5 Dariya News

ਮੋਹਾਲੀ ਵਿਚ ਹੀ ਬਣੇਗਾ ਪ੍ਰਸਤਾਵਿਤ ਮੈਡੀਕਲ ਕਾਲਜ : ਬਲਬੀਰ ਸਿੰਘ ਸਿੱਧੂ

ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ, ਸਿਹਤ ਵਿਭਾਗ ਅਤੇ ਗਮਾਡਾ ਦੇ ਅਧਿਕਾਰੀਆਂ ਨੇ ਮੈਡੀਕਲ ਕਾਲਜ ਬਣਾਉਣ ਸਬੰਧੀ ਥਾਂ ਦਾ ਲਿਆ ਜਾਇਜ਼ਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 22-Feb-2018

ਮੋਹਾਲੀ ਵਿਚ ਹੀ ਬਣੇਗਾ ਪ੍ਰਸਤਾਵਿਤ ਮੈਡੀਕਲ ਕਾਲਜ। ਇਸਨੂੰ ਹੋਰ ਥਾਂ ਤੇ ਬਦਲਣ ਦੀ ਕੋਈ ਤਜਵੀਜ਼ ਨਹੀਂ ਹੈ। ਇਸ ਸਬੰਧੀ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਵੀ ਸਪੱਸ਼ਟ ਤੌਰ ਤੇ ਭਰੋਸਾ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸਥਾਨਿਕ ਵਿਧਾਇਕ  ਬਲਬੀਰ ਸਿੰਘ ਸਿੱਧੂ ਨੇ ਮੈਡੀਕਲ ਕਾਲਜ਼ ਬਣਾਉਣ ਲਈ ਸਿਹਤ ਵਿਭਾਗ,ਮੈਡੀਕਲ ਸਿੱਖਿਆ ਵਿਭਾਗ, ਗਮਾਡਾ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਬੜਮਾਜਰਾ ਅਤੇ ਬਲੌਂਗੀ ਵਿਖੇ ਥਾਂ ਦਾ ਜਾਇਜਾ ਲੈਣ ਉਪਰੰਤ ਦਿੱਤੀ। ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸ੍ਰ: ਸਿੱਧੂ ਨੇ ਮੈਡੀਕਲ ਕਾਲਜ ਨੂੰ ਮੁਹਾਲੀ ਤੋਂ ਤਬਦੀਲ ਕੀਤੀਆਂ ਜਾਣ ਵਾਲੀਆਂ ਕਿਆਸਰਾਈਆਂ ਨੂੰ ਮੁੱਢ ਤੋਂ ਰੱਦ ਕਰਦਿਆਂ ਕਿਹਾ ਕਿ ਇਸ ਵਿਚ ਕੋਈ ਵੀ ਸਚਾਈ ਨਹੀਂ ਹੈ। ਮੈਡੀਕਲ ਕਾਲਜ਼ ਮੁਹਾਲੀ ਵਿਖੇ ਹੀ ਬਣੇਗਾ। ਉਨ੍ਹਾਂ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਅਜਿਹੇ ਵਿਅਕਤੀਆਂ ਦੀਆਂ ਲੁੰਬੜਚਾਲਾਂ ਵਿਚ ਨਾ ਆਉਣ ਜਿਹੜੇ ਕਿ ਮੈਡੀਕਲ ਕਾਲਜ ਨੂੰ ਮੁਹਾਲੀ ਤੋਂ ਤਬਦੀਲ ਕਰਨ ਦਾ ਝੂਠਾ ਪ੍ਰਚਾਰ ਕਰ ਰਹੇ ਹਨ।ਮੈਡੀਕਲ ਕਾਲਜ ਬਣਾਉਣ ਵਾਲੀ ਥਾਂ ਦਾ ਜਾਇਜਾ ਲੈਣ ਮੌਕੇ ਸ੍ਰ: ਸਿੱਧੂ ਨਾਲ ਉਨ੍ਹਾਂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾਂ ਮੱਛਲੀਕਲਾਂ, ਗੁਰਚਰਨ ਸਿੰਘ ਭਮਰਾ, ਮੈਡੀਕਲ ਸਿੱਖਿਆ ਵਿਭਾਗ ਦੇ ਸੰਯੁਕਤ ਡਾਇਰੈਕਟਰ ਅਤੇ ਸਿਹਤ ਮੰਤਰੀ ਪੰਜਾਬ ਦੇ ਓ.ਐਸ.ਡੀ., ਡਾ: ਪੁਨੀਤ ਗਿਰਦਰ,  ਵਧੀਕ  ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਜੀਵ ਕੁਮਾਰ ਗਰਗ, ਸਿਵਲ ਸਰਜਨ ਡਾ: ਰੀਟਾ ਭਾਰਦਵਾਜ, ਐਸ.ਡੀ.ਐਮ. ਡਾ:ਆਰ.ਪੀ.ਸਿੰਘ, ਐਸ.ਐਮ.ਓ.ਮਨਜੀਤ ਸਿੰਘ ਅਤੇ ਸਿਹਤ ਵਿਭਾਗ ਤੇ ਸਿਵਲ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।