5 Dariya News

ਨਵਜੋਤ ਸਿੰਘ ਸਿੱਧੂ 'ਆਪ' ਨਾਲ ਕਿਉਂ ਰੋਮਾਂਸ ਕਰ ਰਿਹਾ ਹੈ : ਅਕਾਲੀ ਦਲ

ਕਾਂਗਰਸੀ ਦੀ ਅੰਦਰੂਨੀ ਰਾਜਨੀਤੀ ਬਾਰੇ ਲੋਕਾਂ 'ਚ ਚਰਚਾ ਕਰਨ ਦੀ ਥਾਂ ਸਿੱਧੂ ਨੂੰ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੀਦਾ ਹੈ ਕਿ ਮੇਅਰਾਂ ਦੀ ਚੋਣ ਵੇਲੇ ਉਸ ਦੀ ਰਾਇ ਕਿਉਂ ਨਹੀਂ ਲਈ

5 Dariya News

ਚੰਡੀਗੜ੍ਹ 25-Jan-2018

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਉਹ ਇਸ ਗੱਲ ਦਾ ਜੁਆਬ ਦੇਵੇ ਕਿ ਉਸ ਦੀਆਂ ਕਾਰਵਾਈਆਂ ਦਾ 'ਆਪ' ਵੱਲੋਂ ਕਿਉਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਉਹ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਨਾਲ ਮਿਲ ਕੇ ਕਾਂਗਰਸ ਸਰਕਾਰ ਦੀਆਂ ਜੜ੍ਹਾਂ ਕਿਉਂ ਹਿਲਾ ਰਿਹਾ ਹੈ?ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਅ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਸੀਂ 'ਆਪ' ਦੀ ਨਿਰਾਸ਼ਾ ਨੂੰ ਸਮਝ ਸਕਦੇ ਹਾਂ ਕਿ ਉਹ ਕਿਉਂ ਸਿੱਧੂ ਦਾ ਆਪਣੇ ਗਰੁੱਪ ਵਿਚ ਸਵਾਗਤ ਕਰ ਰਹੀ ਹੈ। ਪਰੰਤੂ ਨਵਜੋਤ ਸਿੱਧੂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਕਾਂਗਰਸ ਨਾਲ ਆਪਣਾ ਹਨੀਮੂਨ ਅਧਵਾਟੇ ਖਰਾਬ ਹੋਣ ਮਗਰੋਂ ਇਕਦਮ ਹੀ 'ਆਪ' ਅਤੇ ਬੈਂਸ ਭਰਾਵਾਂ ਨਾਲ ਕਿਉਂ ਰੋਮਾਂਸ ਕਰਨਾ ਸ਼ੁਰੂ ਕਰ ਦਿੱਤਾ ਹੈ?ਇਹ ਟਿੱਪਣੀ ਕਰਦਿਆਂ ਕਿ ਨਵਜੋਤ ਸਿੱਧੂ ਨੂੰ ਹਮੇਸ਼ਾਂ ਸੱਤਾ ਦੀ ਭੁੱਖ ਰਹਿੰਦੀ ਹੈ, ਅਕਾਲੀ ਆਗੂ ਨੇ ਕਿਹਾ ਕਿ ਬੀਤੇ ਸਮੇਂ ਵਿਚ ਵੀ ਸਿੱਧੂ ਨੇ ਆਪਣੀਆਂ ਸਿਆਸੀ ਖਾਹਿਸ਼ਾਂ ਪੂਰੀਆਂ ਕਰਨ ਲਈ ਇੱਕ ਪਾਰਟੀ ਦਾ ਪੱਲਾ ਛੱਡ ਕੇ ਦੂਜੀ ਦਾ ਫੜ ਲਿਆ ਸੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਸਿੱਧੂ ਹੁਣ ਇਹ ਮਹਿਸੂਸ ਕਰਦਾ ਹੈ ਕਿ ਉਹ ਕਾਂਗਰਸ ਪਾਰਟੀ ਅੰਦਰ ਕੋਈ ਵੱਡੀ ਮਾਰ ਨਹੀਂ ਮਾਰ ਸਕੇਗਾ ਅਤੇ ਉਸ ਨੇ ਨਵੇਂ ਸਾਥੀ ਲੱਭਣੇ ਸ਼ੁਰੂ ਕਰ ਦਿੱਤੇ ਹਨ।