5 Dariya News

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁੰਡਾ ਟੈਕਸ ਨੂੰ ਨੱਥ ਪਾਉਣ ਦੇ ਨਿਰਦੇਸ਼ਾਂ ਨੂੰ ਲਾਗੂ ਕਰਨ 'ਚ ਨਾਕਾਮ ਹੋਈ ਸੂਬਾ ਪੁਲਿਸ : ਮਹੇਸ਼ਇੰਦਰ ਸਿੰਘ ਗਰੇਵਾਲ

ਮਹੇਸ਼ਇਦਰ ਗਰੇਵਾਲ ਨੇ ਕਿਹਾ ਕਿ ਜੇਕਰ ਮਨਪ੍ਰੀਤ ਬਾਦਲ ਕੁੱਝ ਛੁਪਾ ਨਹੀਂ ਰਿਹਾ ਹੈ ਤਾਂ ਉਸ ਵੱਲੋਂ ਪੁਲਿਸ ਨੂੰ ਆਪਣੇ ਸਾਲੇ ਜੈਜੀਤ ਸਿੰਘ ਜੌਹਲ ਤੋਂ ਪੁੱਛਗਿੱਛ ਕਰਨ ਤੋਂ ਰੋਕਣਾ ਨਹੀਂ ਚਾਹੀਦਾ

5 Dariya News

ਚੰਡੀਗੜ੍ਹ 19-Feb-2018

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਗੁੰਡਾ ਟੈਕਸ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਨੂੰ ਲਾਗੂ ਕਰਨ ਵਿਚ ਸੂਬੇ ਦੀ ਪੁਲਿਸ ਨਾਕਾਮ ਸਾਬਿਤ ਹੋਈ ਹੈ, ਕਿਉਂਕਿ ਭਾਰਤੀ ਹਵਾਈ ਫੌਜ (ਆਈਏਐਫ) ਦੇ ਅਧਿਕਾਰੀਆਂ ਵੱਲੋ ਆਈਆਂ ਤਾਜ਼ੀਆਂ ਸ਼ਿਕਾਇਤਾਂ ਇਹ ਦੱਸਦੀਆਂ ਹਨ ਕਿ ਗੁੰਡਾ ਟੈਕਸ ਦਾ ਰੁਝਾਣ ਘਟਣ ਦੀ ਥਾਂ ਵਧ ਰਿਹਾ ਹੈ। ਪਾਰਟੀ ਨੇ ਕਿਹਾ ਹੈ ਕਿ ਅਸਲੀ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਜੇਲ੍ਹ ਵਿਚ ਡੱਕਣ ਲਈ ਇਸ ਮਸਲੇ ਦੀ ਜਾਂਚ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਇਸ ਸੰਬੰਧੀ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਗੁੰਡਾ ਟੈਕਸ ਅਤੇ ਜੋਜੋ ਸਰਵਿਸ ਟੈਕਸ ਦੀ ਵਸੂਲੀ ਕਰਨ ਵਾਲੇ ਸਾਰੇ ਦੋਸ਼ੀਆਂ ਦੀ 24 