5 Dariya News

ਪ੍ਰਿੰਸੀਪਲ ਸਕੱਤਰ ਅੰਜਲੀ ਭਾਵਰਾ ਨੇ ਕੀਤੀ ਮੋਹਾਲੀ ਵਿਚ ਪੋਲੀਉ ਮੁਹਿੰਮ ਦੀ ਸ਼ੁਰੂਆਤ

ਪਹਿਲੇ ਦਿਨ ਜ਼ਿਲ੍ਹਾ ਮੋਹਾਲੀ 'ਚ 53 ਹਜ਼ਾਰ ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਉ ਬੂੰਦਾਂ

5 Dariya News

ਐਸ.ਏ.ਐਸ. ਨਗਰ (ਮੁਹਾਲੀ) 28-Jan-2018

ਸਿਹਤ ਅਤੇ ਪਰਵਾਰ ਭਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀਮਤੀ ਅੰਜਲੀ ਭਾਵਰਾ ਨੇ ਤਿੰਨ ਦਿਨਾ ਕੌਮੀ ਪਲਸ ਪੋਲੀਉ ਪ੍ਰੋਗਰਾਮ ਅਧੀਨ ਜ਼ਿਲ੍ਹਾ ਮੋਹਾਲੀ ਵਿਚ ਪਲਸ ਪੋਲੀਉ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਹਿੰਮ ਦੇ ਪਹਿਲੇ ਦਿਨ ਸਿਹਤ ਕਾਮਿਆਂ ਨੇ 0 ਤੋਂ 5 ਸਾਲ ਤਕ ਦੇ ਬੱÎਚਿਆਂ ਨੂੰ ਪੋਲੀਉ ਰੋਕੂ ਬੂੰਦਾਂ ਪਿਲਾਈਆਂ। ਸ੍ਰੀਮਤੀ ਭਾਵਰਾ ਅੱਜ ਸਵੇਰੇ ਕਮਿਊਨਿਟੀ ਹੈਲਥ ਸੈਂਟਰ ਕੁਰਾਲੀ ਵਿਖੇ ਪਹੁੰਚੇ ਅਤੇ ਉਥੇ ਬੱਚੇ ਨੂੰ ਪੋਲੀਉ ਰੋਕੂ ਬੂੰਦਾਂ ਪਿਲਾ ਕੇ ਮੁਹਿੰਮ ਦਾ ਆਗ਼ਾਜ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਦੋ ਬੂੰਦਾਂ ਬੱਚਿਆਂ ਦੀ ਜ਼ਿੰਦਗੀ ਲਈ ਬੇਹੱਦ ਅਹਿਮ ਅਤੇ ਜ਼ਰੂਰੀ ਹੈ। ਉਨ੍ਹਾਂ ਦਸਿਆ ਕਿ ਵਿਸ਼ਵ ਸਿਹਤ ਸੰਸਥਾ ਨੇ ਭਾਰਤ ਨੂੰ ਪੋਲੀਉ ਮੁਕਤ ਐਲਾਨਿਆ ਹੋਇਆ ਹੈ ਅਤੇ ਭਾਰਤ ਵਿਚ ਸਾਲ 2011 ਤੋਂ ਬਾਅਦ ਪੋਲੀਉ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ। ਦੇਸ਼ ਵਿਚੋਂ ਇਸ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਹੀ ਇਹ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ ਤਾਕਿ ਇਹ ਨਾਮੁਰਾਦ ਬੀਮਾਰੀ ਦੁਬਾਰਾ ਸਿਰ ਨਾ ਚੁੱਕ ਸਕੇ। ਸ੍ਰੀਮਤੀ ਭਾਵਰਾ ਕਮਿਊਨਿਟੀ ਹੈਲਥ ਸੈਂਟਰ ਬੂਥਗੜ੍ਹ ਵੀ ਗਏ ਜਿਥੇ ਉਨ੍ਹਾਂ ਪੋਲੀਉ ਮੁਹਿੰਮ ਦਾ ਜਾਇਜ਼ਾ ਲੈਣ ਤੋਂ ਇਲਾਵਾ ਹਸਪਤਾਲ ਅੰਦਰ ਜਾ ਕੇ ਤਮਾਮ ਪ੍ਰਬੰਧਾਂ ਅਤੇ ਦਿਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਡਾ. ਜੀ ਬੀ ਸਿੰਘ, ਡਾ. ਵਿਕਰਮ ਗੁਪਤਾ ਵੀ ਸਨ। ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦਸਿਆ ਕਿ ਪੋਲੀਉ ਰੋਕੂ ਮੁਹਿੰਮ ਸਵੇਰੇ ਨੌਂ ਵਜੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤਕ ਚੱਲੀ। ਅੱਜ ਦੇ ਦਿਨ ਅਹਿਮ ਜਨਤਕ ਥਾਵਾਂ ਉਤੇ ਬੂਥ ਸਥਾਪਤ ਕਰ ਕੇ ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆਂ ਗਈਆਂ ਜਦਕਿ ਅਗਲੇ ਦੋ ਦਿਨ ਘਰ-ਘਰ ਜਾ ਕੇ ਪੋਲੀਉ ਬੂੰੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਪੋਲੀਉ ਮੁਹਿੰਮ ਵਿਚ ਸਿਹਤ ਕਾਮਿਆਂ ਤੋਂ ਇਲਾਵਾ ਨਰਸਿੰਗ ਕਾਲਜਾਂ ਦੀਆਂ ਵਿਦਿਆਰਥਣਾਂ ਦੀ ਵੀ ਮਦਦ ਲਈ ਜਾ ਰਹੀ ਹੈ ਤਾਕਿ ਇਸ ਮੁਹਿੰਮ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜ਼ਰੇਵਾਲ ਨੇ ਦਸਿਆ ਕਿ ਜ਼ਿਲ੍ਹੇ ਦੇ ਕਰੀਬ ਡੇਢ ਲੱਖ ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਹੈ। ਜ਼ਿਲ੍ਹੇ ਵਿਚ ਕੁਲ 538 ਬੂਥ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿਚ 19 ਟਰਾਂਜ਼ਿਟ ਬੂਥ ਸਨ। ਮੁਹਿੰਮ ਦੀ ਸਫ਼ਲਤਾ ਲਈ 98 ਮੋਬਾਈਲ ਟੀਮਾਂ, 40 ਟਰਾਂਜ਼ਿਟ ਟੀਮਾਂ, 120 ਸੁਪਰਵਾਇਜ਼ਰਾਂ ਤੇ 2376 ਵੈਕਸੀਨੇਟਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਉਨ੍ਹਾਂ ਦਸਿਆ ਕਿ ਪਹਿਲੇ ਦਿਨ ਪੂਰੇ ਜ਼ਿਲ੍ਹੇ ਵਿਚ 52,992 ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਈਆਂ ਗਈਆਂ।