5 Dariya News

18 ਮਾਰਚ ਨੂੰ ਹੋਵੇਗੀ 21 ਕਿਲੋਮੀਟਰ ਲੰਬੀ ਮੁਕਤਸਰ ਮੈਰਾਥਨ- ਵਧੀਕ ਡਿਪਟੀ ਕਮਿਸ਼ਨਰ

ਜੇਤੂਆਂ ਨੂੰ ਮਿਲਣਗੇ 13 ਲੱਖ ਤੋਂ ਵੱਧ ਦੇ ਨਗਦ ਇਨਾਮ, ਓਲੰਪੀਅਨ ਮਿਲਖਾ ਸਿੰਘ ਅਤੇ ਪੰਜਾਬੀ ਸੰਗੀਤ ਦੀ ਸ਼ਾਨ ਗੁਰਦਾਸ ਮਾਨ ਪੁੱਜਣਗੇ

5 Dariya News

ਫਿਰੋਜ਼ਪੁਰ 23-Feb-2018

ਜ਼ਿਲਾ ਓਲਪਿੰਕ ਐਸੋਸੀਏਸ਼ਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ 18 ਮਾਰਚ 2018 ਨੂੰ ਗਿੱਦੜਬਾਹਾ ਵਿਖੇ 21 ਕਿਲੋਮੀਟਰ ਲੰਬੀ 'ਮੁਕਤਸਰ ਮੈਰਾਥਨ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ. ਨੇ ਮੈਰਾਥਨ ਦੌੜ੍ਹ ਵਿਚ ਫਿਰੋਜ਼ਪੁਰ ਵਾਸੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਵੱਖ-ਵੱਖ ਵਿਭਾਗਾਂ, ਖੇਡ ਐਸੋਸੀਏਸ਼ਨਾਂ, ਸਿੱਖਿਆ ਸੰਸਥਾਵਾ ਨਾਲ ਮੀਟਿੰਗ ਮੌਕੇ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਨੌਜਾਵਾਨਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨ ਲਈ ਇਹ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਾਡੇ ਨੌਜਵਾਨਾਂ ਵਿਚ ਬਹੁਤ ਊਰਜਾ ਹੈ ਬਸ ਜਰੂਰਤ ਹੈ ਇਸ ਊਰਜਾ ਨੂੰ ਸਹੀ ਦਿਸ਼ਾ ਦੇਣ ਦੀ। ਉਨਾਂ ਕਿਹਾ ਕਿ ਜੇਕਰ ਨੌਜਵਾਨ ਨੂੰ ਸਹੀ ਰਾਹ ਵਿਖਾ ਦਿੱਤਾ ਜਾਵੇ ਤਾਂ ਮੰਜਿਲ ਸਾਡੇ ਨੌਜਵਾਨ ਦੇ ਕਦਮਾਂ ਤੋਂ ਦੂਰ ਨਹੀਂ ਹੈ। ਜ਼ਿਲਾ ਓਲਪਿੰਕ ਐਸੋਸੀਏਸ਼ਨ ਇਸੇ ਉਦੇਸ਼ ਨਾਲ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਇਹ ਮੈਰਾਥਨ ਆਯੋਜਨ ਕਰਨ ਜਾ ਰਹੀ ਹੈ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੌਕੇ ਮੰਨੇ ਪ੍ਰਮੰਨੇ ਓਲੰਪੀਅਨ, ਖੇਡ ਜਗਤ ਦੇ ਸਿਤਾਰੇ ਸ: ਮਿਲਖਾ ਸਿੰਘ ਖੁਦ ਪਹੁੰਚ ਕੇ ਨੌਜਵਾਨਾਂ ਦੀ ਹੌਂਸਲਾ ਅਫਜਾਈ ਕਰਣਗੇ। ਸ: ਮਿਲਖਾ ਸਿੰਘ ਇਸ ਆਯੋਜਨ ਦੇ ਬ੍ਰੈਂਡ ਐਂਬਸੈਡਰ ਹੋਣਗੇ। ਇਸੇ ਤਰਾਂ ਪੰਜਾਬੀ ਸੰਗੀਤ ਦੀ ਸ਼ਾਨ ਨਾਮਵਰ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਇਸ ਮੌਕੇ ਆਪਣੀ ਗਾਇਕੀ ਨਾਲ ਹਾਜਰੀਨ ਦਾ ਮਨੋਰੰਜਨ ਕਰਣਗੇ। ਉਨ੍ਹਾਂ ਦੱਸਿਆ ਕਿ 21 ਕਿਲੋਮੀਟਰ ਦੀ ਹਾਫ ਮੈਰਾਥਨ ਤੋਂ ਇਲਾਵਾ 10 ਅਤੇ 5 ਕਿਲੋਮੀਟਰ ਦੀ ਦੌੜ ਵੀ ਇਸ ਆਯੋਜਨ ਦਾ ਹਿੱਸਾ ਹੋਵੇਗੀ। ਜੇਤੂਆਂ ਨੂੰ 13 ਲੱਖ ਰੁਪਏ ਤੋਂ ਵੱਧ ਦੇ ਨਗਦ ਇਨਾਮ ਦਿੱਤੇ ਜਾਣਗੇ। ਪੁਰਸ਼ ਅਤੇ ਮਹਿਲਾ ਦੋਹਾਂ ਸ਼੍ਰੇਣੀਆਂ ਲਈ ਪਹਿਲਾਂ ਇਨਾਮ 1-1 ਲੱਖ ਰੁਪਏ, ਦੂਜਾ ਇਨਾਮ 70 ਹਜਾਰ ਰੁਪਏ ਅਤੇ ਤੀਜਾ ਇਨਾਮ 50 ਹਜਾਰ ਰੁਪਏ ਹੋਵੇਗਾ।  ਉਮਰ ਅਨੁਸਾਰ ਵੱਖ ਵੱਖ ਸ੍ਰੇਣੀਆਂ ਇਸ ਦੌੜ ਲਈ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਨੌਜਵਾਨਾਂ ਨੂੰ ਇਸ ਮੈਰਾਥਨ ਵਿਚ ਭਾਗ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਪਣੇ ਜੋਸ਼, ਜਜ਼ਬੇ ਅਤੇ ਜਨੂੰਨ ਨੂੰ ਸਿੱਧ ਕਰਨ ਦਾ ਨੌਜਵਾਨਾਂ ਲਈ ਇਹ ਬਹੁਤ ਹੀ ਸੁਨਹਿਰੀ ਮੌਕਾ ਹੈ। ਉਨਾਂ ਕਿਹਾ ਕਿ ਭਾਗ ਲੈਣ ਦੇ ਇੱਛੁਕ ਇਸ ਮੈਰਾਥਨ ਲਈ ਆਨਲਾਈਨ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ। ਇਸ ਲਈ ਚਾਹਵਾਨ ਵੇਬਸਾਈਟ https://muktsarmarathon.org ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਬਿਨਾਂ ਕਿਸੇ ਵੀ ਹੋਰ ਜਾਣਕਾਰੀ ਲਈ 62800-44160 ਤੇ ਜਾਂ ਜ਼ਿਲ੍ਹਾ ਖੇਡ ਅਫਸਰ ਫਿਰੋਜ਼ਪੁਰ ਸ਼ਹੀਦ ਭਗਤ ਸਿੰਘ ਸਟੇਡੀਅਮ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।