ਘੰਟੇ ਅੰਦਰ ਗਿਰਫਤਾਰੀ ਦੀ ਮੰਗ ਕੀਤੀ ਸੀ, ਪਰ ਪਿਛਲੇ ਤਿੰਨ ਦਿਨਾਂ ਤੋਂ ਇਸ ਮਸਲੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਬਠਿੰਡਾ ਪਾਰਲੀਮਾਨੀ ਹਲਕੇ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਗੱਲ ਨਹੀਂ ਸੁਣਦਾ, ਉੱਥੇ ਸਿਰਫ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਹੀ ਤੂਤੀ ਬੋਲਦੀ ਹੈ। ਸਾਫ ਦਿਸਦਾ ਹੈ ਕਿ ਗੁੰਡਾ ਟੈਕਸ ਦੀ ਵਸੂਲੀ ਕਰਨ ਦੇ ਦੋਸ਼ੀ ਆਪਣੇ ਸਾਲੇ ਜੈਜੀਤ ਸਿੰਘ ਜੌਹਲ ਤੋਂ ਪੁੱਛ ਪੜਤਾਲ ਕਰਨ ਲਈ ਮਨਪ੍ਰੀਤ ਪੁਲਿਸ ਨੂੰ ਆਗਿਆ ਨਹੀਂ ਦੇ ਰਿਹਾ ਹੈ।ਅਕਾਲੀ ਆਗੂ ਨੇ ਮਨਪ੍ਰੀਤ ਬਾਦਲ ਵੱਲੋਂ ਇਸ ਮਾਮਲੇ ਉੱਤੇ ਇਹ ਕਹਿ ਕੇ ਕਿ ਅਕਾਲੀ ਦਲ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਹਮਦਰਦੀ ਬਟੋਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਸੀ ਇਹ ਦੋਸ਼ ਨਹੀਂ ਲਗਾਏ ਹਨ। ਇਹ ਸਾਰੇ ਦੋਸ਼ ਆਮ ਲੋਕਾਂ, ਟਰਾਂਸਪੋਰਟਰਾਂ ਅਤੇ ਬਠਿੰਡਾ ਰਿਫਾਈਨਰੀ ਦੀ ਮੈਨੇਜਮੈਂਟ ਵੱਲੋ ਲਾਏ ਗਏ ਹਨ। ਜੇਕਰ ਮਨਪ੍ਰੀਤ ਬਾਦਲ ਕੁੱਝ ਨਹੀਂ ਛੁਪਾ ਰਿਹਾ ਹੈ ਤਾਂ ਉਸ ਵੱਲੋਂ ਪੁਲਿਸ ਨੂੰ ਆਪਣੀ ਡਿਊਟੀ ਕਰਨ ਤੋਂ ਨਹੀਂ ਰੋਕਣਾ ਚਾਹੀਦਾ। ਸੱਚਾਈ ਇਹ ਹੈ ਕਿ ਇਸ ਮਾਮਲੇ ਵਿਚ ਸੂਬੇ ਦੀ ਸਭ ਤੋਂ ਵੱਡੀ ਨਿਵੇਸ਼ਕ ਬਠਿੰਡਾ ਰਿਫਾਈਨਰੀ ਵੱਲੋਂ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। 

