5 Dariya News

ਨੌਜਵਾਨਾਂ ਤੇ ਰੁਜ਼ਗਾਰ ਦੇਣ ਵਾਲਿਆਂ ਵਿਚਾਲੇ ਪੁਲ ਹਨ ਸੂਬਾ ਪੱਧਰੀ ਰੁਜ਼ਗਾਰ ਮੇਲੇ : ਚਰਨਜੀਤ ਸਿੰਘ ਚੰਨੀ

ਰਯਾਤ ਐਂਡ ਬਾਹਰਾ ਯੂਨੀਵਰਸਿਟੀ ਵਿਖੇ ਲਾਏ ਦੂਜੇ ਸੂਬਾ ਪੱਧਰੀ ਰੁਜ਼ਗਾਰ ਮੇਲੇ ਦਾ ਕੈਬਨਿਟ ਮੰਤਰੀ ਚੰਨੀ ਨੇ ਕੀਤਾ ਉਦਘਾਟਨ

5 Dariya News

ਖਰੜ 23-Feb-2018

ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਦੂਜੇ ਸੂਬਾ ਪੱਧਰੀ ਰੁਜ਼ਗਾਰ ਮੇਲਿਆਂ ਦੀ ਲੜੀ ਤਹਿਤ ਅੱਜ ਰਯਾਤ ਐਂਡ ਬਾਹਰਾ ਯੁਨੀਵਰਸਿਟੀ ਵਿੱਚ ਕਰਵਾਏ ਜਾ ਰਹੇ ਸੂਬਾ ਪੱਧਰੀ ਰੁਜ਼ਗਾਰ ਮੇਲੇ ਦਾ ਉਦਘਾਟਨ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਰੁਜ਼ਗਾਰ ਮੇਲੇ ਨੌਜਵਾਨਾਂ ਤੇ ਰੁਜ਼ਗਾਰ ਦੇਣ ਵਾਲਿਆਂ ਵਿਚਾਲੇ ਪੁਲ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਇਹ ਮੇਲੇ ਰੁਜ਼ਗਾਰ ਦੇਣ ਵਾਲਿਆਂ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰ ਰਹੇ ਹਨ, ਉਥੇ ਨੌਜਵਾਨਾਂ ਨੂੰ ਵੀ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਵਿੱਚ ਵਧੀਆ ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ। ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਚੰਨੀ ਨੇ ਆਖਿਆ ਕਿ ਪੰਜਾਬ ਸਰਕਾਰ ਘਰ-ਘਰ ਰੁਜ਼ਗਾਰ ਦੇਣ ਦੇ ਆਪਣੇ ਚੋਣ ਵਾਅਦੇ ਦੀ ਪੂਰਤੀ ਲਈ ਪਿਛਲੇ ਸਾਲ ਵੀ ਰੁਜ਼ਗਾਰ ਮੇਲੇ ਲਾਏ ਸਨ ਤੇ ਇਸ ਸਾਲ ਸਰਕਾਰ ਨੇ ਇਨ੍ਹਾਂ ਮੇਲਿਆਂ ਰਾਹੀਂ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਘਰ ਘਰ ਨੌਕਰੀ ਦੇਣ ਲਈ ਇੱਕ ਵੱਖਰਾ ਵੈੱਬ ਪੋਰਟਲ ਬਣਾਇਆ ਹੈ, ਜਿਸ 'ਤੇ ਨੌਜਵਾਨ ਆਪਣੇ ਵੇਰਵੇ ਦਰਜ ਕਰਵਾ ਕੇ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਹਿੱਸਾ ਲੈ ਰਹੇ ਹਨ। ਹੁਣ ਤੱਕ ਵੈੱਬ ਪੋਰਟਲ ਉੱਤੇ 1700 ਕੰਪਨੀਆਂ ਰਜਿਸਟਰੇਸ਼ਨ ਕਰਵਾ ਕੇ 46 ਹਜ਼ਾਰ ਨੌਕਰੀਆਂ ਦੀ ਪੇਸ਼ਕਸ਼ ਕਰ ਚੁੱਕੀਆਂ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਹਾਲੇ ਹੋਰ ਕੰਪਨੀਆਂ 'ਤੇ ਰਜਿਸਟਰ ਹੋ ਰਹੀਆਂ ਹਨ ਤੇ ਨੌਕਰੀਆਂ ਦੀ ਪੇਸ਼ਕਸ਼ ਵੀ ਵੱਧ ਰਹੀ ਹੈ। ਅੱਜ ਦੇ ਮੇਲੇ ਦਾ ਜ਼ਿਕਰ ਕਰਦਿਆਂ ਜਿੱਥੇ ਉਨ੍ਹਾਂ ਨੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ, ਉਥੇ ਨਾਲ ਹੀ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ 90 ਤੋਂ ਵੱਧ ਕੰਪਨੀਆਂ ਹਿੱਸਾ ਲੈ ਰਹੀਆਂ ਹਨ ਤੇ ਕੌਮੀ ਹੁਨਰ ਵਿਕਾਸ ਕੌਂਸਲ (ਐਨਐਸਡੀਸੀ), ਪੰਜਾਬ ਹੁਨਰ ਵਿਕਾਸ ਮਿਸ਼ਨ (ਪੀਐਸਲੀਐਮ), ਬਿਊਟੀ ਐਂਡ ਵੈੱਲਨੈੱਸ ਸੈਕਟਰ ਸਕਿਲ ਕੌਂਸਲ ਅਤੇ ਟੂਰਿਜ਼ਮ ਐਂਡ ਹੌਸਪਿਟੈਲਿਟੀ ਸਕਿੱਲ ਕੌਂਸਲ (ਟੀਐਚਐਸਸੀ) ਵੱਲੋਂ 40 ਤੋਂ ਵੱਧ ਕੰਪਨੀਆਂ ਨੂੰ ਇਸ ਰੁਜ਼ਗਾਰ ਮੇਲੇ ਦਾ ਹਿੱਸਾ ਬਣਾ ਕੇ ਵਿਸ਼ੇਸ਼ ਯੋਗਦਾਨ ਪਾਇਆ ਗਿਆ ਹੈ। ਇਸ ਮੇਲੇ ਦੌਰਾਨ ਬਿਊਟੀ ਐਂਡ ਵੈੱਲਨੈੱਸ ਸੈਕਟਰ ਸਕਿਲ ਕੌਂਸਲ ਅਤੇ ਟੂਰਿਜ਼ਮ ਐਂਡ ਹੌਸਪਿਟੈਲਿਟੀ ਸਕਿੱਲ ਕੌਂਸਲ ਵੱਲੋਂ 07 ਹਜ਼ਾਰ ਦੇ ਕਰੀਬ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਹਨ। ਇਸ ਤੋਂ ਇਲਾਵਾ ਮੇਲੇ ਵਿੱਚ ਪੁੱਜੀਆਂ ਬਾਕੀ ਕੰਪਨੀਆਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।  

