5 Dariya News

ਸੁਲਤਾਨਪੁਰ ਲੋਧੀ ਨੂੰ ਸਾਫ਼ ਤੇ ਸੁੰਦਰ ਬਣਾਉਣ ਲਈ ਮੁਹਿੰਮ ਸ਼ੁਰੂ

ਸੰਤ ਸੀਚੇਵਾਲ ਨੇ ਰੇਲਵੇ ਸ਼ਟੇਸ਼ਨ ਦੇ ਦੂਜੇ ਹਿੱਸੇ ਵਿੱਚ ਵੀ ਟਰੀਟਮੈਂਟ ਪਲਾਂਟ ਬਣਾਉਣ ਦਾ ਕੰਮ ਕੀਤਾ ਸ਼ੁਰੂ

5 Dariya News (ਕੁਲਜੀਤ ਸਿੰਘ)

ਸੁਲਤਾਨਪੁਰ ਲੋਧੀ 11-Feb-2018

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ ੨੦੧੯ ਵਿੱਚ ਆ ਰਹੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਨੂੰ ਮੁਕੰਮਲ ਤੌਰ 'ਤੇ ਸਾਫ਼ ਤੇ ਸੁੰਦਰ ਬਣਾਉਣ ਦੀ ਮੁਹਿੰਮ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਰੰਭ ਦਿੱਤੀ ਹੈ। ਸ਼ਹਿਰ ਵਿੱਚ ਕੂੜਾ ਨਾ ਖਿੱਲਰੇ ਇਸ ਵਾਸਤੇ ਪੱਕੇ ਤੌਰ 'ਤੇ ਕੂੜਾਦਾਨ ਰੱਖੇ ਜਾ ਰਹੇ ਹਨ। ਸ਼ਹਿਰ ਦੇ ਆਲੇ–ਦੁਆਲੇ ਦੀ ਸਫਾਈ ਰੱਖਣ ਲਈ ਅਤੇ ਨੀਵੇਂ ਥਾਵਾਂ 'ਤੇ ਮਿੱਟੀ ਪਾਈ ਜਾ ਰਹੀ ਹੈ।ਡਰੇਨ ਦੀ ਸਫ਼ਾਈ ਵੀ ਕੀਤੀ ਜਾ ਰਹੀ ਜਿਸ ਵਿੱਚੋਂ ਮਿੱਟੀ ਪੁੱਟ ਕੇ ਸੜਕਾਂ ਦੇ ਬਰਮਾਂ ਬਣਾਏ ਜਾ ਰਹੇ ਸਨ। ਰੇਲਵੇ ਸ਼ਟੇਸ਼ਨ ਦੇ ਸ਼ੀਹਰ ਵਾਲੇ ਪਾਸੇ ਸਟੇਸ਼ਨ ਮੁਹੱਲੇ ਕੋਲ ਵੀ ਗੰਦੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਪਾਣੀ ਦੀ ਮੁੜ ਵਰਤੋਂ ਕਰਨ ਲਈ ਆਰਜ਼ੀ ਤੌਰ 'ਤੇ ਟਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ। ਸਫ਼ਾਈ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਕਿ ਵਾਰਡ ਨੰਬਰ ਪੰਜ ਵਿੱਚ ਆਉਂਦੇ ਰੇਲਵੇ ਸ਼ਟੇਸ਼ਨ ਮਹੁੱਲੇ ਵਿੱਚ ਲੋਕਾਂ ਨੂੰ ਅਜੇ ਤੱਕ ਜਨਤਕ ਪਖਾਨੇ ਨਸੀਬ ਨਹੀਂ ਹੋਏ।ਇਸ ਮਹੁੱਲੇ ਵਿੱਚ ੫੦ ਤੋਂ ਵੱਧ ਘਰ ਦੱਸੇ ਜਾ ਰਹੇ ਹਨ।ਸੰਤ ਸੀਚੇਵਾਲ ਜੀ ਅਤੇ ਉਨ੍ਹਾਂ ਨਾਲ ਇੰਗਲੈਂਡ ਤੋਂ ਆਏ ਐਨ ਆਰ ਆਈ ਪਰਿਵਾਰਾਂ ਨੇ ਉਨ੍ਹਾਂ ਘਰਾਂ ਦਾ ਵੀ ਦੌਰਾ ਕੀਤਾ ਜਿਥੇ ਪਖਾਨੇ ਨਹੀਂ ਸਨ ਅਤੇ ਕੁਝ ਘਰਾਂ ਦੀਆਂ ਤਾਂ ਛੱਤਾਂ ਵੀ ਡਿੱਗੀਆਂ ਹੋਈਆਂ ਸਨ।ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਕੌਂਸਲ ਦੇ ਕੌਂਸਲਰਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਜਦੋਂ ਸਾਢੇ ਪੰਜ ਸੌ ਸਾਲਾਂ ਸਮਾਗਮਾਂ ਨੂੰ ਸਿਰਫ਼ ਡੇਢ ਕੁ ਸਾਲ ਬਾਕੀ ਰਿਹਾ ਹੈ ਤਾਂ ਇਸ ਇਤਿਹਾਸਕ ਨਗਰੀ ਨੂੰ ਸ਼ਵੱਛ ਬਣਾਉਣ ਵਿੱਚ ਇਕਜੁਟਤਾ ਨਾਲ ਜੁਟ ਜਾਣ।ਉਨ੍ਹਾਂ ਕਿਹਾ ਕਿ ਬਾਬੇ ਦੀ ਨਗਰੀ ਦੇ ਤੌਰ 'ਤੇ ਜਾਣੇ ਜਾਂਦੇ ਸੁਲਤਾਨਪੁਰ ਦੇ ਕਿਸੇ ਕੋਨੇ ਵਿੱਚ ਵੀ ਗੰਦਗੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਲਾਕੇ ਦੀਆਂ  ਧਾਰਮਿਕ ਸ਼ਖਸ਼ੀਅਤਾਂ ਨੂੰ ਅਪੀਲ ਕੀਤੀ ਕਿ ਉਹ ਸੁਲਤਾਨਪੁਰ ਦੀ ਹਰ ਪੱਖ ਤੋਂ ਸਫ਼ਾਈ ਲਈ ਅੱਗੇ ਆਉਣ 'ਤੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਜਨਤਕ ਪਖਾਨੇ ਬਣਾਕੇ ਦਿੱਤੇ ਜਾ ਸਕਣ।ਉਨ੍ਹਾਂ ਕਿਹਾ ਰੇਲਵੇ ਸ਼ਟੇਸ਼ਨ ਦੇ ਬਹੁਤੇ ਹਿੱਸੇ ਵਿੱਚ ਤਾਂ ਵੱਡੀ ਗਿਣਤੀ ਵਿੱਚ ਰੁਖ ਲਾਏ ਜਾ ਚੁੱਕੇ ਹਨ ਤੇ ਬਾਕੀ ਰਹਿੰਦੇ ਹਿੱਸੇ ਦੀ ਸਫ਼ਾਈ ਹੋਣ ਦੇ ਨਾਲ ਹੀ ਉਸ ਨੂੰ ਵੀ ਹਰਿਆ-ਭਰਿਆ ਬਣਾਇਆ ਜਾ ਰਿਹਾ ਹੈ।ਇਸ ਮੌਕੇ ਸ਼ਹੀਦ ਊਧਮ ਸਿੰਘ ਚੌਂਕ ਤੋਂ ਗੁਰਦੁਆਰਾ ਗੁਰੂ ਕਾ ਬਾਗ ਨੂੰ ਜਾਂਦੇ ਰਸਤੇ ਨੂੰ ਸੰਵਾਰਨ ਲਈ ਸੰਤ ਸੀਚੇਵਾਲ ਜੀ ਦੇ ਹੋਕੇ ਨਾਲ ਸਾਰੀ ਮਾਰਕਿਟ ਦੇ ਲੋਕਾਂ ਨੇ ਵੀ ਸਫਾਈ ਵਿੱਚ ਹੱਥ ਵਟਾਇਆ ਅਤੇ ਉਨ੍ਹਾਂ ਪ੍ਰਣ ਕੀਤਾ ਕਿ ਅੱਗੇ ਤੋਂ ਉਹ ਆਪਣੇ ਆਲੇ ਦੁਆਲੇ ਦੀ ਸਫਾਈ ਦਾ ਵੀ ਆਪ ਖਿਆਲ ਰੱਖਣਗੇ।ਇਸ ਮੌਕੇ ਨਰਿੰਦਰ ਸਿੰਘ ਸੋਨੀਆਂ, ਮਨੋਜ ਸ਼ਰਮਾਂ, ਐਨ ਆਰੀ ਆਈ ਹਰਜਿੰਦਰ ਸਿੰਘ ਹੇਅਰ, ਅਮਰੀਕ ਸਿੰਘ ਸੰਧੂ, ਪਲਵਿੰਦਰ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।