5 Dariya News

ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਵਾਉਣ ਅਤੇ ਵੋਟ ਦੇ ਸਹੀ ਇਸਤੇਮਾਲ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ : ਡਾ: ਬਲਦੇਵ ਸਿੰਘ ਢਿੱਲੋਂ

ਰਾਜ ਵਿੱਚ 20 ਲੱਖ ਨਵੇਂ ਨੌਜਵਾਨ ਵੋਟਰ ਰਜਿਸਟਰਡ ਕੀਤੇ ਗਏ. ਡ.ਐੱਸ.ਕੇ. ਰਾਜੂ

5 Dariya News

ਫ਼ਿਰੋਜ਼ਪੁਰ 25-Jan-2018

ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਖ਼ਾਸ ਕਰ ਨਵੇਂ ਬਣੇ ਵੋਟਰਾਂ ਵਿੱਚ ਵੋਟਾਂ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਲਈ 8ਵੇਂ ਰਾਸ਼ਟਰੀ ਵੋਟਰ ਦਿਵਸ ਦਾ ਰਾਜ ਪੱਧਰੀ ਸਮਾਗਮ ਜੈਨਸਿਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਂਡ ਰਿਸਰਚ, ਮੋਗਾ ਰੋਡ ਫ਼ਿਰੋਜ਼ਪੁਰ ਵਿਖੇ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ: ਬਲਦੇਵ ਸਿੰਘ ਢਿੱਲੋਂ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸ਼ਾਮਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਐੱਸ.ਕੇ ਰਾਜੂ ਮੁੱਖ ਚੋਣ ਅਫ਼ਸਰ-ਕਮ ਸਕੱਤਰ ਚੋਣਾਂ ਪੰਜਾਬ ਵੱਲੋਂ ਵੱਲੋਂ ਕੀਤੀ ਗਈ।  ਇਸ ਮੌਕੇ ਸ੍ਰ: ਮਨਪ੍ਰੀਤ ਸਿੰਘ ਛਤਵਾਲ ਵਧੀਕ ਮੁੱਖ ਚੋਣ ਅਫ਼ਸਰ, ਪੰਜਾਬ, ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਫ਼ਿਰੋਜ਼ਪੁਰ ਸ੍ਰੀ. ਰਾਮਵੀਰ ਆਈ.ਏ.ਐੱਸ, ਸ੍ਰ. ਭੁਪਿੰਦਰ ਸਿੰਘ ਐੱਸ.ਐੱਸ.ਪੀ, ਸ੍ਰੀ. ਵਿਨੀਤ ਕੁਮਾਰ ਆਈ.ਏ.ਐੱਸ. ਵਧੀਕ ਡਿਪਟੀ ਕਮਿਸ਼ਨਰ ਸਮੇਤ  ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਸਮੂਹ ਪਤਵੰਤਿਆਂ ਵੱਲੋਂ ਸਮਾਂ-ਰੋਸ਼ਨ ਕਰਕੇ ਕੀਤੀ ਗਈ। ਇਸ ਮੌਕੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਬਲਦੇਵ ਸਿੰਘ ਢਿੱਲੋਂ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਆਪਣੇ ਸੰਬੋਧਨ ਵਿੱਚ  ਵੋਟਰਾਂ ਅਤੇ ਖ਼ਾਸ ਕਰ ਨਵੇਂ ਬਣੇ ਵੋਟਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਲੋਕਤੰਤਰ ਦਾ ਆਧਾਰ ਹੀ ਵੋਟ ਦੇ ਇਸਤੇਮਾਲ 'ਤੇ ਨਿਰਭਰ ਕਰਦਾ ਹੈ ਇਸ ਲਈ ਹਰੇਕ ਨਾਗਰਿਕ ਨੂੰ  ਬਿਨਾਂ ਕਿਸੇ ਲਾਲਚ ਅਤੇ ਡਰ ਭੈਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਨੇ ਹਰੇਕ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇ ਕੇ ਇੱਕ ਅਜਿਹੀ ਤਾਕਤ ਪ੍ਰਦਾਨ ਕੀਤੀ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਾਂ। ਉਨ੍ਹਾਂ ਨੌਜਵਾਨ ਵਰਗ ਨੂੰ ਪ੍ਰੇਰਤ ਕੀਤਾ ਕਿ ਨੌਜਵਾਨ ਸ਼ਕਤੀ ਕਿਸੇ ਵੀ ਚੁਨੌਤੀ ਦਾ ਸਾਹਮਣਾ ਕਰ ਸਕਦੀ ਹੈ, ਇਸ ਲਈ ਨੌਜਵਾਨ ਵੱਧ ਤੋਂ ਵੱਧ ਲੋਕਾਂ ਨੂੰ ਆਪਣੀ ਵੋਟ ਦਾ ਨਿਡਰ ਹੋ ਕੇ ਇਸਤੇਮਾਲ ਕਰਨ ਲਈ ਪ੍ਰੇਰਤ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨ ਭਵਿੱਖ ਦੇ ਨਿਰਮਾਤਾ ਹੁੰਦੇ ਹਨ ਅਤੇ ਸਮਾਜ ਦੇ ਭਵਿੱਖ ਨੂੰ ਤਾਂ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਜੇਕਰ ਸਹੀ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ। 

ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਚੋਣ ਅਫ਼ਸਰ ਪੰਜਾਬ-ਕਮ ਸਕੱਤਰ ਚੋਣਾਂ ਡਾ. ਐੱਸ.ਕਰੁਣਾ ਰਾਜੂ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਦੀਆਂ ਹਦਾਇਤਾਂ ਅਨੁਸਾਰ ਚੋਣ ਕਮਿਸ਼ਨ ਪੰਜਾਬ ਵੱਲੋਂ ਨਵੇਂ ਵੋਟਰ ਰਜਿਸਟਰਡ ਕਰਨ ਅਤੇ ਵੋਟ ਦੇ ਹੱਕ ਦੇ ਇਸਤੇਮਾਲ ਲਈ ਵੱਡੀ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ  ਜਿਸਦੇ ਬਹੁਤ ਵਧੀਆ ਸਿੱਟੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਿਖੇ ਰਾਜ ਪੱਧਰੀ ਵੋਟਰ ਦਿਵਸ ਮਨਾਉਣ ਦਾ ਮਕਸਦ ਇਹ ਸੁਨੇਹਾ ਦੇਣਾ ਹੈ ਕਿ ਸਰਹੱਦੀ ਖੇਤਰ ਤੋਂ ਲੋਕਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਅਤੇ ਨਵੀਆਂ ਵੋਟਾਂ ਬਣਾਉਣ ਦੀ ਮੁਹਿੰਮ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵੀਪ ਮੁਹਿੰਮ ਕਾਰਨ ਸਾਰੇ ਜ਼ਿਲ੍ਹਿਆ ਵਿਚੋਂ ਮਿਲੇ ਸਹਿਯੋਗ ਕਾਰਨ 20 ਲੱਖ ਨਵੇਂ ਵੋਟਰ ਰਜਿਸਟਰਡ ਕੀਤੇ ਗਏ ਹਨ ਅਤੇ ਰਾਜ ਵਿੱਚ ਇੱਕ ਕਰੋੜ 96 ਲੱਖ ਦੇ ਕਰੀਬ ਵੋਟਰ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਖ਼ੁਸ਼ੀ ਹੈ ਕਿ ਰਾਜ ਦੇ 100 ਪ੍ਰਤੀਸ਼ਤ ਵੋਟਰਾਂ ਨੂੰ ਵੋਟਰ ਸ਼ਨਾਖ਼ਤੀ ਕਾਰਨ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ 1 ਜਨਵਰੀ 2018 ਤੱਕ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨਾਂ ਦੇ ਵੋਟ ਬਣਵਾਏ ਜਾਣ ਅਤੇ ਲੋਕਾਂ ਨੂੰ ਵੋਟ ਦੇ ਹੱਕ ਦਾ ਬਿਨਾਂ,ਡਰ, ਭੈਅ ਜਾਂ ਲਾਲਚ ਦੇ ਇਸਤੇਮਾਲ ਕਰਨ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ।