5 Dariya News

ਸੁਖਬੀਰ ਸਿੰਘ ਬਾਦਲ ਵੱਲੋਂ 1984 ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਿੱਟ ਨੂੰ ਟਾਈਟਲਰ ਦੀ ਭੂਮਿਕਾ ਜਾਂਚਣ ਵਾਸਤੇ ਕਹਿਣ ਲਈ ਰਾਜਨਾਥ ਦੀ ਪ੍ਰਸੰਸਾ

ਇਸ ਕਦਮ ਨੂੰ ਕਤਲੇਆਮ ਪੀੜਤਾਂ ਲਈ ਜਿੱਤ ਕਰਾਰ ਦਿੰਦਿਆਂ ਸੁਖਬੀਰ ਨੇ ਕਿਹਾ ਕਿ ਹੁਣ ਕਤਲੇਆਮ ਵਿਚ ਰਾਜੀਵ ਗਾਂਧੀ ਦੀ ਭੂਮਿਕਾ ਦਾ ਵੀ ਖੁਲਾਸਾ ਹੋ ਜਾਵੇਗਾ

5 Dariya News

ਚੰਡੀਗੜ੍ਹ 10-Feb-2018

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ 1984 ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਨਵੇਂ ਖੁਲਾਸਿਆਂ ਦੀ ਰੌਸ਼ਨੀ ਵਿਚ ਐਨਡੀਏ ਦੁਆਰਾ ਸਿਟ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਐਸ ਐਨ ਢੀਂਗਰਾ ਨੂੰ  ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ ਜਾਂਚ ਵਾਸਤੇ ਆਖਣ ਲਈ ਐਨਡੀਏ ਸਰਕਾਰ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਸੰਸਾ ਕੀਤੀ ਹੈ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਖਿਰ ਇਸ ਨਸਲਕੁਸ਼ੀ ਦੇ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਬਾਕੀਆਂ ਖਿਲਾਫ ਇਨਸਾਫ ਦਾ ਪਹੀਆ ਘੁੰਮਣਾ ਸ਼ੁਰੂ ਹੋ ਗਿਆ ਹੈ। ਉਹਨਾਂ ਕਿਹਾ ਕਿ ਪਹਿਲੀ ਵਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਭੂਮਿਕਾ ਵੀ ਜਾਂਚ ਕੀਤੀ ਜਾਵੇਗੀ, ਕਿਉਂਕਿ ਸਾਹਮਣੇ ਆਏ ਨਵੇਂ ਸਬੂਤ ਉਸ ਨੂੰ ਸਿੱਧੇ ਤੌਰ ਤੇ ਉਹਨਾਂ ਕਾਂਗਰਸੀ ਆਗੂਆਂ ਨਾਲ ਜੋੜਦੇ ਹਨ, ਜਿਹਨਾਂ ਨੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲੀਆਂ ਭੀੜਾਂ ਦੀ ਅਗਵਾਈ ਕੀਤੀ ਸੀ। ਇਹ ਪਿਛਲੇ 33 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਕਤਲੇਆਮ ਪੀੜਤਾਂ ਲਈ ਇੱਕ ਵੱਡੀ ਜਿੱਤ ਹੈ।ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਕੀਤੀ ਕਾਰਵਾਈ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਐਸਆਈਟੀ ਦੇ ਚੇਅਰਮੈਨ ਨੂੰ ਉਹਨਾਂ ਤੱਥਾਂ ਦੀ ਜਾਂਚ ਲਈ ਲਿਖਿਆ ਹੈ, ਜਿਹੜੇ ਜਗਦੀਸ਼ ਟਾਈਟਲਰ ਵੱਲੋਂ ਇੱਕ ਟੀਵੀ ਚੈਨਲ ਅੱਗੇ ਕੀਤੇ ਖੁਲਾਸੇ ਮਗਰੋਂ ਸਾਹਮਣੇ ਆਏ ਹਨ। ਟਾਈਟਲਰ ਨੇ ਦੱਸਿਆ ਸੀ ਕਿ 1 ਨਵੰਬਰ 1984 ਨੂੰ ਦਿੱਲੀ ਦੇ ਜਿਹਨਾਂ ਇਲਾਕਿਆਂ ਵਿਚ ਸਿੱਖਾਂ ਉੱਤੇ ਹਮਲੇ ਕਰਕੇ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੀ, ਉਹਨਾਂ ਇਲਾਕਿਆਂ ਦਾ ਦੌਰਾ ਕਰਦੇ ਸਮੇਂ ਰਾਜੀਵ ਗਾਂਧੀ ਉਸ ਦੇ ਨਾਲ ਕਾਰ ਵਿਚ ਸਨ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੁਆਰਾ ਕਾਇਮ ਕੀਤੀ ਸਿਟ ਨੂੰ ਲਿਖੇ ਪੱਤਰ ਵਿਚ ਕਿਹਾ  ਗਿਆ ਹੈ ਕਿ ਇਸ ਕਤਲੇਆਮ ਵਿਚ  ਟਾਈਟਲਰ, ਕਮਲ ਨਾਥ, ਐਚਕੇਐਲ ਭਗਤ ਅਤੇ ਸੱਜਣ ਕੁਮਾਰ ਦੀ ਸ਼ਮੂਲੀਅਤ ਬਾਰੇ ਹੋਏ ਤਾਜ਼ਾ ਖੁਲਾਸਿਆਂ ਦੀ ਜਾਂਚ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਵਿਚ ਇਹ ਵੀ ਲਿਖਿਆ ਹੈ ਕਿ ਇਹਨਾਂ ਖੁਲਾਸਿਆਂ ਦਾ ਉਹਨਾਂ 186 ਮਾਮਲਿਆਂ ਨਾਲ ਕੋਈ ਨਾ ਕੋਈ ਸੰਬੰਧ ਹੋ ਸਕਦਾ ਹੈ, ਜਿਹਨਾਂ ਬਾਰੇ ਸੁਪਰੀਮ ਕੋਰਟ ਵੱਲੋਂ ਕਾਇਮ ਕੀਤੀ ਸਿਟ ਦੁਆਰਾ ਜਾਂਚ ਕੀਤੀ ਜਾ ਰਹੀ ਹੈ।ਸਰਦਾਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਦਾ ਵੀ ਹਵਾਲਾ ਦਿੱਤਾ ਹੈ, ਜਿਸ ਵਿਚ ਇਹ ਗੱਲ ਦਰਜ ਹੈ ਕਿ ਉਹਨਾਂ ਇਲਾਕਿਆਂ ਵਿਚ ਸਿੱਖਾਂ ਦਾ ਸਭ ਤੋਂ ਵੱਧ ਕਤਲੇਆਮ ਕੀਤਾ ਗਿਆ ਸੀ, ਜਿਹਨਾਂ ਇਲਾਕਿਆਂ ਦਾ ਰਾਜੀਵ ਗਾਂਧੀ ਨੇ ਆਪਣੀ ਮਾਤਾ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਅਗਲੇ ਦਿਨ 1 ਨਵੰਬਰ 1984 ਨੂੰ ਦੌਰਾ ਕੀਤਾ ਸੀ। 

