5 Dariya News

ਪੰਜਾਬ 'ਚ ਹਰ ਸਾਲ 5 ਲੱਖ ਯੋਗ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ : ਮਨਪ੍ਰੀਤ ਸਿੰਘ ਬਾਦਲ

ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿਖੇ ਦੂਜੇ ਵਿਸ਼ਾਲ ਰੁਜ਼ਾਗਰ ਮੇਲੇ ਦੀ ਕੀਤੀ ਸ਼ੁਰੂਆਤ

5 Dariya News (ਕੁਲਜੀਤ ਸਿੰਘ)

ਬਠਿੰਡਾ 20-Feb-2018

ਪੰਜਾਬ ਦੇ ਵਿੱਤ ਯੋਜਨਾਬੰਦੀ ਤੇ ਰੁਜ਼ਗਾਰ ਉਤਪਾਦਨ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਸਰਕਾਰ ਵਲੋਂ ਘਰ-ਘਰ ਨੌਕਰੀ ਯੋਜਨਾ ਤਹਿਤ 5 ਲੱਖ ਨੌਜਵਾਨਾਂ ਨੂੰ ਹਰ ਸਾਲ ਨੌਕਰੀਆਂ ਦੇਣ ਦਾ ਵਾਅਦਾ ਕੀਤਾ। ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਮੰਗਲਵਾਰ ਨੂੰ ਦੂਜੇ ਵਿਸ਼ਾਲ ਰੁਜ਼ਗਾਰ ਮੇਲੇ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪੂਰੀ ਇਮਾਨਦਾਰੀ ਤੇ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਮੌਜੂਦਾ ਸਰਕਾਰ 5 ਸਾਲਾਂ 'ਚ 25 ਲੱਖ ਨੌਕਰੀਆਂ ਦਾ ਪ੍ਰਬੰਧ ਕਰੇਗੀ ਅਤੇ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਨਾਲ-ਨਾਲ ਪੰਜਾਬ ਦਾ ਭਵਿੱਖ ਵੀ ਰੋਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸੂਬੇ 'ਚ ਰੁਜ਼ਗਾਰ ਮੇਲਿਆਂ ਦੀ ਸ਼ੁਰੂਆਤ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇੱਕ ਹਜ਼ਾਰ ਤੋਂ ਵੱਧ ਨਾਮੀ ਕੰਪਨੀਆਂ ਨੂੰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਪ੍ਰੋਗਰਾਮ 'ਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਰਾਜ ਦੇ ਸਾਰੇ ਛੋਟੇ, ਮੱਧਮ ਅਤੇ ਵੱਡੇ ਸਨਅਤੀ ਯੂਨਿਟਾਂ ਨੂੰ ਇਨ੍ਹਾਂ ਮੇਲਿਆਂ 'ਚ ਰਾਜ ਦੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੰਜਾਬ ਨੂੰ ਸ਼ਾਂਤੀਪੂਰਨ, ਤੰਦਰੁਸਤ ਅਤੇ ਖੁਸ਼ਹਾਲ ਰਾਜ ਬਣਾਉਣ ਲਈ ਵਚਨਬੱਧਤਾ ਦੁਹਰਾਉਂਦਿਆਂ ਸ਼੍ਰੀ ਬਾਦਲ ਨੇ ਭ੍ਰਿਸ਼ਟਾਚਾਰ, ਗਰੀਬੀ, ਨਸ਼ੇ ਅਤੇ ਕਰਜ਼ੇ ਵਰਗੀਆਂ ਦੇਸ਼ ਦੀਆਂ ਅਸਲ ਸਮੱਸਿਆਵਾਂ ਨੂੰ ਜੜੋਂ ਖ਼ਤਮ ਕਰਨ ਦਾ ਅਹਿਦ ਕੀਤਾ। ਉਨ੍ਹਾਂ ਸਿੱਖਿਆ, ਸਿਹਤ ਅਤੇ ਲੋੜਵੰਦਾਂ ਨੂੰ ਘਰ ਦੇਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਬੀਤੇ 10 ਸਾਲਾਂ ਦੌਰਾਨ ਪੰਜਾਬ 'ਚ ਬੇਰੁਜ਼ਗਾਰੀ ਦਾ ਬੋਲਬਾਲਾ ਰਿਹਾ ਹੈ ਤੇ ਹੁਣ ਮੌਜੂਦਾ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕਰਨਾ ਹੈ। ਸ਼੍ਰੀ ਬਾਦਲ ਨੇ ਕਿਹਾ ਕਿ ਸਿੱਖਿਆ ਦਾ ਆਧੁਨਿਕੀਕਰਨ ਕੀਤਾ ਜਾਵੇਗਾ ਅਤੇ ਸਿੱਖਿਆ ਤੇ ਰੁਜ਼ਗਾਰ ਦੇ ਬਦਲ ਰਹੇ ਰੁਝਾਨਾਂ 'ਚ ਤਾਲਮੇਲ ਬਣਾਇਆ ਜਾਵੇਗਾ ਤਾਂ ਜੋ ਸੂਬੇ 'ਚ ਵੱਧ ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾ ਸਕਣ। 

