5 Dariya News

ਸ਼ਿਵਾਲਿਕ ਇਨਕਲੇਵ ਦੇ ਵਸਨੀਕਾਂ ਨੇ ਸੋਸਾਇਟੀ ਦੇ ਬਿਲਡਰ 'ਤੇ ਮੁੱਢਲੀਆਂ ਸਹੁਲਤਾਂ ਮੁਹੱਈਆ ਨਾ ਕਰਵਾਉਣ ਦੇ ਲਾਏ ਦੋਸ਼

5 Dariya News

ਐਸ.ਏ.ਐਸ. ਨਗਰ (ਮੁਹਾਲੀ) 24-Feb-2018

ਲਾਂਡਰਾ –ਖਰੜ ਰੋਡ 'ਤੇ ਬਣੇ ਸ਼ਿਵਾਲਿਕ ਇਨਕਲੇਵ ਦੇ ਵਸਨੀਕਾਂ ਨੇ ਸੋਸਾਇਟੀ ਦੇ ਬਿਲਡਰ 'ਤੇ ਮੁੱਢਲੀਆਂ ਸਹੁਲਤਾਂ ਮੁਹੱਈਆ ਨਾ ਕਰਵਾਉਣ ਦੇ ਦੋਸ਼ ਲਾਏ ਹਨ। ਮੋਹਾਲੀ ਪ੍ਰੈਸ ਕਲੱਬ ਵਿੱਚ ਅੱਜ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸ਼ਿਵਾਲਿਕ ਇਨਕਲੇਵ ਦੇ ਇਕੱਠੇ ਹੋਏ ਵਸਨੀਕਾਂ ਨੇ ਕਿਹਾ ਕਿ ਸਾਲ 2001ਵਿੱਚ ਸ਼ਿਵਾਲਿਕ ਸਾਇਟ ਪਲੈਨਰ ਪ੍ਰਾਈਵੇਟ ਲਿਮਿਟੇਡ ਵੱਲੋਂ ਪੁੱਡਾ ਪ੍ਰਮਾਣਿਤ ਕਲੋਨੀ ਕੱਟੀ ਗਈ ਸੀ ਜਿਸ ਵਿੱਚ 120 ਪਲਾਟ ਹਨ ਜਿਨ੍ਹਾਂ ਵਿੱਚੋਂ 35 ਘਰ ਵਿੱਚ ਲੋਕ ਵਸੇ ਹੋਏ ਹਨ। ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਕਲੋਨੀ ਦੀ ਉਸਾਰੀ ਵੇਲੇ ਬਿਲਡਰ  ਅਮਨਦੀਪ ਸਿੰਘ ਹੀਰਾ ਵੱਲੋਂ ਕਲੋਨੀ ਵਿੱਚ ਮੁੱਢਲੀਆਂ ਸਹੁਲਤਾਂ ਦੇਣ ਦੇ ਵੱਡੇ -ਵੱਡੇ ਵਾਅਦੇ ਕੀਤੇ ਗਏ ਸਨ ਪ੍ਰੰਤੂ ਜਦੋਂ ਉਨ੍ਹਾਂ ਵੱਲੋਂ ਇੱਥੇ ਪਲਾਟ ਲੈ ਕੇ ਵਸਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਬੁਨਿਆਦੀ ਸਹੁਲਤਾਂ ਨਹੀਂ ਦਿੱਤੀਆਂ ਗਈਆਂ। ਇਲਾਕੇ 'ਚ ਰਹਿੰਦੀ ਪ੍ਰਭਜੋਤ ਕੌਰ ਢਿੱਲੋਂ ਨੇ ਅੱਗੇ ਦੱਸਿਆ ਕਿ ਇਸ ਕਲੋਨੀ ਨੂੰ ਖਰੜ-ਲਾਂਡਰਾ ਨਾਲ 30 ਫੁੱਟ ਚੌੜੀ ਸੜਕ ਨਾਲ ਜੋੜਿਆ ਹੋਇਆ ਸੀ ਪ੍ਰੰਤੂ 2014 ਵਿੱਚ ਸੜਕ (ਰਸਤਾ) ਪੁੱਟ ਦਿੱਤਾ ਗਿਆ। ਉਸ ਦੇ ਕੁੱਝ ਸਮੇਂ ਬਾਅਦ ਸੀਵਰੇਜ਼ ਟਰੀਟਮੈਂਟ ਪਲਾਂਟ ਵੀ ਪੁੱਟ ਦਿੱਤਾ ਗਿਆ ਅਤੇ ਉਸ ਦਾ ਢਾਂਚਾ ਉਦੋਂ ਤੋਂ ਸੜਕ 'ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਦਾ ਸਾਰਾ ਗੰਦ ਉਵਰ ਫਲੋ ਹੋ ਕੇ ਖਾਲੀ ਪਲਾਟਾਂ ਵਿੱਚ ਇਕੱਠਾ ਹੋ ਕੇ ਛੱਪੜ ਬਣ ਚੁੱਕਿਆ ਹੈ। ਇਹ ਹੀ ਨਹੀਂ ਉਨ੍ਹਾਂ ਕਿਹਾ ਕਿ ਕਲੋਨੀ 'ਚ ਲੱਗਣ ਵਾਲੀਆਂ ਸਟਰੀਟ ਲਾਈਟਾਂ ਵੀ ਪੁੱਟ ਦਿੱਤੀਆਂ ਗਈਆਂ ਸਨ ਜਿਨ੍ਹਾਂ ਦੀ ਸ਼ਿਕਾਇਤ ਇਲਾਕਾ ਵਾਸੀਆਂ ਵੱਲੋਂ 12 ਸਤੰਬਰ 2014 ਨੂੰ ਪੁਲਿਸ ਨੂੰ ਦਿੱਤੀ ਸੀ। ਜਿਸ 'ਤੇ ਕੋਈ ਕਾਰਵਾਈ ਨਹੀਂ ਹੋਈ। 

