5 Dariya News

ਗੈਰ ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਰਾਮਵੀਰ

ਮਾਈਨਿੰਗ ਦੀ ਲਗਾਤਾਰ ਚੈਕਿੰਗ ਲਈ ਸਬ ਡਵੀਜ਼ਨ ਪੱਧਰ ਤੇ ਟੀਮਾਂ ਦਾ ਗਠਨ, ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ

5 Dariya News

ਫ਼ਿਰੋਜ਼ਪੁਰ 23-Feb-2018

ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚੋਂ ਰੇਤਾ ਦੀ ਗੈਰ ਕਾਨੂੰਨੀ ਨਿਕਾਸੀ (ਮਾਈਨਿੰਗ) ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਅਜਿਹਾ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐੱਸ. ਨੇ ਸਿਵਲ, ਪੁਲਿਸ, ਮਾਲ, ਮਾਈਨਿੰਗ, ਐਕਸਾਈਜ਼ ਆਦਿ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਵਿਨੀਤ ਕੁਮਾਰ ਨੋਡਲ ਅਫ਼ਸਰ ਵੀ ਹਾਜ਼ਰ ਸਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਵੇਂ ਜ਼ਿਲ੍ਹਾ ਪੱਧਰ ਤੇ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਨੋਡਲ ਅਫ਼ਸਰ ਸ੍ਰੀ. ਵਿਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਟੀਮ ਕੰਮ ਕਰ ਰਹੀ ਹੈ, ਇਸੇ ਤਰ੍ਹਾਂ ਹੀ ਇਹ ਕੰਮ ਤੇ ਲਗਾਤਾਰ ਨਿਗਰਾਨੀ ਰੱਖਣ ਲਈ ਸਬ ਡਵੀਜ਼ਨ ਪੱਧਰ ਤੇ ਸਬੰਧਿਤ ਐੱਸ.ਡੀ.ਐੱਮਜ਼ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਗਈ ਹੈ। ਜਿਸ ਵਿੱਚ ਪੁਲਿਸ, ਮਾਈਨਿੰਗ, ਐਕਸਾਈਜ਼, ਮਾਲ ਆਦਿ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ ਜੋ ਮਾਈਨਿੰਗ ਦੇ ਕੰਮ ਤੇ ਲਗਾਤਾਰ ਨਿਗਰਾਨੀ ਰੱਖਣਗੇ ਅਤੇ ਸ਼ਿਕਾਇਤ ਮਿਲਣ ਤੇ ਤੁਰੰਤ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਦੇ ਕੰਮਾਂ ਦਾ ਹਰ ਹਫ਼ਤੇ ਰੀਵਿਓ ਕੀਤਾ ਜਾਵੇਗਾ ਅਤੇ ਇਸ ਕੰਮ ਵਿੱਚ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਰੇਤ ਦੀਆਂ ਖੱਡਾਂ ਨਾਲ ਸਬੰਧਿਤ ਪਟਵਾਰੀ, ਕਾਨੂੰਗੋ ਅਤੇ ਪੰਚਾਇਤ ਸੈਕਟਰੀ ਆਪਣੇ ਇਲਾਕੇ ਦੀਆਂ ਰੇਤ ਖੱਡਾਂ 'ਤੇ ਨਜ਼ਰ ਰੱਖਣਗੇ ਅਤੇ ਇਸ ਸਬੰਧੀ ਰੋਜ਼ਾਨਾ ਆਪਣੀ ਰਿਪੋਰਟ ਸਬੰਧਿਤ ਐੱਸ.ਡੀ.ਐਮ. ਦਫ਼ਤਰ ਨੂੰ ਦੇਣੀ ਯਕੀਨੀ ਬਣਾਉਣਗੇ। ਉਨ੍ਹਾਂ ਐੱਸ.ਡੀ.ਐਮਜ਼ ਨੂੰ ਆਦੇਸ਼ ਦਿੱਤੇ ਕਿ ਪਿੰਡਾਂ ਦੇ ਗੁਰਦੁਆਰਾ ਸਾਹਿਬ ਜਾਂ ਹੋਰ ਧਾਰਮਿਕ ਸਥਾਨਾਂ ਤੋਂ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਇਸ ਸਬੰਧੀ ਜਾਣੂੰ ਕਰਵਾਇਆ ਜਾਵੇ ਕਿ ਉਹ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਰੇਤ ਦੀ ਨਿਕਾਸੀ ਨਾ ਕਰਨ। ਇਸ ਮੌਕੇ ਗੁਰਜੰਟ ਸਿੰਘ ਜਨ. ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।