ਇਸ ਤੋਂ ਇਹੀ ਇਸ਼ਾਰਾ ਮਿਲਦਾ ਹੈ ਕਿ ਪੁਲਿਸ ਦੇ ਹੱਥ ਬੰਨ੍ਹੇ ਹੋਏ ਹਨ। ਪੁਲਿਸ ਅਧਿਕਾਰੀ ਉਹਨਾਂ ਖ਼ਿਲਾਫ ਕਾਰਵਾਈ ਕਰਨ ਤੋਂ ਲਾਚਾਰ ਹਨ, ਜਿਹਨਾਂ ਨੇ ਉਹਨਾਂ ਦੀ ਬਠਿੰਡਾ ਵਿਚ ਤਾਇਨਾਤੀ ਕੀਤੀ ਹੈ।ਸਰਦਾਰ ਗਰੇਵਾਲ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਹੁਣ ਹਥਿਆਰਬੰਦ ਫੋਜਾਂ ਤੋਂ ਵੀ ਗੁੰਡਾ ਟੈਕਸ ਵਸੂਲਿਆ ਜਾਣ ਲੱਗਿਆ ਹੈ। ਉਹਨਾਂ ਕਿਹਾ ਕਿ ਬਠਿੰਡਾ ਵਿਚ ਭਿਸੀਆਣਾ ਏਅਰ ਫੋਰਸ ਸਟੇਸ਼ਨ ਨੂੰ ਰੇਤਾ ਅਤੇ ਬਜਰੀ ਸਪਲਾਈ ਕਰਨ ਵਾਲੇ ਠੇਕੇਦਾਰਾਂ ਨੇ ਆਈਏਐਫ ਅਧਿਕਾਰੀਆਂ ਅਤੇ ਜ਼ਿਲ੍ਹਾ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਕਿ ਏਅਰ ਫੋਰਸ ਸਟੇਸ਼ਨ ਆਉਣ ਵਾਲੇ ਸਾਰੇ ਟਰੱਕਾਂ ਕੋਲੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਉੁਹਨਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਇੰਨਾ ਗੰਭੀਰ ਮੁੱਦਾ ਹੋਣ ਦੇ ਬਾਵਜੂਦ ਸੂਬੇ ਦੀ ਪੁਲਿਸ ਨੇ ਅਜੇ ਤੀਕ ਕੋਈ ਕਾਰਵਾਈ ਨਹੀਂ ਕੀਤੀ ਹੈ।ਅਕਾਲੀ ਆਗੂ ਨੇ ਕਿਹਾ ਕਿ ਲੋਕਾਂ ਤੋਂ ਧੱਕੇ ਨਾਲ ਉਗਰਾਹੀ ਕਰ ਰਹੇ ਵਿਅਕਤੀਆਂ ਨੂੰ ਗਿਰਫਤਾਰ ਕਰਨ ਵਿਚ ਕਾਂਗਰਸ ਸਰਕਾਰ ਦੀ ਨਾਕਾਮੀ ਨੇ ਪੰਜਾਬ ਦੇ ਅਕਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਨਵੇ ਨਿਵੇਸ਼ਕ ਸੂਬੇ ਅੰਦਰ ਪੈਸਾ ਲਾਉਣ ਤੋਂ ਟਾਲਾ ਵੱਟਣਗੇ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਪੰਜਾਬ ਨੂੰ ਨਵੇਂ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਬਣਾਉਣ ਵਾਸਤੇ ਕਈ ਕਦਮ ਚੁੱਕੇ ਸਨ। ਇਹਨਾਂ ਵਿਚ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣਾ ਅਤੇ ਸਾਰੀਆਂ ਪ੍ਰਵਾਨਗੀਆਂ ਸਿੰਗਲ ਵਿੰਡੋ ਸਿਸਟਮ ਰਾਂਹੀ ਦੇਣ ਦੀ ਸਹੂਲਤ ਆਦਿ ਸ਼ਾਮਲ ਸਨ। ਉਹਨਾਂ ਕਿਹਾ ਕਿ ਇਹ ਸਾਰੇ ਉਪਰਾਲੇ  ਜ਼ਾਇਆ ਚਲੇ ਜਾਣਗੇ, ਕਿਉਂਕਿ ਸਰਕਾਰ ਨੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਇਹ ਆਪਣੇ ਬੰਦਿਆਂ ਖਿਲਾਫ ਕਾਰਵਾਈ ਨਹੀਂ ਕਰ ਸਕਦੀ, ਫਿਰ ਉਹ ਚਾਹੇ ਗੁੰਡਾ ਟੈਕਸ ਹੀ ਕਿਉਂ ਨਾ ਵਸੂਲ ਰਹੇ ਹੋਣ। ਇਸ ਦਾ ਬਠਿੰਡਾ ਖੇਤਰ ਦੇ ਵਪਾਰ ਅਤੇ ਉਦਯੋਗ ਉਤੇ ਸਿੱਧਾ ਅਸਰ ਪਵੇਗਾ ਅਤੇ  ਸਰਕਾਰ ਦਾ ਇਹ ਵਤੀਰਾ ਮਾਲਵਾ ਖੇਤਰ ਵਿਚ ਵਪਾਰ ਅਤੇ ਉਦਯੋਗ ਲਈ ਮੌਤ ਦੀ ਘੰਟੀ ਸਾਬਿਤ ਹੋਵੇਗਾ।