5 Dariya News

ਜ਼ੀਰਕਪੁਰ ਦੀ ਦੁਕਾਨ ਵਿਚੋਂ ਮਿਲੀਆਂ ਪਾਬੰਦੀਸ਼ੁਦਾ ਸਿਗਰਟਾਂ ਤੇ ਤੰਬਾਕੂ

ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਕੀਤੀ ਅਚਨਚੇਤ ਚੈਕਿੰਗ , ਤੰਬਾਕੂ ਵਿਰੋਧੀ ਮੁਹਿੰਮ ਤਹਿਤ ਕੀਤੇ ਸੱਤ ਚਲਾਨ; ਮੌਕੇ 'ਤੇ ਵਸੂਲਿਆ ਜੁਰਮਾਨਾ

5 Dariya News

ਜ਼ੀਰਕਪੁਰ 22-Feb-2018

ਜ਼ਿਲ੍ਹੇ ਵਿਚ ਪਾਬੰਦੀਸ਼ੁਦਾ ਤੰਬਾਕੂ, ਸਿਗਰਟਾਂ ਆਦਿ ਦੀ ਵਿਕਰੀ ਅਤੇ ਵਰਤੋਂ ਨੂੰ ਠੱਲ੍ਹ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਅੱਜ ਸਵੇਰੇ ਜ਼ੀਰਕਪੁਰ ਵਿਚ ਅਚਨਚੇਤ ਜਾਂਚ-ਪੜਤਾਲ ਕੀਤੀ। ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦਸਿਆ ਕਿ ਚੈਕਿੰਗ ਦੌਰਾਨ ਓਸਵਾਲ ਬ੍ਰਦਰਜ਼ ਨਾਮੀ ਕਰਿਆਨੇ ਦੀ ਦੁਕਾਨ ਵਿਚ ਜਾਂਚ ਕੀਤੀ ਗਈ, ਜਿਸ ਦੌਰਾਨ ਪਾਬੰਦੀਸ਼ੁਦਾ ਖ਼ੁਸ਼ਬੂਦਾਰ ਤੰਬਾਕੂ, ਪਾਨ ਮਸਾਲਾ ਅਤੇ ਇੰਪੋਰਟਡ ਸਿਗਰਟਾਂ ਮਿਲੀਆਂ। ਟੀਮ ਨੇ ਪਾਬੰਦੀਸ਼ੁਦਾ ਸਾਮਾਨ ਨੂੰ ਤੁਰੰਤ ਕਬਜ਼ੇ ਵਿਚ ਲੈ ਕੇ ਇਸ ਦੇ ਸੈਂਪਲ ਲਏ ਅਤੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ। ਪਾਬੰਦੀਸ਼ੁਦਾ ਸਿਗਰਟਾਂ ਨੂੰ ਮੌਕੇ  'ਤੇ ਹੀ ਨਸ਼ਟ ਕਰਵਾ ਦਿਤਾ ਗਿਆ। ਉਨ੍ਹਾਂ ਦਸਿਆ ਕਿ ਪਾਬੰਦੀਸ਼ੁਦਾ ਸਾਮਾਨ ਦੇ ਸੈਂਪਲਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਰਿਪੋਰਟ ਆਉਣ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਕਤ ਸਾਮਾਨ ਦੀ ਵਿਕਰੀ ਫ਼ੂਡ ਐਂਡ ਸੇਫ਼ਟੀ ਸਟੈਂਡਰਜ਼ ਐਕਟ ਆਫ਼ ਇੰਡੀਆ ਦੀ ਉਲੰਘਣਾ ਹੈ। ਡਾ. ਰੀਟਾ ਭਾਰਦਵਾਜ ਮੁਤਾਬਕ ਜਾਂਚ-ਪੜਤਾਲ ਲਈ ਜ਼ਿਲ੍ਹਾ ਸਿਹਤ ਅਧਿਕਾਰੀ, ਡਿਪਟੀ ਮੈਡੀਕਲ ਕਮਿਸ਼ਨਰ, ਤੰਬਾਕੂ ਦੇ ਨੋਡਲ ਅਫ਼ਸਰ, ਡਰੱਗ ਇੰਸਪੈਕਟਰ ਆਦਿ ਅਧਿਕਾਰੀਆਂ ਦੀ ਸਾਂਝੀ ਟੀਮ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪਾਬੰਦੀਸ਼ੁਦਾ ਨਸ਼ੇ ਤੇ ਤੰਬਾਕੂ ਆਦਿ ਦੀ ਵਿਕਰੀ ਰੋਕਣ ਲਈ ਵਚਨਬੱਧ ਹੈ ਅਤੇ ਅਜਿਹਾ ਅਚਨਚੇਤੀ ਨਿਰੀਖਣ ਆਉਣ ਵਾਲੇ ਦਿਨਾਂ ਵਿਚ ਵੀ ਕੀਤਾ ਜਾਵੇਗਾ। ਨੋਡਲ ਅਫ਼ਸਰ ਡਾ. ਰਾਜਨ ਸ਼ਾਸਤਰੀ ਨੇ ਦਸਿਆ ਕਿ ਤੰਬਾਕੂ ਵਿਰੋਧੀ ਟੀਮ ਨੇ ਉਕਤ ਕਾਰਵਾਈ ਅਮਲ ਵਿਚ ਲਿਆਉਣ ਮਗਰੋਂ ਜ਼ੀਰਕੁਪਰ ਵਿਚ ਸੜਕਾਂ ਕੰਢੇ ਰੇਹੜੀਆਂ 'ਤੇ ਪਾਬੰਦੀਸ਼ੁਦਾ ਤੰਬਾਕੂ ਆਦਿ ਦੀ ਵਿਕਰੀ ਨੂੰ ਰੋਕਣ ਹਿੱਤ ਮੁਆਇਨਾ ਕੀਤਾ। ਚੈਕਿੰਗ ਦੌਰਾਨ ਸੜਕਾਂ ਕੰਢੇ ਰੇਹੜੀਆਂ ਆਦਿ 'ਤੇ ਪਾਬੰਦੀਸ਼ੁਦਾ ਸਿਗਰਟਾਂ, ਤੰਬਾਕੂ ਵੇਚਣ ਵਾਲਿਆਂ ਵਿਰੁਧ ਸਖ਼ਤੀ ਕਰਦਿਆਂ ਸੱਤ ਚਲਾਨ ਕੱਟੇ ਗਏ ਅਤੇ ਮੌਕੇ 'ਤੇ ਹੀ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ। ਕਈ ਵਿਕਰੇਤਾਵਾਂ ਕੋਲੋਂ ਇੰਪੋਰਟਿਡ ਸਿਗਰਟਾਂ ਮਿਲੀਆਂ ਜਿਨ੍ਹਾਂ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ। ਪੜਤਾਲੀਆ ਟੀਮ ਵਿਚ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਾਜਵੀਰ ਸਿੰਘ ਕੰਗ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ, ਡਰੱਗ ਇੰਸਪੈਕਟਰ ਅਮਿਤ ਲਖਣਪਾਲ, ਫ਼ੂਡ ਇੰਸਪੈਟਕਰ ਅਨਿਲ ਕੁਮਾਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਆਦਿ ਸ਼ਾਮਲ ਸਨ। 

MIX PUNJAB