5 Dariya News

ਕਲਾ ਭਵਨ ਵਿਖੇ ਮਨਾਇਆ ਕੌਮਾਂਤਰੀ ਮਾਂ ਬੋਲੀ ਦਿਵਸ, ਸੁਰਜੀਤ ਪਾਤਰ ਵੱਲੋਂ ਨਵੀਂ ਪੀੜ੍ਹੀ ਨੂੰ ਮਾਂ ਬੋਲੀ ਦੇ ਰਖਵਾਲੇ ਬਣਨ ਦਾ ਸੱਦਾ

ਪੰਜਾਬ ਕਲਾ ਪਰਿਸ਼ਦ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਸਾਹਿਤਕ ਤੇ ਸੱਭਿਆਚਾਰਕ ਮੁਕਾਬਲੇ ਕਰਵਾਏ

5 Dariya News

ਚੰਡੀਗੜ੍ਹ 21-Feb-2018

ਪੰਜਾਬ ਕਲਾ ਪਰਿਸ਼ਦ ਵੱਲੋਂ ਅੱਜ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਨਿਵੇਕਲੇ ਅਤੇ ਵੱਡੇ ਪੱਧਰ 'ਤੇ ਮਨਾਉਂਦਿਆਂ ਕਲਾ ਭਵਨ ਵਿਖੇ ਵਿਦਿਆਰਥੀਆਂ ਦੇ ਸਾਹਿਤਕ ਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ। ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਵੱਲੋਂ ਆਉਣ ਵਾਲੀ ਪੀੜ੍ਹੀ ਨੂੰ ਮਾਂ ਬੋਲੀ ਦੇ ਰਖਵਾਲੇ ਬਣਨ ਦਾ ਸੱਦਾ ਦੇਣ ਨਾਲ ਸ਼ੁਰੂ ਹੋਏ ਮੁਕਾਬਲਿਆਂ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ 18 ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਅੱਜ ਦੇ ਮੁਕਾਬਲਿਆਂ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਮਿਲਰਗੰਜ਼ (ਲੁਧਿਆਣਾ) ਨੇ ਓਵਰ ਆਲ ਟਰਾਫੀ ਜਿੱਤੀ ਜਦੋਂ ਕਿ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਉਪ ਜੇਤੂ ਰਿਹਾ। ਅੱਜ ਸਾਰਾ ਦਿਨ ਕਲਾ ਭਵਨ ਦਾ ਵਿਹੜਾ ਪੰਜਾਬ ਮਾਂ ਬੋਲੀ ਦੇ ਰੰਗ ਵਿੱਚ ਰੰਗਿਆ ਰਿਹਾ ਅਤੇ ਸਾਰਾ ਦਿਨ ਮੁਕਾਬਲੇ ਚੱਲਦੇ ਰਹੇ। ਕਲਾ ਭਵਨ ਵਿੱਚ ਮਾਂ ਬੋਲੀ ਨੂੰ ਸਮਰਪਿਤ ਸਲੋਗਨ ਲਗਾਏ ਹੋਏ ਸਨ।ਲੋਕ ਗਾਥਾਵਾਂ ਦੇ ਮੁਕਾਬਲੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਦੇ ਰਣਦੀਪ ਕੌਰ ਨੇ ਪਹਿਲਾ, ਐਸ.ਐਮ.