ਉਹਨਾਂ ਕਿਹਾ ਕਿ ਨਾਨਾਵਤੀ ਕਮਿਸ਼ਨ ਕਹਿੰਦਾ ਹੈ ਕਿ ਆਦਰਸ਼ ਨਗਰ ਵਿਚ 39, ਸਬਜ਼ੀ ਮੰਡੀ ਵਿਚ 35 ਅਤੇ ਕਿੰਗਜ਼ਵੇਅ ਕੈਂਪਸ ਵਿਚ 15 ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਇਹਨਾਂ ਇਲਾਕਿਆਂ ਵਿਚ 12 ਗੁਰਦੁਆਰੇ, 64 ਫੈਕਟਰੀਆਂ, 133 ਦੁਕਾਨਾਂ ਅਤੇ 45 ਘਰ ਜਲਾਏ ਗਏ ਸਨ।ਇਹ ਟਿੱਪਣੀ ਕਰਦਿਆਂ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਹੁਣ ਸਮੁੱਚਾ ਮਾਮਲਾ ਖੁਥੱਲ੍ਹ ਕੇ ਸਾਹਮਣੇ ਆ ਜਾਵੇਗਾ, ਸਰਦਾਰ ਬਾਦਲ ਨੇ ਕਿਹਾ ਕਿ 100 ਸਿੱਖਾਂ ਨੂੰ ਕਤਲ ਕਰਨ  ਬਾਰੇ ਆਈ ਟਾਈਟਲਰ ਦੀ ਇੱਕ ਤਾਜ਼ਾ ਵੀਡਿਓ ਨਾਲ ਕਤਲੇਆਮ ਵਿਚ ਉਸ ਦੀ ਭੂਮਿਕਾ ਬਾਰੇ ਹੋਰ ਵੀ ਕਈ ਖੁਲਾਸੇ ਹੋਏ ਹਨ। ਉਹਨਾਂ ਕਿਹਾ ਕਿ ਟਾਈਟਲਰ ਵੱਲੋਂ ਕੀਤਾ ਖੁਲਾਸਾ ਕਿ ਉਹ 1 ਨਵੰਬਰ ਦੀ ਰਾਤ ਨੂੰ ਰਾਜੀਵ ਗਾਂਧੀ ਨੂੰ ਦਿੱਲੀ ਦੇ ਵਿਭਿੰਨ ਇਲਾਕਿਆਂ ਵਿਚ ਲੈ ਕੇ ਗਿਆ ਸੀ, ਸਾਬਿਤ ਕਰਦਾ ਹੈ ਕਿ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਤਲ ਕਰਨ ਵਾਸਤੇ ਇੱਕ ਡੂੰਘੀ ਸਾਜਿਸ਼ ਘੜੀ ਗਈ ਸੀ, ਕਿਉਂਕਿ ਜਿਹਨਾਂ ਇਲਾਕਿਆਂ ਵਿਚ ਰਾਜੀਵ ਗਾਂਧੀ ਗਿਆ ਸੀ, ਉੱਥੇ ਤੁਰੰਤ ਹੀ ਸਿੱਖਾਂ ਦੀ ਕਤਲੋਗਾਰਤ ਸ਼ੁਰੂ ਹੋ ਗਈ ਸੀ। ਉਹਨਾਂ ਕਿਹਾ ਕਿ ਹੁਣ ਇਹ ਪਤਾ ਲਾਉਣਾ ਲਾਜ਼ਮੀ ਹੈ ਕਿ ਉਸ ਮੰਦਭਾਗੇ ਦਿਨ ਰਾਜੀਵ ਗਾਂਧੀ ਅਤੇ ਟਾਈਟਲਰ ਨਾਲ ਪ੍ਰਧਾਨ ਮੰਤਰੀ ਦੇ ਸਾਰੇ ਸੁਰੱਖਿਆ ਵਾਹਨ ਦਿੱਲੀ ਵਿਚ ਕਿੱਥੇ ਕਿੱਥੇ ਗਏ ਸਨ। ਇਸ ਮੰਤਵ ਲਈ ਉਹਨਾਂ ਦੀਆਂ ਲਾਗਬੁੱਕਸ ਦੀ ਜਾਂਚ ਕੀਤੇ ਜਾਣ ਦੀ ਜਰੂਰਤ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਜਨਾਥ ਸਿੰਘ ਨੇ ਨਿੱਜੀ ਤੌਰ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਖੁਲਾਸਾ ਕੀਤਾ ਹੈ ਕਿ ਇਸ ਮਾਮਲੇ ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਪੱਤਰ ਪ੍ਰਾਪਤ ਹੋ ਜਾਣ ਮਗਰੋਂ ਇਸ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਸਰਦਾਰ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਇਸ ਕੇਸ ਵਿਚ ਜਗਦੀਸ਼ ਟਾਈਟਲਰ ਖਿਲਾਫ ਤਾਜ਼ਾ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਦਾ ਪਾਸਪੋਰਟ ਜ਼ਬਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦਿੱਲੀ ਅਤੇ ਦੇਸ਼ ਦੇ ਦੂਜੇ ਭਾਗਾਂ ਵਿਚ ਨਿਰਦੋਸ਼ ਸਿੱਖਾਂ ਦੇ ਕਤਲੇਆਮ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਹੋਰਾਂ ਦੀ ਭੂਮਿਕਾ ਬਾਰੇ ਪਤਾ ਲਾਉਣ ਲਈ ਟਾਈਟਲਰ ਦਾ ਪੋਲੀਗ੍ਰਾਫੀ ਅਤੇ ਨਾਰਕੋ ਕੀਤਾ ਜਾਣਾ ਚਾਹੀਦਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਇਸ ਸਮੁੱਚੇ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ਼ੱਕੀ ਭੂਮਿਕਾ ਨਿਭਾਈ ਜਾ ਰਹੀ ਹੈ। ਦਿੱਲੀ ਸਿਹਤ ਮੰਤਰਾਲਾ ਪਿਛਲੇ ਤਿੰਨ ਮਹੀਨਿਆਂ ਤੋਂ ਅਦਾਲਤ ਵਿਚ ਇਹ ਕਹਿੰਦਾ ਆ ਰਿਹਾ ਹੈ ਕਿ ਇਸ ਦੀ ਝੂਠ ਫੜਣ ਵਾਲੀ ਮਸ਼ੀਨ ਖਰਾਬ ਹੈ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਨੂੰ ਬਿਨਾਂ ਦੇ ਦੇਰੀ ਕੀਤੇ ਤੁਰੰਤ ਇਹ ਟੈਸਟ ਕਰਨਾ ਚਾਹੀਦਾ ਹੈ।