ਸਿੱਧੂ ਵੱਲੋਂ ਜਨਤਾ ਵਿਚ ਕੀਤੇ ਜਾ ਰਹੇ ਤਮਾਸ਼ੇ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇਕਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਮਨ ਵਿਚ ਕੋਈ  ਸ਼ਿਕਵਾ ਹੈ ਤਾਂ ਉਸ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿੱਧੂ ਪਾਰਟੀ ਦੇ ਅੰਦਰੂਨੀ ਮਾਮਲਿਆਂ ਦੀ ਚਰਚਾ ਕਰਕੇ ਲੋਕਾਂ ਦਾ ਕਿਉਂ ਸਮਾਂ ਬਰਬਾਦ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਿੱਧੂ ਦੀ ਡਿਊਟੀ ਸਿਰਫ ਨਗਰ ਨਿਗਮਾਂ  ਦੀਆਂ ਚੋਣਾਂ ਦੀ ਤਾਰੀਕ ਦਾ ਐਲਾਨ ਕਰਨ ਤਕ ਹੀ ਸੀ। ਉਹਨਾਂ ਕਿਹਾ ਕਿ ਮੇਅਰ ਕਿਸ ਨੂੰ ਬਣਾਉਣਾ ਹੈ, ਇਹ ਫੈਸਲਾ ਪਾਰਟੀ ਕਰਦੀ ਹੈ। ਰਾਹੁਲ ਗਾਂਧੀ ਨੇ ਖੁਦ ਇਹ ਫੈਸਲਾ ਲਿਆ ਸੀ। ਸਿੱਧੂ ਰਾਹੁਲ ਨੂੰ ਕਿਉਂ ਨਹੀਂ ਪੁੱਛਦਾ ਕਿ ਇਸ ਫੈਸਲਾ ਲੈਂਦੇ ਸਮੇਂ ਉਸ ਦੀ ਰਾਇ ਕਿਉਂ ਨਹੀਂ ਲਈ ਗਈ?  ਆਖਿਰਕਾਰ ਸਿੱਧੂ ਨੇ ਮੰਨ ਚੁੱਕਿਆ ਹੈ ਕਿ ਰਾਹੁਲ ਗਾਂਧੀ ਦੂਰਦਰਸ਼ੀ ਹੈ। ਯਕੀਨਨ ਇੱਕ ਦੂਰਦਰਸ਼ੀ ਵਿਅਕਤੀ ਨੇ ਮੇਅਰਾਂ ਦੀ ਨਿਯੁਕਤੀ ਦਾ ਫੈਸਲਾ ਪੂਰੀ ਤਰ੍ਹਾਂ ਸੋਚ ਸਮਝ ਕੇ ਲਿਆ ਹੋਣਾ ਹੈ। ਕੀ ਸਿੱਧੂ ਸੋਚਦਾ ਹੈ ਕਿ ਰਾਹੁਲ ਕੋਲ ਹੁਣ ਸੂਝ ਦੀ ਕਮੀ ਹੈ, ਕਿਉਂਕਿ ਇਹ ਫੈਸਲਾ ਸਿੱਧੂ ਵੱਲੋਂ ਮੇਅਰ ਦੇ ਅਹੁਦੇ ਲਈ ਚੁਣੇ ਆਇਆ ਰਾਮ ਗਿਆ ਰਾਮ ਉਮੀਦਵਾਰਾਂ ਦੇ ਹੱਕ ਵਿਚ ਨਹੀਂ ਸੀ?ਇਹ ਕਹਿੰਦਿਆਂ ਕਿ ਸਿੱਧੂ ਇਹ ਝਗੜਾ ਇਸ ਲਈ ਕਰ ਰਿਹਾ ਹੈ, ਕਿਉਂਕਿ ਨਗਰ ਨਿਗਮਾਂ ਦੇ ਮੇਅਰਾਂ ਦੀ ਚੋਣ ਵਿਚ ਉਸ ਦੀ ਕੋਈ ਸੱਦ-ਪੁੱਛ ਨਹੀਂ ਹੋਈ, ਅਕਾਲੀ ਆਗੂ ਨੇ ਕਿਹਾ ਕਿ ਇਹ ਕੋਈ ਨਵੀ ਗੱਲ ਨਹੀਂ ਹੈ। ਭਾਜਪਾ ਵਿਚ ਵੀ ਸਿੱਧੂ ਆਪਣੀ ਗੱਲ ਪੁਗਾਉਣ ਵਾਸਤੇ ਹਮੇਸ਼ਾ ਬਲੈਕਮੇਲ ਕਰਦਾ ਰਹਿੰਦਾ ਸੀ। ਇੱਥੇ ਵੀ ਉਹ ਉਹੀ ਗੇਮ ਖੇਡ ਰਿਹਾ ਹੈ ਅਤੇ ਕਾਂਗਰਸੀ ਕੌਂਸਲਰਾਂ ਨੂੰ ਆਪਣੀ ਪਾਰਟੀ ਖ਼ਿਲਾਫ ਬਗਾਵਤ ਕਰਨ ਲਈ ਉਕਸਾ ਰਿਹਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਉਹ ਕਾਂਗਰਸ ਨਾਲ ਵੀ ਤਦ ਤਕ ਹੀ ਹੈ ਜਦ ਤਕ ਉਸ ਦਾ ਪਾਰਟੀ ਉੱਤੇ ਕੰਟਰੋਲ ਹੈ। ਇਸ ਘਟਨਾ ਨੇ ਉਸ ਦਾ ਮੌਕਾਪ੍ਰਸਤ ਕਿਰਦਾਰ ਨੰਗਾ ਕਰ ਦਿੱਤਾ ਹੈ ਜੋ ਕਿ ਆਪਣੇ ਮਤਲਬ ਲਈ ਕਿਸੇ ਵੀ ਹੱਦ ਤਕ ਚਲਾ ਜਾਵੇਗਾ।