ਐਸ. ਕਾਲਜ ਮਿਆਣੀ ਦੇ ਨਵਜੋਤ ਸਿੰਘ ਨੇ ਦੂਜਾ ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਝਾੜ ਸਾਹਿਬ ਦੀ ਹਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੋਕ ਗੀਤ ਮੁਕਾਬਲੇ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਮਿਲਰਗੰਜ਼ (ਲੁਧਿਆਣਾ) ਦੀ ਮਹਿਕ ਨੇ ਪਹਿਲਾ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਝਾੜ ਸਾਹਿਬ ਦੀ ਸੁਖਬੀਰ ਕੌਰ ਨੇ ਦੂਜਾ ਤੇ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੀ ਕਾਇਨਾਤ ਨੇ ਤੀਜਾ ਸਥਾਨ ਹਾਸਲ ਕੀਤਾ। ਕਾਵਿ ਉਚਾਰਨ ਮੁਕਾਬਲੇ ਵਿੱਚ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਨੇ ਪਹਿਲਾ, ਬੀ.ਸੀ.ਐਮ. ਕਾਲਜ ਆਫ ਐਜੂਕੇਸ਼ਨ ਲੁਧਿਆਣਾ ਦੀ ਮਨਪ੍ਰੀਤ ਕੌਰ ਨੇ ਦੂਜਾ ਅਤੇ ਰਾਮਗੜ੍ਹੀਆ ਗਰਲਜ਼ ਕਾਲਜ ਮਿਲਰਗੰਜ਼ (ਲੁਧਿਆਣਾ) ਦੀ ਸ਼ੋਭਿਤਾ ਤੇ ਜੀ.ਜੀ.ਡੀ.ਐਸ.ਡੀ.ਕਾਲਜ ਸੈਕਟਰ 32 ਚੰਡੀਗੜ੍ਹ ਦੀ ਇਸ਼ਨੂਰ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਲ ਕੀਤਾ। ਕਵਿਤਾ 'ਤੇ ਆਧਾਰਿਤ ਪੋਸਟਰ ਮੁਕਾਬਲਿਆਂ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਮਿਲਰਗੰਜ਼ ਦੀ ਜਿਓਤੀ ਸਹਿਗਲ ਨੇ ਪਹਿਲਾ, ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੀ ਗਗਨਦੀਪ ਕੌਰ ਨੇ ਦੂਜਾ ਤੇ ਏ.ਐਸ.ਕਾਲਜ ਖੰਨਾ ਦੀ ਅੰਜੂ ਬਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਮੁਹਾਵਰੇਦਾਰ ਵਾਰਤਾਲਾਪ ਮੁਕਾਬਲਿਆਂ ਵਿੱਚ ਐਮ.ਸੀ.ਐਮ.ਡੀ.ਏ.ਵੀ. ਗਰਲਜ਼ ਕਾਲਜ ਚੰਡੀਗੜ੍ਹ ਨੇ ਪਹਿਲਾ, ਰਾਮਗੜ੍ਹੀਆ ਗਰਲਜ਼ ਕਾਲਜ ਮਿਲਰਗੰਜ਼ ਨੇ ਦੂਜਾ ਅਤੇ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਨੇ ਤੀਜਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ 'ਤੇ ਆਉਣ ਵਾਲੇ 3000 ਰੁਪਏ, ਦੂਜੇ ਸਥਾਨ ਨੂੰ 2000 ਤੇ ਤੀਜੇ ਸਥਾਨ ਨੂੰ 1500 ਰੁਪਏ ਦੇ ਨਗਦ ਇਨਾਮਾਂ ਦੇ ਨਾਲ ਟਰਾਫੀਆਂ ਅਤੇ ਸਰਟੀਫਿਕੇਟ ਦਿੱਤੇ ਗਏ। ਹਿੱਸਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਾਹਿਤਕ ਪੁਸਤਕਾਂ ਇਨਾਮ ਵਿੱਚ ਦਿੱਤੀਆਂ ਗਈਆਂ।