ਉਨ੍ਹਾਂ ਆਧੁਨਿਕ ਵਿਸ਼ਵ 'ਚ ਮੁਕਾਬਲਾ ਕਰਨ ਲਈ ਵਿਦੇਸ਼ ਜਾ ਰਹੇ ਪੰਜਾਬੀ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਦੇ ਵੀ ਵਿਸ਼ੇਸ਼ ਧਿਆਨ ਦੇਣ 'ਤੇ ਲੋੜ 'ਤੇ ਜ਼ੋਰ ਦਿੱਤਾ। ਸ਼੍ਰੀ ਬਾਦਲ ਨੇ ਇੱਕ ਵਾਰ ਫਿਰ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੂੰ ਮਾਡਲ ਯੂਨੀਵਰਸਿਟੀ ਵਜੋਂ ਵਿਕਸਤ ਕਰਨ ਲਈ ਆਪਣੇ ਵਾਅਦੇ ਨੂੰ ਦੁਹਰਾਇਆ ਤਾਂ ਜੋ ਰਾਜ ਵਿਚ ਤਕਨੀਕੀ ਸਿੱਖਿਆ ਨੂੰ ਪ੍ਰਫੁੱਲਤ ਕੀਤਾ ਜਾ ਸਕੇ।ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਦੀਪਰਵਾ ਲਾਕਰਾ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੁਜ਼ਗਾਰ ਮੇਲੇ ਦਾ ਹਿੱਸਾ ਬਣ ਕੇ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਯੋਗ ਉਮੀਦਵਾਰ ਆਪਣੀ ਕਾਬਲੀਅਤ ਦੇ ਦਮ 'ਤੇ ਰੁਜ਼ਗਾਰ ਪ੍ਰਾਪਤ ਕਰਨ।ਇਸ ਮੌਕੇ 'ਤੇ ਬੋਲਦਿਆਂ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮੋਹਨ ਪਾਲ ਸਿੰਘ ਈਸ਼ਰ ਨੇ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆਂ ਕਰਨ ਲਈ ਚੁੱਕੇ ਕਦਮਾਂ ਲਈ ਸਰਕਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਇਸ ਪਹਿਲਕਦਮੀ ਦਾ ਹਿੱਸਾ ਬਣਨ ਅਹਿਮ ਯੋਗਦਾਨ ਪਾਵੇਗੀ। ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਨੌਕਰੀ ਮੇਲੇ ਦੌਰਾਨ ਅੱਗੇ ਆਉਣ ਵਾਲੇ ਹਜ਼ਾਰਾਂ ਨੌਜਵਾਨ ਆਪਣੇ ਸ਼ਾਨਦਾਰ ਭਵਿੱਖ ਲਈ ਨੌਕਰੀਆਂ ਨੂੰ ਸੁਰੱਖਿਅਤ ਕਰਨ ਜਾ ਰਹੇ ਹਨ। ਡਾ. ਈਸ਼ਰ ਨੇ ਕਿਹਾ ਕਿ 2015 'ਚ ਯੂਨੀਵਰਸਿਟੀ ਨੂੰ ਮਾਲਵਾ ਖੇਤਰ 'ਚ ਤਕਨੀਕੀ ਸਿੱਖਿਆ 'ਚ ਤੇਜ਼ੀ ਲਿਆਉਣ ਅਤੇ ਹੁਨਰ ਵਿਕਾਸ, ਖੋਜ, ਅਧਿਆਪਕਾਂ ਦੀ ਸਿਖਲਾਈ, ਖੇਤੀਬਾੜੀ ਅਤੇ ਖੁਰਾਕ ਪ੍ਰੋਸੈਸਿੰਗ ਅਤੇ ਫਾਰਮਾਸਿਊਟੀਕਲ ਸਨਅਤਾਂ ਨੂੰ ਉਤਸ਼ਾਹਤ ਕਰਨ ਲਈ ਸਥਾਪਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਬੜੇ ਥੋੜੇ ਸਮੇਂ 'ਚ ਹੀ ਇਸ ਯੂਨੀਵਰਸਿਟੀ ਨੂੰ ਯੂ.