ਉਨ੍ਹਾਂ ਕਿਹਾ ਕਿ ਕਲੋਨੀ ਵਿੱਚ ਇੱਕ ਬਿਜਲੀ ਦਾ ਟ੍ਰਾਂਸਫਾਰਮਰ ਲੱਗਿਆ ਹੈ ਉਹ ਵੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਲੋਨੀ ਵਿੱਚ ਪੀਣ ਵਾਲੇ ਪਾਣੀ ਦਾ ਨਾ ਪੰਪ ਹੈ ਨਾ ਵਾਟਰ ਟੈਂਕ। ਪਾਣੀ ਦੀ ਸਪਲਾਈ ਸ਼ਿਵਾਲਿਕ ਸਿਟੀ ਤੋਂ ਆ ਰਹੀ ਅਤੇ ਜਿਸ ਪਾਈਪ ਰਾਹੀਂ ਪਾਣੀ ਦੀ ਸਪਲਾਈ ਆ ਰਹੀ ਹੈ ਉਹ ਗੰਦੇ ਨਾਲਿਆਂ ਰਾਹੀਂ ਕਲੋਨੀ ਨਾਲ ਜੋੜੀਆ ਹੋਇਆ ਹੈ। ਉਨ੍ਹਾਂ ਹੋਰ ਰੋਸ਼ ਜਤਾਇਆ ਕਿ ਕਲੋਨੀ ਵਿੱਚ ਸਕੂਲ, ਹੈਲਥ ਸੈਂਟਰ 'ਤੇ ਕਮਊਨਿਟੀ ਸੈਂਟਰ ਲਈ ਪਲਾਟ ਛੱਡੇ ਗਏ ਹਨ ਪਰ ਬਿਲਡਰ ਨੇ ਕੁੱਝ ਵੀ ਨਹੀਂ ਬਣਾਇਆ। ਦੂਜੇ ਪਾਸੇ ਵਸਨੀਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਹੀ ਕਮੇਟੀ ਦੇ ਈ.ਉ ਸੰਦੀਪ ਤਿਵਾੜੀ ਤੋਂ ਪਤਾ ਲੱਗਿਆ ਹੈ ਕਿ ਕਲੋਨੀ 9 ਦਸੰਬਰ 2011 ਵਿੱਚ ਕਮੇਟੀ ਨੇ ਟੇਕ ਉਵਰ ਕਰ ਲਈ ਹੈ। ਕਲੋਟੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ 'ਤੇ ਬਿਲਡਰ ਨੇ ਮਿਲਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਤੋਂ ਇਸ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਇਸ ਸਾਜ਼ਿਸ਼ ਵਿੱਚ ਜਿਸ ਦੀ ਵੀ ਸ਼ਮੂਲੀਅਤ ਪਾਈ ਜਾਵੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਅਤੇ ਕਲੋਨੀ ਨੂੰ ਮੁੱਢਲਿਆਂ ਸਹੁਲਤਾਂ ਮੁਹੱਇਆ ਕਰਵਾਈਆਂ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਲਾਕਾ ਵਾਸੀ ਪ੍ਰਭਜੋਤ ਕੌਰ ਢਿੱਲੋਂ, ਗੁਰਬਚਨ ਸਿੰਘ, ਐਸ.ਐਲ.ਕੌਸ਼ਲ, ਸ਼ੇਰ ਸਿੰਘ, ਭਾਰਦਵਾਜ,ਸੁਰਿੰਦਰ ਕੌਰ, ਸੰਗੀਤਾ ਕੌਸ਼ਲ ਹਾਜ਼ਿਰ ਸਨ।