ਇਸ ਤੋਂ ਪਹਿਲਾਂ ਸਵੇਰੇ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸਮਾਗਮ ਦਾ ਆਗਾਜ਼ ਸ਼ਮਾ ਰੌਸ਼ਨ ਕਰ ਕੇ ਕੀਤਾ। ਇਸ ਮੌਕੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ 'ਐ ਮੇਰੀ ਮਾਤ ਬੋਲੀ..' ਨੂੰ ਚਲਾਇਆ ਗਿਆ। ਉਦਘਾਟਨੀ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੁਨੀਆਂ ਵਿੱਚ 11ਵੇਂ ਨੰਬਰ ਦੀ ਭਾਸ਼ਾ ਹੈ ਅਤੇ 150 ਮੁਲਕਾਂ ਵਿੱਚ ਬੋਲੀ ਜਾਂਦੀ ਹੈ। ਉਨ੍ਹਾਂ ਪ੍ਰਸਿੱਧ ਲੇਖਕ ਅਤੇ ਫਿਲਮ ਕਲਾਕਾਰ ਬਲਰਾਜ ਸਾਹਨੀ ਦੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਮਾਂ ਬੋਲੀ ਨਾਲ ਹੀ ਪਛਾਣ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਦਿਲ ਦੇ ਵਲਵਲਿਆਂ ਅਤੇ ਜਜ਼ਬਿਆਂ ਦੀ ਭਾਸ਼ਾ ਹੈ ਅਤੇ ਆਪਣੇ ਮਨ ਦੇ ਭਾਵ ਸਿਰਫ ਮਾਂ ਬੋਲੀ ਰਾਹੀਂ ਹੀ ਪ੍ਰਗਟਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਮਾਂ ਬੋਲੀ ਨੂੰ ਬਚਾਉਣ ਲਈ ਸਭ ਤੋਂ ਜ਼ਰੂਰੀ ਹੈ ਕਿ ਨਵੀਂ ਪੀੜ੍ਹੀ ਨੂੰ ਇਸ ਨਾਲ ਜੋੜਿਆ ਜਾਵੇ। ਉਨ੍ਹਾਂ ਨੌਜਵਾਨਾਂ ਨੂੰ ਮਾਂ ਬੋਲੀ ਦੇ ਸਰਵਣ ਪੁੱਤ-ਧੀਆਂ ਬਣ ਕੇ ਰਖਵਾਲੇ ਬਣਨ ਦਾ ਵੀ ਸੱਦਾ ਦਿੱਤਾ।ਮਹਾਰਾਸ਼ਟਰ ਤੋਂ ਉਚੇਚੇ ਤੌਰ 'ਤੇ ਆਏ ਸੰਜੇ ਨਾਹਰ ਨੂੰ 'ਪੰਜਾਬੀ ਮਾਂ ਬੋਲੀ ਸੇਵਾ ਪੁਰਸਕਾਰ' ਨਾਲ ਸਨਮਾਨਿਆ ਗਿਆ। ਸੰਜੇ ਨਾਹਰ ਨੇ ਪੰਜਾਬੀ ਤੇ ਮਰਾਠੀ ਭਾਸ਼ਾ ਦੇ ਸੋਹਲੇ ਗਾਉਂਦੇ ਕਿਹਾ ਕਿ ਪੰਜਾਬੀਆਂ ਤੇ ਮਹਾਂਰਾਸ਼ਟਰ ਦੇ ਲੋਕਾਂ ਦੀ ਬਹੁਤ ਵੱਡੀ ਸਾਂਝ ਹੈ ਅਤੇ ਦੋਵੇਂ ਬਹਾਦਰ ਕੌਮਾਂ ਦੇ ਹੁੰਦੇ ਉਨ੍ਹਾਂ ਦੀਆਂ ਮਾਤ ਭਾਸ਼ਾਵਾਂ ਕਦੇ ਖਤਮ ਨਹੀਂ ਹੋ ਸਕਦੀਆਂ। ਉਨ੍ਹਾਂ ਕਿਹਾ ਕਿ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਮਾਂ ਬੋਲੀ ਨਾਲ ਜੋੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਉਪਰ ਮਾਣ ਹੋਣਾ ਚਾਹੀਦਾ ਹੈ ਅਤੇ ਕਦੇ ਵੀ ਇਸ ਤੋਂ ਸ਼ਰਮ ਨਹੀਂ ਕਰਨੀ ਚਾਹੀਦੀ।

