5 Dariya News

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ 'ਤੇ ਆਏ ਕੈਨੇਡੀਅਨ ਵਫ਼ਦ ਨਾਲ ਸਿੱਖ ਆਗੂਆਂ ਦੀ ਅਹਿਮ ਮੀਟਿੰਗ

ਜਸਟਿਨ ਟਰੂਡੋ ਸਿੱਖ ਭਾਈਚਾਰੇ ਦਾ ਪ੍ਰਸੰਸਕ, ਸਿੱਖਾਂ ਪ੍ਰਤੀ ਸਭ ਤੋਂ ਵਧ ਤਵਜੋਂ ਦੇਣ ਦਾ ਦਾਅਵਾ

5 Dariya News

ਮੁੰਬਈ 21-Feb-2018

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ 'ਤੇ ਆਏ ਕੈਨੇਡੀਅਨ ਵਫ਼ਦ ਨੇ ਮੁੰਬਈ ਵਿਖੇ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਅਤੇ ਸੁਪਰੀਮ ਸਿੱਖ ਕੌਂਸਲ ਆਫ਼ ਨਵੀਂ ਮੁੰਬਈ ਗੁਰਦਵਾਰਾਜ ਦੇ ਆਗੂਆਂ ਨਾਲ ਇੱਕ ਅਹਿਮ ਮੀਟਿੰਗ ਕਰਦਿਆਂ ਦੁਵੱਲੇ ਵਪਾਰਕ, ਪੂੰਜੀ ਨਿਵੇਸ਼,ਦੋਹਰੇ ਟੈਕਸਾਂ ਬਾਰੇ ਸੰਦੇਹ ਅਤੇ ਹੋਰਨਾਂ ਸਮਾਜਿਕ ਮਸਲਿਆਂ 'ਤੇ ਡੂੰਘੀਆਂ ਵਿਚਾਰਾਂ ਕੀਤੀਆਂ।ਕੈਨੇਡੀਅਨ ਐੱਮ ਪੀਜ਼ ਦੇ ਵਫ਼ਦ ਜਿਨ੍ਹਾਂ 'ਚ ਸਰੀ ਸੈਂਟਰ ਬ੍ਰਿਟਿਸ਼ ਕੋਲੰਬੀਆ ਦੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ,ਬ੍ਰੈਂਪਟਨ ਈਸਟ ਓਨਟਾਰੀਓ ਦੇ ਐੱਮ ਪੀ ਰਾਜ ਸਿੰਘ ਗਰੇਵਾਲ, ਲਾਸਲੇਲ ਕਿਊਬੈਕ ਦੇ ਐੱਮ ਪੀ ਸ੍ਰੀਮਤੀ ਅੰਜੂ ਢਿੱਲੋਂ , ਬਰੈਂਪਟਨ ਵੈਸਟ ਆਂਟੇਰੀਓ ਦੀ ਐੱਮ ਪੀ ਸ੍ਰੀਮਤੀ ਕਮਲ ਖਹਿਰਾ, ਬਰੈਂਪਟਨ ਸਾਊਥ ਓਨਟਾਰੀਓ ਦੇ ਸ੍ਰੀਮਤੀ ਸੋਨੂੰ ਸਿੱਧੂ, ਸਕਾਰਬਰੋ ਨਾਰਥ ਓਨਟਾਰੀਓ ਤੋਂ ਚੀਨੀ ਮੂਲ ਦੇ ਐੱਮ ਪੀ ਸ਼ਾਨ ਚੈਨ ਅਤੇ ਜ਼ਜੀਮੀ ਗਰੁੱਪ ਆਫ਼ ਕੰਪਨੀਆਂ ਦੇ ਸੀਈਓ ਅਤੇ ਪ੍ਰਧਾਨ ਯੂਸਫ਼ ਯੈਨਿਲਮੇਜ਼ ਆਦਿ ਸ਼ਾਮਿਲ ਸਨ ਨੇ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਸ: ਦਲਜੀਤ ਸਿੰਘ ਬਲ ਅਤੇ ਸਿੱਖ ਕੌਂਸਲ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਨੂੰ ਦੱਸਿਆ ਕਿ ਭਾਰਤੀਆਂ ਖਾਸ ਕਰ ਸਿੱਖ ਭਾਈਚਾਰੇ ਲਈ ਕੈਨੇਡਾ 'ਚ ਸਥਾਈ ਨਾਗਰਿਕਤਾ ਪ੍ਰਾਪਤ ਕਰਨ ਲਈ ਕਈ ਸਕੀਮਾਂ, ਉੱਥੇ ਪੂੰਜੀ ਨਿਵੇਸ਼, ਵਪਾਰ ਅਤੇ ਟ੍ਰਾਂਸਪੋਰਟੇਸ਼ਨ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਕਈ ਮੌਕੇ ਹਨ ਜੋ ਕਿ ਕੈਨੇਡਾ ਇਸ ਪ੍ਰਤੀ ਸਿੱਖ ਭਾਈਚਾਰੇ ਤੋਂ ਸਹਿਯੋਗ ਲਈ ਆਸਵੰਦ ਹੈ।ਨਿਵੇਸ਼ਕਾਂ ਲਈ ਦਰਵਾਜ਼ੇ ਖੁੱਲ੍ਹੇ ਹਨ ਜਿਸ ਲਈ ਉਹਨਾਂ ਦੇ ਦਫ਼ਤਰ ਸੰਪਰਕ ਲਈ 24 ਘੰਟੇ ਖਲੇ ਹਨ। ਉਹਨਾਂ ਦੱਸਿਆ ਕਿ ਇਸ ਵਕਤ ਭਾਰਤੀਆਂ ਦਾ ਕੈਨੇਡਾ 'ਚ ਪੂੰਜੀ ਨਿਵੇਸ਼ ਬਹੁਤ ਹੀ ਨਿਗੂਣੀ ਹੈ।ਵਫ਼ਦ ਨੇ ਦੱਸਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿੱਖ ਭਾਈਚਾਰੇ ਦਾ ਪ੍ਰਸੰਸਕ ਹਨ ਅਤੇ ਉਨ੍ਹਾਂ ਵਲ ਵਧ ਤੋਂ ਵਧ ਤਵਜੋਂ ਦੇ ਰਹੇ ਹਨ। 

ਉਹਨਾਂ ਦੱਸਿਆ ਕਿ ਜਸਟਿਨ ਟਰੂਡੋ ਸਿੱਖ ਕੌਮ ਦੇ ਗੌਰਵਮਈ ਇਤਿਹਾਸ, ਮਹਾਨ ਰਵਾਇਤਾਂ, ਪਰੰਪਰਾਵਾਂ ਅਤੇ ਮਨੁੱਖਤਾਵਾਦੀ ਸਿਧਾਂਤ ਤੋਂ ਬਹੁਤ ਪ੍ਰਭਾਵਿਤ ਹਨ। ਜਿਸ ਲਈ ਉਹ ਸਿੱਖ ਭਾਈਚਾਰੇ ਨੂੰ ਕੈਨੇਡਾ 'ਚ ਵਧ ਤੋਂ ਵਧ ਵਸਾਉਣ ਅਤੇ ਪੂੰਜੀ ਨਿਵੇਸ਼ ਦਾ ਮੌਕਾ ਦੇ ਕੇ ਕੈਨੇਡਾ ਦੇ ਵਿਕਾਸ ਲਈ ਅਹਿਮ ਕਦਮ ਉਠਾਉਣਾ ਚਾਹੁੰਦੇ ਹਨ। ਇਸ ਮੌਕੇ ਸ: ਬੱਲ ਅਤੇ ਭਾਈ ਸਿੱਧੂ ਨੇ ਦੱਸਿਆ ਕਿ ਉਹਨਾਂ ਦੀ ਕੈਨੇਡੀਅਨ ਵਫ਼ਦ ਨਾਲ ਮੇਜ਼ਬਾਨੀ ਕਰਦਿਆਂ ਕੀਤੀ ਗਈ ਮੀਟਿੰਗ ਲਾਭਦਾਇਕ ਰਿਹਾ। ਉਹਨਾਂ ਕਿਹਾ ਕਿ ਕੈਨੇਡੀਅਨ ਵਫ਼ਦ ਨੇ ਭਵਿੱਖ ਦੌਰਾਨ ਵੀ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਨਾਲ ਸੰਚਾਰ ਅਤੇ ਸੰਬੰਧ ਬਣਾਈ ਰੱਖਣ ਦਾ ਭਰੋਸਾ ਦਿੱਤਾ ਹੈ। ਸਿੱਖ ਆਗੂਆਂ ਨੇ ਵਿਅਸਤ ਤੇ ਆਪਣੇ ਕੀਮਤੀ ਸਮਾਂ ਤੋਂ ਵਕਤ ਕੱਢ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਕੈਨੇਡੀਅਨ ਡੈਲੀਗੇਸ਼ਨ ਦਾ ਧੰਨਵਾਦ ਕੀਤਾ । ਇਸ ਮੌਕੇ ਮਹਾਰਾਸ਼ਟਰ  ਟੈਂਕ ਲੋਰੀ ਓਨਰ ਐਸੋਸੀਏਸ਼ਨ, ਫੈਡਰੇਸ਼ਨ ਆਫ਼ ਮੁੰਬਈ ਮੋਟਰ ਟਰਾਂਸਪੋਰਟ ਉਪਰੇਟਰਜ ਦੇ ਆਗੂਆਂ ਤੋਂ ਇਲਾਵਾ ਮਹਾਰਾਸ਼ਟਰ ਪੰਜਾਬ ਐਡ ਕੋਅਪਰੇਟਿਵ ਬੈਂਕ ਐਸੋਸੀਏਸ਼ਨ ਦੇ ਚੇਅਰਮੈਨ ਸ: ਵਰਿਆਮ ਸਿੰਘ, ਮਲਕੀਤ ਸਿੰਘ ਬਲ, ਇੰਦਰਜੀਤ ਸਿੰਘ ਬਲ, ਗੁਰਿੰਦਰ ਸਿੰਘ ਗਰੇਵਾਲ, ਦਲਬੀਰ ਸਿੰਘ, ਪ੍ਰੋ: ਨਿਰਮਲ ਸਿੰਘ, ਅਤੇ ਹਰਵੰਤ ਸਿੰਘ ਗਰੇਵਾਲ ਆਦਿ ਮੌਜੂਦ ਸਨ।