5 Dariya News

ਡਾ.ਮਹਿੰਦਰ ਸਿੰਘ ਰੰਧਾਵਾ ਦੀ ਪਤਨੀ ਇਕਬਾਲ ਕੌਰ ਨੂੰ ਸੇਜਲ ਅੱਖਾਂ ਨਾਲ ਵਿਦਾ ਕੀਤਾ

ਪੰਜਾਬ ਸਰਕਾਰ ਤਰਫੋਂ ਕੈਬਨਿਟ ਮੰਤਰੀ ਸਿੱਧੂ ਨੇ ਸ਼ਰਧਾਂਜਲੀ ਭੇਂਟ ਕੀਤੀ

5 Dariya News

ਚੰਡੀਗੜ੍ਹ 20-Feb-2018

ਚੰਡੀਗੜ੍ਹ ਦੇ ਪਹਿਲੇ ਚੀਫ ਕਮਿਸ਼ਨਰ ਅਤੇ ਪੰਜਾਬ ਦੀ ਅਦੁੱਤੀ ਸਖਸ਼ੀਅਤ ਡਾ.ਮਹਿੰਦਰ ਸਿੰਘ ਰੰਧਾਵਾ ਦੀ ਪਤਨੀ ਸ੍ਰੀਮਤੀ ਇਕਬਾਲ ਕੌਰ ਰੰਧਾਵਾ ਨੂੰ ਅੱਜ ਸੇਜਲ ਅੱਖਾਂ ਨਾਲ ਵਿਦਾ ਕੀਤਾ ਗਿਆ। ਸ੍ਰੀਮਤੀ ਰੰਧਾਵਾ (101) ਜਿਨ੍ਹਾਂ ਦਾ ਬੀਤੀ ਸ਼ਾਮ ਸੰਖੇਪ ਬਿਮਾਰੀ ਉਪਰੰਤ ਨਿੱਜੀ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ, ਪਿੱਛੇ ਇਕ ਪੁੱਤਰ ਤੇ ਦੋ ਧੀਆਂ ਛੱਡ ਗਏ।ਇਥੋਂ ਦੇ ਸੈਕਟਰ 25 ਸਥਿਤ ਸਮਸ਼ਾਨ ਘਾਟ ਵਿਖੇ ਸ੍ਰੀਮਤੀ ਰੰਧਾਵਾ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਤਰਫੋਂ ਕੈਬਨਿਟ ਮੰਤਰੀ ਸ.ਨਵਜੋਤ ਸਿੰਘ ਸਿੱਧੂ ਨੇ ਸ੍ਰੀਮਤੀ ਰੰਧਾਵਾ ਦੀ ਦੇਹ 'ਤੇ ਫੁੱਲਮਾਲਵਾਂ ਭੇਂਟ ਕੀਤੀਆਂ। ਸ. ਸਿੱਧੂ ਨੇ ਰੰਧਾਵਾ ਪਰਿਵਾਰ ਦੇ ਮੈਂਬਰਾਂ ਨੂੰ ਮਿਲ ਕੇ ਦੁੱਖ ਸਾਂਝਾ ਕਰਦਿਆਂ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ। ਇਸ ਮੌਕੇ ਪੰਜਾਬ ਦੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ, ਹਰਦੀਪ ਢਿੱਲੋਂ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਨੇ ਵੀ ਮ੍ਰਿਤਕ ਦੇਹ 'ਤੇ ਫੁੱਲਮਾਲਾਵਾਂ ਭੇਂਟ ਕੀਤੀਆਂ।ਸ੍ਰੀਮਤੀ ਰੰਧਾਵਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਜਤਿੰਦਰ ਸਿੰਘ ਰੰਧਾਵਾ, ਪੋਤਰਿਆਂ ਰਣਜੀਤ ਸਿੰਘ ਰੰਧਾਵਾ, ਸਤਿੰਦਰ ਸਿੰਘ ਰੰਧਾਵਾ ਤੇ ਸਜਿਤ ਸਿੰਘ ਰੰਧਾਵਾ ਨੇ ਦਿਖਾਈ। ਇਸ ਮੌਕੇ ਸ੍ਰੀਮਤੀ ਰੰਧਾਵਾ ਦੀ ਪੁੱਤਰੀ ਆਸ਼ਾ, ਰੰਧਾਵਾ ਪਰਿਵਾਰ ਦੇ ਹੋਰਨਾਂ ਮੈਂਬਰਾਂ ਤੇ ਸਨੇਹੀਆਂ ਤੋਂ ਇਲਾਵਾ ਸ੍ਰੀ ਰੰਧਾਵਾ ਦੇ ਪਰਮ ਮਿੱਤਰ ਸ੍ਰੀ ਗੁਲਜ਼ਾਰ ਸਿੰਘ ਸੰਧੂ, ਸੀਨੀਅਰ ਪੱਤਰਕਾਰ ਸ੍ਰੀ ਸ਼ਿੰਗਾਰਾ ਸਿੰਘ ਭੁੱਲਰ, ਸਾਹਿਤਕਾਰ ਸ੍ਰੀ ਮਨਮੋਹਨ ਸਿੰਘ ਦਾਉਂ, ਪੰਜਾਬ ਕਲਾ ਭਵਨ ਦੇ ਉਪ ਚੇਅਰਪਰਸਨ ਡਾ.ਨੀਲਮ ਮਾਨ ਸਿੰਘ ਚੌਧਰੀ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਸ੍ਰੀ ਦੀਵਾਨ ਮੰਨਾ, ਸੇਵਾ ਮੁਕਤ ਆਈ.ਏ.ਐਸ.ਅਧਿਕਾਰੀ ਸ੍ਰੀ ਐਨ.ਐਸ.ਕੰਗ, ਡੀ.ਜੀ.ਪੀ. ਸ੍ਰੀ ਹਰਦੀਪ ਢਿੱਲੋਂ, ਆਈ.ਜੀ. ਸ੍ਰੀ ਜਤਿੰਦਰ ਔਲਖ, ਡੀ.ਆਈ.ਜੀ. ਸ੍ਰੀ ਗੁਰਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ।ਇਸ ਮੌਕੇ ਸ੍ਰੀਮਤੀ ਰੰਧਾਵਾ ਨੂੰ ਯਾਦ ਕਰਦਿਆਂ ਕੈਬਨਿਟ ਮੰਤਰੀ ਸ. ਸਿੱਧੂ ਨੇ ਕਿਹਾ ਕਿ ਸ੍ਰੀਮਤੀ ਰੰਧਾਵਾ ਇਕ ਪਵਿੱਤਰ ਰੂਹ ਸਨ ਜਿਨ੍ਹਾਂ ਦੇ ਸਾਥ ਕਾਰਨ ਡਾ.ਮਹਿੰਦਰ ਸਿੰਘ ਰੰਧਾਵਾ ਨੇ ਮਹਾਨ ਕੰਮ ਕੀਤੇ। ਉਨ੍ਹਾਂ ਕਿਹਾ ਕਿ ਡਾ.ਰੰਧਾਵਾ ਦੀ ਦੇਣ ਭੁਲਾਈ ਨਹੀਂ ਜਾ ਸਕਦੀ ਹੈ ਅਤੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਦਾ ਸਿਹਰਾ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਰੰਧਾਵਾ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਰੰਧਾਵਾ ਇਕ ਕਰਮਯੋਗੀ ਔਰਤ ਸੀ ਜਿਨ੍ਹਾਂ ਨੂੰ ਬੁਲੰਦ ਇਰਾਦਿਆਂ ਕਰਕੇ ਜਾਣਿਆ ਜਾਂਦਾ ਹੈ ਅਤੇ ਉਮਰ ਦੇ ਆਖਰੀ ਦਿਨ ਤੱਕ ਉਹ ਚੜ੍ਹਦੀ ਵਿੱਚ ਰਹੇ। ਡਾ. ਰੰਧਾਵਾ ਇਕ ਉਚ ਸਖਸ਼ੀਅਤ ਹੋਣ ਦੇ ਬਾਵਜੂਦ ਰੰਧਾਵਾ ਪਰਿਵਾਰ ਨੇ ਨਿਮਰ ਹੋ ਕੇ ਆਪਣਾ ਜੀਵਨ ਗੁਜ਼ਾਰਿਆ ਜਿਹੜੀ ਕਿ ਸ੍ਰੀਮਤੀ ਰੰਧਾਵਾ ਦੀ ਹੀ ਦੇਣ ਹੈ। ਸ੍ਰੀਮਤੀ ਰੰਧਾਵਾ ਨੇ ਪਰਿਵਾਰ ਨੂੰ ਉਚ ਵਿਚਾਰਾਂ ਦਾ ਧਾਰਨੀ ਬਣਾਉਣ ਦੀ ਸਿੱਖਿਆ ਦਿੱਤੀ।