵਾਲ, ਬਾਲ ਰੋਗਾਂ ਦੇ ਡਾਕਟਰ ਤੇਜਵੀਰ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ ਤੇ ਹੋਰ ਸਿਹਤ ਤੇ ਸਿਖਿਆ ਅਧਿਕਾਰੀ ਮੌਜੂਦ ਸਨ।