ਦੀ ਹੋਲੀ ਵੰਡਰਜ਼ ਸਕੂਲ ਵਿਖੇ ਆਰਟ ਐਂਡ ਕਰਾਫ਼ਟ ਵਰਕਸ਼ਾਪ ਦਾ ਆਯੋਜਨ, ਵਿਦਿਆਰਥੀਆਂ ਨੇ ਵਿਲੱਖਣ ਪ੍ਰਤਿਭਾਵਾਂ ਦਾ ਕੀਤਾ ਪ੍ਰਦਰਸ਼ਨ
ਦੀ ਹੋਲੀ ਵੰਡਰਜ਼ ਸਕੂਲ ਵਿਖੇ ਵਿਦਿਆਰਥੀਆਂ ਨੇ ਵਰਕਸ਼ਾਪ ਦੌਰਾਨ ਕਾਗ਼ਜ਼ ਨਾਲ ਰੰਗ-ਬਰੰਗੀਆਂ ਕਲਾਕ੍ਰਿਤੀਆਂ ਅਤੇ ਰੰਗੋਲੀ ਬਣਾਉਣ ਦੀ ਕਲਾ ਨੂੰ ਸਿੱਖਿਆ
5 Dariya News
ਖਰੜ 12-Feb-2018
ਦੀ ਹੋਲੀ ਵੰਡਰਜ਼ ਸਮਾਰਟ ਸਕੂਲ ਵੱਲੋਂ ਅੱਜ ਦੀ ਆਧੁਨਿਕਤਾ ਦੀ ਦੌੜ 'ਚ ਗੁਆਚ ਰਹੇ ਪੁਰਾਣੇ ਵਿਰਸੇ ਨਾਲ ਆਪਣੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਰੰਗ-ਬਰੰਗੇ ਕਾਗ਼ਜ਼ਾਂ ਨਾਲ ਕਲਾਕ੍ਰਿਤੀ,ਡਿਜ਼ਾਈਨ ਅਤੇ ਫੁਲ ਬਣਾਉਣ ਅਤੇ ਰੰਗੋਲੀ ਬਣਾਉਣ ਦੀ ਕਲਾ ਸਬੰਧੀ ਜਾਗਰੂਕ ਕਰਨ ਲਈ ਸੀਨੀਅਰ ਕਲਾਸ ਦੇ ਵਿਦਿਆਰਥੀਆਂ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਕਾਗ਼ਜ਼ ਨਾਲ ਕਮਲ ਦਾ ਫੁਲ ਅਤੇ ਹੋਰ ਕਈ ਫੁਲ ਅਤੇ ਦੀਵਾਰਾਂ ਤੇ ਲਗਾਉਣ ਵਾਲੇ ਡਿਜ਼ਾਈਨ ਬਣਾਉਣ ਦੀ ਕਲਾ ਸਬੰਧੀ ਅਹਿਮ ਜਾਣਕਾਰੀ ਲਈ ਬਲਕਿ ਉਨ੍ਹਾਂ ਵੱਖ ਵੱਖ ਡਿਜ਼ਾਈਨਾਂ ਨਾਲ ਰੰਗੋਲੀ ਬਣਾਉਣ ਦੇ ਤਰੀਕੇ ਅਤੇ ਵਿਧੀ ਬਾਰੇ ਸਿੱਖਿਆ । ਇਸ ਦੇ ਨਾਲ ਹੀ ਧਰਤੀ ਮਾਤਾ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਤਰੀਕਿਆਂ ਨੂੰ ਦਰਸਾਉਂਦੇ ਮਾਡਲ ਵੀ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਪ੍ਰੇਮਜੀਤ ਕੌਰ ਗਰੇਵਾਲ ਨੇ ਕਿਹਾ ਅਜੋਕੇ ਸਮੇਂ ਦੀ ਦੌੜ 'ਚ ਜਿੱਥੇ ਅਸੀ ਆਪਣੇ ਵਿਰਸੇ ਤੋਂ ਦੂਰ ਹੋ ਰਹੇ ਹਾਂ ਉੱਥੇ ਹੀ ਅਸੀਂ ਕਈ ਖ਼ੂਬਸੂਰਤ ਕਲਾਵਾਂ ਅਤੇ ਤਰੀਕਿਆਂ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ ਅਤੇ ਇਤਿਹਾਸ ਗਵਾਹ ਹੈ ਕਿ ਜੋ ਕੌਮ ਆਪਣੀ ਸਭਿਅਤਾ ਤੋਂ ਦੂਰ ਹੋਈ ਹੈ ਉਸ ਨੂੰ ਇਸ ਦੇ ਕਈ ਭੈੜੇ ਸਿੱਟੇ ਵੇਖਣੇ ਪਏ ਹਨ , ਇਸ ਲਈ ਆਪਣੀ ਆਉਣ ਵਾਲੀ ਪੀੜੀ ਨੂੰ ਉਨ੍ਹਾਂ ਦੀ ਸਭਿਅਤਾ ਨਾਲ ਜਾਣੂ ਕਰਾਉਣ ਲਈ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਨਾਲ ਸਭਿਅਤਾ ਦੇ ਗਿਆਨ ਦੇ ਨਾਲ ਨਾਲ ਵਿਦਿਆਰਥੀਆਂ ਵਿਦਿਆਰਥੀਆਂ ਵਿਚਲੀ ਪ੍ਰਤਿਭਾ ਨੂੰ ਵੀ ਉਜਾਗਰ ਕਰਨ ਲਈ ਬਹੁਤ ਸਹਾਈ ਹੁੰਦੀਆਂ ਹਨ।