ਇਸ ਮੌਕੇ ਜ਼ਿਲ੍ਹਾ ਚੋਣ ਅਫਸਰ-ਕਮ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਨੇ ਮੁੱਖ ਮਹਿਮਾਨ ਡਾ.  ਬਲਦੇਵ ਸਿੰਘ ਢਿੱਲੋਂ, ਮੁੱਖ ਚੋਣ ਅਫ਼ਸਰ ਪੰਜਾਬ ਡਾ. ਐੱਸ ਕਰੁਣਾ ਰਾਜੂ ਅਤੇ ਵਧੀਕ ਮੁੱਖ ਚੋਣ ਅਫ਼ਸਰ ਸ੍ਰ. ਮਨਪ੍ਰੀਤ ਸਿੰਘ ਛਤਵਾਲ ਦਾ ਫ਼ਿਰੋਜ਼ਪੁਰ ਵਿਖੇ ਰਾਜ ਪੱਧਰੀ ਵੋਟਰ ਦਿਵਸ ਮਨਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਨਾਲ ਜ਼ਿਲ੍ਹੇ ਦੇ ਵੋਟਰਾਂ ਵਿੱਚ ਨਵੀਆਂ ਵੋਟਾਂ ਬਣਾਉਣ ਅਤੇ ਵੋਟ ਦੇ ਹੱਕ ਦੇ ਸਹੀ ਇਸਤੇਮਾਲ ਪ੍ਰਤੀ ਹੋਰ ਜਾਗਰੂਕਤਾ ਆਵੇਗੀ ਅਤੇ ਇਸ ਤੋਂ ਇਲਾਵਾ ਚੋਣਾਂ ਦੇ ਕੰਮ ਵਿੱਚ ਲੱਗੇ ਅਧਿਕਾਰੀਆਂ ਨੂੰ ਵੀ ਨਵੀਂ ਸੇਧ ਮਿਲੇਗੀ।ਸਵੀਪ ਦੇ ਜ਼ਿਲ੍ਹਾ ਕੁਆਰਡੀਨੇਟਰ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਸਵੀਪ ਮੁਹਿੰਮ ਤਹਿਤ  ਪਿਛਲੇ ਸਮੇਂ ਵਿੱਚ ਕੀਤੀਆਂ ਗਤੀਵਿਧੀਆਂ, ਨਵੇਂ ਵੋਟਰ ਰਜਿਸਟਰਡ ਕਰਨ, ਜਾਗਰੂਕਤਾ ਮੁਹਿੰਮਾਂ, ਸਾਈਕਲ ਰੈਲੀਆਂ ਸਮੇਤ ਵੱਖ-ਵੱਖ ਗਤੀਵਿਧੀਆਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।  ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਵੋਟਰ ਜਾਗਰੂਕਤਾ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵਿਸ਼ੇਸ਼ ਤੌਰ ਤੇ ਗੀਤ ਰਿਕਾਰਡ ਕਰਵਾ ਕੇ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਭੇਜੇ ਗਏ ਹਨ ਜਿਸਦੇ ਸਾਰਥਿਕ ਨਤੀਜੇ ਮਿਲੇ ਹਨ।

ਇਸ ਮੌਕੇ ਸ੍ਰੀਮਤੀ ਸਾਕਸ਼ੀ ਸਾਨੀ ਐੱਸ.ਡੀ.ਐੱਮ. ਬਠਿੰਡਾ-ਕਮ ਈ.ਆਰ.ਓ. ਬਠਿੰਡਾ ਸ਼ਹਿਰੀ, ਅਮਨਦੀਪ ਸਿੰਘ ਬੀ.ਐੱਲ.ਓ. ਫ਼ਰੀਦਕੋਟ, ਹਿੰਮਤਪੁਰੀ ਬੀ.ਐੱਲ.ਓ. ਜ਼ੀਰਾ, ਸਮਾਜ ਸੇਵੀ ਸੰਸਥਾ ਐਗਰੀਡ ਫਾਊਂਡੇਸ਼ਨ ਫਿਰੋਜ਼ਪੁਰ, ਚਾਂਦ ਪ੍ਰਕਾਸ਼ ਤਹਿਸੀਲਦਾਰ ਚੋਣਾਂ ਨੂੰ ਵੋਟਰ ਜਾਗਰੂਕਤਾ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ  ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ 18 ਤੋਂ 19 ਸਾਲ ਦੇ ਨਵੇਂ ਵੋਟਰਾਂ ਨੂੰ ਫੋਟੋ ਵੋਟਰ ਕਾਰਡ ਵੰਡ ਕੇ ਅਤੇ ਮਿਲੇਨੀਅਮ ਵੋਟਰਾਂ ਨੂੰ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।  ਇਸ ਸਮਾਗਮ 'ਚ ਨੌਜਵਾਨਾਂ ਨੂੰ ਵੋਟ ਬਣਾਉਣ ਅਤੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ  ਭਾਸ਼ਣ, ਗੀਤ, ਗਿੱਧਾ-ਭੰਗੜਾ ਆਦਿ ਸਭਿਆਚਾਰਕ ਪ੍ਰੋਗਰਾਮ ਕਰਵਾਏ ਗਏ। ਸਮਾਗਮ ਵਿੱਚ ਉੱਘੇ ਲੋਕ ਗਾਇਕ ਧਾਮੀ ਗਿੱਲ ਅੰਮ੍ਰਿਤਸਰ ਅਤੇ ਤਰਸੇਮ ਅਰਮਾਨ ਨੇ ਗੀਤਾਂ ਰਾਹੀਂ ਸਰੋਤਿਆਂ ਦਾ ਖ਼ੂਬ ਮਨੋਰੰਜਨ ਕੀਤਾ। ਸਮਾਗਮ ਵਿੱਚ ਐਨ.ਸੀ.ਸੀ. ਵਲੰਟੀਅਰਜ਼ ਵੱਲੋਂ ਇੰਦਰਪਾਲ ਸਿੰਘ ਲੈਕਚਰਾਰ ਦੀ ਅਗਵਾਈ ਵਿੱਚ ਵਿਸ਼ੇਸ਼ ਜਾਗਰੂਕਤਾ ਸਾਈਕਲ ਰੈਲੀ ਪਹੁੰਚੀ। ਸਿਟੀ ਹਾਰਟ ਸਕੂਲ ਮਮਦੋਟ ਦੀ ਸਕਾਓਟਿੰਗ ਟੀਮ, ਯੁਵਕ ਸੇਵਾਵਾਂ ਦੀ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਜ਼ ਅਤੇ ਦੇਵ ਸਮਾਜ ਗਰਲਜ਼ ਸੀਨੀ. ਸੈਕੰਡਰੀ ਸਕੂਲ ਦੀ ਲੜਕੀਆਂ ਦੀ ਬੈਂਡ ਟੀਮ ਅਤੇ ਸਵੀਪ ਟੀਮ ਵੱਲੋਂ ਸਵੀਪ ਬਸੰਤ ਮੇਲੇ ਦੀ ਲਗਾਈ ਸਟਾਲ ਅਤੇ ਸਵੀਪ ਰੰਗੋਲੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।ਇਸ ਮੌਕੇ ਹਰਜੀਤ ਸਿੰਘ ਐੱਸ.ਡੀ.ਐੱਮ. ਫਿਰੋਜ਼ਪੁਰ, ਅਮਿਤ ਗੁਪਤਾ ਐੱਸ.ਡੀ.ਐੱਮ. ਜੀਰਾ, ਨਮਨ ਮਾਰਕਨ ਆਈ.ਏ.ਐੱਸ., ਰਵਿੰਦਰਪਾਲ ਸਿੰਘ ਡੀ.ਡੀ.ਪੀ.ਓ, ਗੁਰਕਰਨ ਸਿੰਘ ਰਨੀਆਂ ਸਹਾਇਕ ਡਾੲਰੈਕਟਰ ਯੁਵਕ ਸੇਵਾਵਾਂ, ਸ੍ਰੀ. ਪ੍ਰਦੀਪ ਸ਼ਰਮਾ ਡੀ.ਈ.ਓ. ਐਲੀਮੈਂਟਰੀ, ਸ੍ਰੀ. ਰਜਿੰਦਰ ਕਟਾਰੀਆਂ ਮੱਛੀ ਪਾਲਣ, ਚਾਂਦ ਪ੍ਰਕਾਸ਼ ਤਹਿਸੀਲਦਾਰ ਚੋਣਾਂ, ਗਗਨ ਖੁਰਾਨਾ, ਮਹਿੰਦਰਪਾਲ ਸਿੰਘ ਲੈਕਚਰਾਰ, ਇੰਦਰਪਾਲ ਸਿੰਘ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਦੇ ਮੁਖੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।