ਜੀ.ਸੀ. ਵਲੋਂ 12-ਬੀ ਅਧੀਨ ਰਜਿਸਟਰਡ ਕੀਤਾ ਗਿਆ ਹੈ ਜਿਸ ਨਾਲ ਕੇਂਦਰੀ ਗ੍ਰਾਂਟਾਂ ਅਦਾਰੇ ਦੇ ਵਿਕਾਸ ਲਈ ਆਸਾਨੀ ਨਾਲ ਮਿਲਣਗੀਆਂ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਹੇਠ ਪੰਜਾਬ ਸਰਕਾਰ 40 ਥਾਵਾਂ 'ਤੇ 20 ਫਰਵਰੀ ਤੋਂ 8 ਮਾਰਚ 2018 ਸਰਕਾਰੀ ਅਤੇ ਪ੍ਰਾਈਵੇਟ ਸੰਸਾਵਾਂ 'ਚ ਦੂਜੇ ਰਾਜ ਪੱਧਰੀ ਮੇਲੇ ਕਰਵਾ ਰਹੀ ਹੈ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ 'ਚ ਵੀ 20 ਫਰਵਰੀ ਤੋਂ 24 ਫਰਵਰੀ ਤੱਕ 35 ਮਸ਼ਹੂਰ ਕੰਪਨੀਆਂ 800 ਤੋਂ ਵੱਧ ਖਾਲੀ ਪਈਆਂ ਆਸਾਮੀਆਂ ਭਰਨ ਜਾ ਰਹੀਆਂ ਹਨ। ਇਸ ਮੇਲੇ ਦੌਰਾਨ ਰੁਜ਼ਗਾਰ ਪ੍ਰਾਪਤ ਕਰਨ ਲਈ 70,000 ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਉਮੀਦਵਾਰਾਂ ਨੇ ਪੋਰਟਲ 'ਤੇ ਰਜਿਸਟਰਡ ਕੀਤਾ ਹੈ।ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਡਾ. ਸ਼ੇਨਾ ਅਗਰਵਾਲ, ਓ.ਐਸ.ਡੀ. ਟੂ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਸ਼੍ਰੀ ਜਗਤਾਰ ਸਿੰਘ ਢਿੱਲੋਂ, ਮੀਡੀਆ ਅਡਵਾਈਜ਼ਰ ਸ਼੍ਰੀ ਹਰਜੋਤ ਸਿੰਘ, ਸ਼੍ਰੀ ਜਗਰੂਪ ਸਿੰਘ ਗਿੱਲ, ਸ਼੍ਰੀ ਕੇ.ਕੇ. ਅਗਰਵਾਲ, ਸ਼੍ਰੀ ਪਵਨ ਮਾਨੀ, ਸ਼੍ਰੀ ਮੋਹਨ ਲਾਲ ਝੂੰਬਾ, ਡਾ. ਗੁਰਸ਼ਰਨ ਸਿੰਘ, ਡਾ. ਬੂਟਾ ਸਿੰਘ ਸਿੱਧੂ, ਡਾ. ਰਾਜੇਸ਼ ਗੁਪਤਾ, ਡਾ. ਅਸ਼ੀਸ਼ ਬਲਦੀ, ਡਾ. ਏ.ਕੇ. ਗੋਇਲ, ਡਾ. ਆਰ.ਕੇ. ਬਾਂਸਲ, ਡਾ. ਸਵੀਨਾ ਬਾਂਸਲ, ਡਾ. ਮਨਜੀਤ ਬਾਂਸਲ ਅਤੇ ਯੂਨੀਵਰਸਿਟੀ ਦੇ ਸਟਾਫ਼ ਤੋਂ ਇਲਾਵਾ ਬਹੁਤ ਸਾਰੇ ਵਿਦਿਆਰਥੀ ਹਾਜ਼ਰ ਸਨ।