5 Dariya News

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਕੰਮਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗ ਦਾ ਆਯੋਜਨ

ਅਧਿਕਾਰੀਆਂ ਨੂੰ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ

5 Dariya News

ਫ਼ਿਰੋਜ਼ਪੁਰ 23-Jan-2018

ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਕੰਮਾਂ ਦਾ ਰੀਵਿਊ ਕਰਨ ਅਤੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਵਿਭਾਗ ਨਾਲ ਸਬੰਧਿਤ ਪੈਂਡਿੰਗ ਪਏ ਕੇਸਾਂ ਨੂੰ ਸਮੇਂ-ਸਿਰ ਪਾਰਦਰਸ਼ਤਾ ਨਾਲ ਨਿਪਟਾਉਣ ਸਬੰਧੀ ਨਿਰਦੇਸ਼ ਦਿੱਤੇ ਗਏ ਤਾਂ ਜੋ ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ। ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜਿੱਥੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ ਉੱਥੇ ਉਨ੍ਹਾਂ ਕੋਲੋਂ ਕੀਮਤੀ ਸੁਝਾਅ ਲਏ ਗਏ ਅਤੇ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ  ਮੁਸ਼ਕਲਾਂ ਵੀ ਸੁਣੀਆਂ ਗਈਆਂ। ਉਨ੍ਹਾਂ ਵੱਲੋਂ ਮਾਲ ਵਿਭਾਗ ਦੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਜ਼ਮੀਨਾਂ ਦੀਆਂ ਜਮਾਂਬੰਦੀਆਂ, ਇੰਤਕਾਲ, ਨਿਸ਼ਾਨਦੇਹੀਆਂ ਅਤੇ ਖ਼ਾਨਗੀ ਤਕਸੀਮਾਂ ਆਦਿ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਲੰਬਿਤ ਪਏ ਕੋਰਟ ਕੇਸਾਂ ਦੇ ਨਿਪਟਾਰੇ ਜਲਦੀ ਕਰਵਾਉਣ ਦੇ ਆਦੇਸ਼ ਵੀ ਦਿੱਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਕਰਜ਼ਾ ਵਸੂਲੀ, ਇੰਤਕਾਲਾਂ ਦੇ ਬਕਾਇਆ ਕੇਸਾਂ, ਗਿਰਦਾਵਰੀਆਂ, ਕੁਰਕੀ ਦੇ ਕੇਸਾਂ ਆਦਿ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਮ ਜਨਤਾ ਨੂੰ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਨੋਟੀਫਾਈਡ ਕੀਤੀਆਂ ਸੇਵਾਵਾਂ ਨੂੰ ਨਿਰਧਾਰਿਤ ਸਮਾਂ ਹੱਦ ਵਿਚ ਮੁਹੱਈਆ ਕਰਵਾਉਣ ਅਤੇ ਲੰਬਿਤ ਪਈਆਂ ਵਿਭਾਗੀ ਦਰਖਾਸਤਾਂ ਦਾ ਵੀ ਜਲਦੀ ਨਿਪਟਾਰਾ ਕਰਵਾਉਣ। ਜ਼ਿਲ੍ਹਾ ਪੱਧਰੀ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦ ਤੋਂ ਜਲਦ  ਪੂਰਾ ਕੀਤਾ ਜਾਵੇ ਅਤੇ ਉਨ੍ਹਾਂ ਵੱਲੋਂ ਹੋ ਚੁੱਕੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਜਮਾਂ ਕਰਵਾਏ ਜਾਣ।  

ਉਨ੍ਹਾਂ ਵਿਕਾਸ ਦੇ ