5 Dariya News

ਕੈਪਟਨ ਅਮਰਿੰਦਰ ਦੇ 'ਘਰ ਘਰ ਰੁਜ਼ਗਾਰ' ਵਾਅਦੇ ਦੇ ਦੂਜੇ ਗੇੜ 'ਚ ਦਿੱਤੀਆਂ ਜਾਣਗੀਆਂ 45,747 ਨੌਕਰੀਆਂ

ਮਨਪ੍ਰੀਤ ਬਾਦਲ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ 'ਚ ਹਿੱਸਾ ਲੈਣ ਦੀ ਅਪੀਲ

5 Dariya News

ਚੰਡੀਗੜ੍ਹ 22-Feb-2018

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਘਰ ਘਰ ਰੁਜ਼ਗਾਰ ਯੋਜਨਾ ਦਾ ਦੂਜਾ ਗੇੜ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ 45,747 ਨੌਕਰੀਆਂ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਮੈਗਾ ਰੁਜ਼ਗਾਰ ਮੇਲਿਆਂ ਦਾ ਦੂਜਾ ਗੇੜ 8 ਮਾਰਚ ਤਕ ਚੱਲੇਗਾ, ਜੋ 20 ਫਰਵਰੀ ਨੂੰ ਸ਼ੁਰੂ ਹੋਇਆ ਹੈ। ਇਸ ਗੇੜ ਵਿੱਚ ਕੁੱਲ 1689 ਰੁਜ਼ਗਾਰਦਾਤਾਵਾਂ ਵੱਲੋਂ 45,747 ਨੌਕਰੀਆਂ ਦਿੱਤੀਆਂ ਜਾਣਗੀਆਂ। ਰੁਜ਼ਗਾਰ ਲਈ ਪੋਰਟਲ www.ghargharrogar.punjab.gov.in.  ਉਤੇ 73,200 ਬਿਨੈਕਾਰਾਂ ਨੇ ਨਾਂ ਦਰਜ ਕਰਾਏ ਹਨ। ਇਨ੍ਹਾਂ ਰੁਜ਼ਗਾਰ ਮੇਲਿਆਂ ਦੇ 56 ਥਾਵਾਂ 'ਤੇ 140 ਸਮਾਰੋਹ ਕਰਾਏ ਜਾ ਰਹੇ ਹਨ। ਇਹ ਰੁਜ਼ਗਾਰ ਮੇਲੇ ਇੰਡਸਟਰੀ, ਸਿੱਖਿਆ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਸਕਿੱਲ ਕੌਂਸਲ ਸੈਕਟਰ ਨਾਲ ਮਿਲ ਕੇ ਕਰਾਏ ਜਾ ਰਹੇ ਹਨ। ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡੀ ਗਿਣਤੀ 'ਚ ਇਸ ਮੌਕੇ ਦਾ ਲਾਹਾ ਲੈਣ ਦੀ ਅਪੀਲ ਕਰਦਿਆਂ ਰੁਜ਼ਗਾਰ ਉਤਪਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਯੋਗਤਾ ਵਾਲੇ ਨੌਜਵਾਨ ਰੁਜ਼ਗਾਰ ਲਈ ਬਿਨੈਪੱਤਰ ਦੇ ਸਕਦੇ ਹਨ। ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਆਖਰੀ ਸਾਲ ਦੇ ਵਿਦਿਆਰਥੀ ਵੀ ਆਪਣਾ ਨਾਂ ਦਰਜ ਕਰਾ ਸਕਦੇ ਹਨ। ਸਰਕਾਰੀ ਤਰਜਮਾਨ ਮੁਤਾਬਕ ਸਕਿੱਲ ਕੌਂਸਲ ਸੈਕਟਰ ਸ਼੍ਰੇਣੀ ਤਹਿਤ 4500 ਨੌਕਰੀਆਂ ਰੱਖੀਆਂ ਗਈਆਂ ਹਨ। ਇਹ ਨੌਕਰੀਆਂ ਹੁਨਰ ਸਿਖਲਾਈ ਦੇ ਆਧਾਰ ਉਤੇ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਕਰੀਆਂ ਪ੍ਰਹੁਣਾਚਾਰੀ, ਰੂਪ-ਸੱਜਾ ਅਤੇ ਸੈਰ-ਸਪਾਟਾ ਖੇਤਰ ਵਿੱਚ ਹਨ।