ਸ੍ਰੀ ਚੰਨੀ ਨੇ ਆਖਿਆ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਨੌਜਵਾਨ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਯਤਨਸ਼ੀਲ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਇੱਛਾ ਹੈ ਕਿ ਸੂਬਾ ਦੇ ਨੌਜਵਾਨ ਕੇਵਲ ਨੌਕਰੀਆਂ ਦੇ ਖੇਤਰ ਤੱਕ ਸੀਮਤ ਨਾ ਰਹਿਣ ਸਗੋਂ ਉਨ੍ਹਾਂ ਦਾ ਹੁਨਰ ਵਿਕਸਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਮਿਸ਼ਨ ਨੂੰ ਸਫ਼ਲ ਬਣਾਉਣ ਲਈ ਪੰਜਾਬ ਸਰਕਾਰ ਨੌਜਵਾਨਾਂ ਨੂੰ ਹਰ ਮਦਦ ਦੇਣ ਲਈ ਤਿਆਰ ਹੈ ਤੇ ਇਸੇ ਮਕਸਦ ਤਹਿਤ ਥਾਂ-ਥਾਂ ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾ ਰਹੇ ਹਨ। ਇਸ ਉਪਰੰਤ ਤਕਨੀਕੀ ਸਿੱਖਿਆ ਮੰਤਰੀ ਨੇ ਯੂਨੀਵਿਰਸਟੀ ਵਿੱਚ ਪੁੱਜੀਆਂ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਕੇ ਰੁਜ਼ਗਾਰ ਮੇਲਿਆਂ ਸਬੰਧੀ ਉਨ੍ਹਾਂ ਦੀ ਪ੍ਰਤੀਕ੍ਰਿਆ ਵੀ ਲਈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਪੂਰੇ ਪੰਜਾਬ ਵਿੱਚੋਂ ਇੱਥੇ ਪੁੱਜੇ ਉਮੀਦਵਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ। ਇਸ ਤੋਂ ਪਹਿਲਾਂ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਰਯਾਤ ਐਂਡ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਵੱਖ-ਵੱਖ ਯੋਗਤਾਵਾਂ ਵਾਲੇ ਵੱਡੀ ਗਿਣਤੀ ਨੌਜਵਾਨਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਮੌਕਾ ਮਿਲ ਰਿਹਾ ਹੈ। ਯੁਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਵੀ. ਰਿਹਾਨੀ ਤੇ ਯੂਨੀਵਰਸਿਟੀ ਦੇ ਅਧਿਕਾਰੀ ਸ੍ਰੀ ਸੰਦੀਪ ਕੌੜਾ ਨੇ ਤਕਨੀਕੀ ਸਿੱਖਿਆ ਮੰਤਰੀ ਦਾ ਇਸ ਮੇਲੇ ਵਿੱਚ ਸ਼ਮੂਲੀਅਤ ਲਈ ਧੰਨਵਾਦ ਕੀਤਾ ਤੇ ਨੌਕਰੀਆਂ ਲੈਣ ਲਈ ਪੁੱਜੇ ਉਮੀਦਵਾਰਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਬਿਊਟੀ ਐਂਡ ਵੈੱਲਨੈੱਸ ਸੈਕਟਰ ਸਕਿਲ ਕੌਂਸਲ ਦੇ ਸੀਈਓ ਅੰਨੂ ਵੱਧਵਾ ਅਤੇ ਟੂਰਿਜ਼ਮ ਐਂਡ ਹੌਸਪਿਟੈਲਿਟੀ ਸਕਿੱਲ ਕੌਂਸਲ (ਟੀਐਚਐਸਸੀ) ਦੀ ਸੀਈਓ ਸੋਨਾਲੀ ਸਿਨਹਾ  ਅਤੇ ਐਨਐਸਡੀਸੀ ਤੇ ਪੀਐਸਲੀਐਮ ਦੇ ਨੁਮਾਇੰਦਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।