5 Dariya News

ਲੋਕਤੰਤਰ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਵੋਟ ਦੀ ਵਰਤੋਂ ਜ਼ਰੂਰੀ : ਚਰਨਦੇਵ ਸਿੰਘ ਮਾਨ

ਏਡੀਸੀ ਨੇ ਵੋਟਰ ਦਿਵਸ ਸਬੰਧੀ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

5 Dariya News

ਐਸ.ਏ.ਐਸ. ਨਗਰ (ਮੁਹਾਲੀ) 25-Jan-2018

ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ ਲੋਕਤੰਤਰ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ ਅਤੇ ਇਸ ਦੀ ਮਜ਼ਬੂਤੀ ਲਈ ਆਮ ਨਾਗਰਿਕ ਨੂੰ ਸੁਚੇਤ ਹੋਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਚਰਨਦੇਵ ਸਿੰਘ ਮਾਨ ਨੇ ਐਸ.ਏ.ਐਸ.ਨਗਰ ਸਥਿਤ ਸਰਕਾਰੀ ਕਾਲਜ ਦੇ ਆਡੀਟੋਰੀਅਮ ਵਿਖੇ ਰਾਸ਼ਟਰੀ ਵੋਟਰ ਦਿਵਸ ਮੌਕੇ  ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਮੌਕੇ ਵੋਟਰਾਂ ਨੂੰ ਸਹੁੰ ਚੁਕਾਈ ਕਿ ਅਸੀਂ, ''ਲੋਕਤੰਤਰ ਵਿਚ ਪੂਰਨ ਵਿਸ਼ਵਾਸ ਰੱਖਣ ਵਾਲੇ ਭਾਰਤ ਦੇ ਨਾਗਰਿਕ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਕਾਇਮ ਰੱਖਣ, ਸੁਤੰਤਰ, ਵਾਜਬ ਅਤੇ ਸ਼ਾਤੀਪੂਰਨ ਚੋਣਾਂ ਦੀ ਮਾਣ ਮਰਿਆਦਾ ਅਤੇ ਹਰੇਕ ਚੋਣ ਬਿਨਾਂ ਕਿਸੇ ਡਰ ਜਾਂ ਭਾਸ਼ਾ, ਸਮੁਦਾਇ, ਜਾਤ, ਧਰਮ, ਵਰਗ ਜਾਂ ਕਿਸੇ ਦਬਾਓ ਤੋਂ ਵੋਟ ਪਾਉਣ ਦਾ ਪ੍ਰਣ ਕਰਦੇ ਹਾਂ'' । ਇਸ ਮੌਕੇ ਉਨ੍ਹਾਂ ਨਵੇਂ ਬਣੇ ਨੌਜਵਾਨ ਵੋਟਰਾਂ ਨੂੰ ਫੋਟੋ ਵੋਟਰ ਸ਼ਨਾਖਤੀ ਕਾਰਡ ਵੰਡੇ ਅਤੇ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਬੀ.ਐਲ.ਓਜ਼ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਜ਼ਿਲ੍ਹਾ ਪੱਧਰੀ ਕੁਇਜ਼ ਦੇ ਜੇਤੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ ਦੇ ਵਿਦਿਆਰਥੀਆਂ ਅਰਸਲਾਨ ਮੁਹੰਮਦ ਅਤੇ ਸਾਹਿਲ ਮੁਹੰਮਦ ਦਾ ਵੀ ਸਨਮਾਨ ਕੀਤਾ  ਗਿਆ। ਇਸ ਮੌਕੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ  ਵੱਲੋਂ  ਵੋਟ ਦੇ ਹੱਕ ਦੀ ਵਰਤੋਂ ਕਰਨ ਸਬੰਧੀ ਇਕ ਨਾਟਕ ਵੀ ਪੇਸ਼ ਕੀਤਾ ਗਿਆ। ਕਾਲਜ ਦੇ ਪ੍ਰੋ: ਆਰ.ਸੀ ਕੰਗੋ ਨੇ ਵੋਟਰ ਦਿਵਸ ਤੇ ਆਪਣੇ ਵਿਚਾਰ ਸਾਂਝੇ ਕੀਤੇ ।  ਸਮਾਗਮ ਵਿੱਚ ਐਸ.ਡੀ.ਐਮ ਡੇਰਾਬਸੀ ਪਰਮਦੀਪ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪਾਲਿਕਾ ਆਰੋੜਾ, ਤਹਿਸੀਲਦਾਰ (ਚੋਣਾਂ) ਸ.ਹਰਦੀਪ ਸਿੰਘ, ਜਗਤਾਰ ਸਿੰਘ, ਰਾਜਪਾਲ ਸਿੰਘ, ਸਮੇਤ ਸਮੂਹ ਬੀ.ਐਲ.ਓਜ਼ ਅਤੇ ਨਵੇਂ ਬਣੇ ਵੋਟਰ ਮੌਜੂਦ ਸਨ।