ਸੂਬਾਈ ਸਰਕਾਰ ਵੱਲੋਂ ਰੁਜ਼ਗਾਰ ਮੁਹਿੰਮ ਲਈ ਜਾਰੀ ਕੀਤੇ ਇਸ ਪੋਰਟਲ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ www.ghargharrogar.punjab.gov.in.  ਪੋਰਟਲ ਦਾ ਮਕਸਦ ਬੇਰੁਜ਼ਗਾਰਾਂ ਅਤੇ ਰੁਜ਼ਗਾਰਦਾਤਿਆਂ ਨੂੰ ਇਕ ਮੰਚ ਮੁਹੱਈਆ ਕਰਾਉਣਾ ਹੈ। ਇਸ ਪੋਰਟਲ ਤਕ ਪਹੁੰਚ ਅਤੇ ਰਜਿਸਟਰੇਸ਼ਨ ਰੁਜ਼ਗਾਰਦਾਤਿਆਂ ਅਤੇ ਨੌਕਰੀ ਦੇ ਚਾਹਤ ਰੱਖਣ ਵਾਲਿਆਂ ਲਈ ਬਿਲਕੁਲ ਮੁਫ਼ਤ ਹੈ। ਇਸ ਪੋਰਟਲ 'ਤੇ ਰਜਿਸਟਰੇਸ਼ਨ ਦੋ-ਪੜਾਵੀਂ ਤੇ ਬੇਹੱਦ ਆਸਾਨ ਹੈ। ਰਜਿਸਟਰੇਸ਼ਨ ਕਰਾਉਣ ਉਤੇ ਮਿਲਣ ਵਾਲੀ ਟਿਕਟ ਬਿਨੈਕਾਰ ਨੇ ਇੰਟਰਵਿਊ ਮੌਕੇ ਲਿਜਾਣੀ ਹੁੰਦੀ ਹੈ। ਪੋਰਟਲ 'ਤੇ ਆਪਣੀ ਯੋਗਤਾ, ਹੁਨਰ ਤੇ ਤਜਰਬੇ ਬਾਰੇ ਜਾਣਕਾਰੀ ਅਪਲੋਡ ਕੀਤੇ ਜਾਣ ਦੌਰਾਨ ਬਿਨੈਕਾਰ ਆਪਣੇ ਰੁਜ਼ਾਗਰਦਾਤੇ ਦੀ ਚੋਣ ਕਰ ਸਕਦਾ ਹੈ ਅਤੇ ਇਸ ਦੌਰਾਨ ਰੁਜ਼ਗਾਰਦਾਤਾ ਵੀ ਆਪਣੀ ਜ਼ਰੂਰਤ ਮੁਤਾਬਕ ਨੌਕਰੀ ਲਈ ਬਿਨੈ ਕਰਨ ਵਾਲੇ ਦੀ ਚੋਣ ਕਰ ਸਕਦਾ ਹੈ। ਇਸ ਪੋਰਟਲ 'ਤੇ ਬਿਨੈਕਾਰ ਨੂੰ ਉਸ ਦੀ ਯੋਗਤਾ, ਸਿੱਖਿਆ ਤੇ ਤਜਰਬੇ ਮੁਤਾਬਕ ਆਪਣੇ ਆਪ ਢੁਕਵੀਆਂ ਨੌਕਰੀਆਂ ਬਾਰੇ ਜਾਣਕਾਰੀ ਮਿਲਦੀ ਹੈ।ਇਹ ਪੋਰਟਲ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ, ਜੋ ਸਕੂਲ ਅੱਧ-ਵਿਚਾਲੇ ਛੱਡਣ ਜਾਂ ਘੱਟ ਸਿੱਖਿਅਤ ਤੇ ਘੱਟ ਹੁਨਰ ਵਾਲੇ ਬਿਨੈਕਾਰਾਂ ਲਈ ਮਦਦਗਾਰ ਹੈ। ਅਜਿਹੇ ਬਿਨੈਕਾਰ ਥੋੜ੍ਹੇ ਸਮੇਂ ਦੇ ਹੁਨਰ ਤੇ ਹੁਨਰ ਨਿਖਾਰ ਪ੍ਰੋਗਰਾਮਾਂ ਦੀ ਚੋਣ ਕਰ ਸਕਦੇ ਹਨ ਤਾਂ ਜੋ ਭਵਿੱਖ ਵਿੱਚ ਬਿਹਤਰ ਰੁਜ਼ਗਾਰ ਦੇ ਕਾਬਿਲ ਹੋ ਸਕਣ। ਸਰਕਾਰੀ ਬੁਲਾਰੇ ਨੇ ਕਿਹਾ ਕਿ ਪ੍ਰਾਈਵੇਟ ਰੁਜ਼ਗਾਰ ਪੋਰਟਲ ਘੱਟ ਸਿੱਖਿਅਤ ਬਿਨੈਕਾਰਾਂ ਲਈ ਮਦਦਗਾਰ ਨਹੀਂ ਹੁੰਦੇ। ਇਸ ਪੋਰਟਲ ਦਾ ਮੋਬਾਈਲ ਐਪ ਜਲਦੀ ਮੁਹੱਈਆ ਕਰਾਇਆ ਜਾਵੇਗਾ, ਜੋ ਸਰਕਾਰ ਦੇ ਰੁਜ਼ਗਾਰ ਏਜੰਡੇ ਨੂੰ ਲਾਗੂ ਕਰਨ ਤੋਂ ਇਲਾਵਾ ਬੇਰੁਜ਼ਗਾਰ ਨੌਜਵਾਨਾਂ ਅਤੇ ਸੰਭਾਵੀਂ ਰੁਜ਼ਗਾਰਦਾਤਿਆਂ ਨੂੰ ਇਕ ਮੰਚ 'ਤੇ ਆਉਣ ਵਿੱਚ ਮਦਦ ਕਰੇਗਾ।