ਇਸ ਮੌਕੇ ਲੋਕ ਗੀਤ ਤੇ ਲੋਕ ਗਾਥਾਵਾਂ ਦੇ ਮੁਕਾਬਲਿਆਂ ਦੇ ਜੱਜ ਬਣ ਕੇ ਆਏ ਪ੍ਰਸਿੱਧ ਲੋਕ ਗਾਇਕ ਹਰਦੀਪ ਨੇ ਆਪਣਾ ਪ੍ਰਸਿੱਧ ਗੀਤ 'ਸ਼ਹਿਰ ਪਟਿਆਲੇ ਦੇ' ਅਤੇ 'ਗੁੰਮ ਹੋ ਗਈ ਜਵਾਨੀ' ਗਾ ਕੇ ਪੂਰਾ ਰੰਧਾਵਾ ਆਡੀਟੋਰੀਅਮ ਝੂੰਮਣ ਲਾ ਦਿੱਤਾ। ਕਾਵਿ ਉਚਾਰਨ ਮੁਕਾਬਲਿਆਂ ਦੇ ਜੱਜ ਸੁਖਵਿੰਦਰ ਅੰਮ੍ਰਿਤ ਨੇ ਵੀ ਗੀਤ 'ਐ ਮੇਰੀ ਮਾਤ ਬੋਲੀ' ਗਾਇਆ। ਇਸ ਮੌਕੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਗੁਰਬਚਨ ਬਰਾੜ, ਤਾਰਾ ਸਿੰਘ ਆਲਮ, ਸੁਖਵਿੰਦਰ ਅੰਮ੍ਰਿਤ, ਆਰਟਿਸਟ ਕਮਲਜੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਗਾਇਕਾ ਸੁੱਖੀ ਬਰਾੜ, ਸੰਦੀਪ ਜੋਸ਼ੀ, ਆਰ.ਐਮ.ਸਿੰਘ ਤੇ ਸਤਵੰਤ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ।ਅੱਜ ਦੇ ਮੁਕਾਬਲਿਆਂ ਦੇ ਸੰਯੋਜਕ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ.ਨਿਰਮਲ ਜੌੜਾ ਨੇ ਕਿਹਾ ਕਿ ਵਿਦਿਆਰਥੀ ਹੀ ਸਭ ਤੋਂ ਵੱਡੀ ਪੂੰਜੀ ਹੈ ਅਤੇ ਕੌਮਾਂਤਰੀ ਮਾਂ ਬੋਲੀ ਦਿਵਸ ਰਾਹੀਂ ਅੱਜ ਵਿਦਿਆਰਥੀਆਂ ਨੂੰ ਸਾਹਿਤ ਤੇ ਸੱਭਿਆਚਾਰ ਨਾਲ ਜੋੜਿਆ ਗਿਆ ਹੈ। ਉਨ੍ਹਾਂ ਅੱਜ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਅੰਤ ਵਿੱਚ ਪਰਿਸ਼ਦ ਦੇ ਸਕੱਤਰ ਜਨਰਲ ਡਾ.ਲਖਵਿੰਦਰ ਜੌਹਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਪੰਜਾਬ ਕਲਾ ਪਰਿਸ਼ਦ ਵੱਲੋਂ ਭਵਿੱਖ ਵਿੱਚ ਵੀ ਪੰਜਾਬੀ ਮਾਂ ਬੋਲੀ, ਸਾਹਿਤ, ਸੱਭਿਆਚਾਰ ਤੇ ਵਿਰਸੇ ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ।ਇਸ ਮੌਕੇ ਪੰਜਾਬੀ, ਅੰਗਰੇਜ਼ੀ ਅਤੇ ਸ਼ਾਹਮੁੱਖੀ ਭਾਸ਼ਾ ਵਿੱਚ ਪ੍ਰਕਾਸ਼ਿਤ ਪੰਜਾਬੀ ਬਾਤਾਂ ਦੀ ਪੁਸਤਕ 'ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ' ਵੀ ਰਿਲੀਜ਼ ਕੀਤੀ ਗਈ। ਗਾਇਕ ਯਾਕੂਬ ਦਾ ਗੀਤ 'ਮਾਂ ਬੋਲੀ' ਦਾ ਪੋਸਟਰ ਵੀ ਰਿਲੀਜ਼ ਕੀਤੀ। ਪ੍ਰੋਗਰਾਮਾਂ ਦਾ ਮੰਚ ਸੰਚਾਲਨ ਡਾ.ਨਿਰਮਲ ਜੌੜਾ ਅਤੇ ਸਿਮਰਨਜੀਤ ਸਿੰਮੀ ਨੇ ਕੀਤਾ। ਅੰਤ ਵਿੱਚ ਸਿਮਰਨਜੀਤ ਸਿੰਮੀ ਨੇ ਵੀ ਮਾਂ ਬੋਲੀ ਨੂੰ ਸਮਰਪਿਤ ਗੀਤ ਗਾਇਆ। ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮੰਨਾ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੀ ਸਕੱਤਰ ਪ੍ਰੀਤਮ ਰੁਪਾਲ, ਕਵੀ ਦੀਪਕ ਸ਼ਰਮਾ ਚਨਾਰਥਲ, ਸਾਹਿਤਕਾਰ ਡਾ.ਸੁਰਿੰਦਰ ਗਿੱਲ ਵੀ ਹਾਜ਼ਰ ਸਨ।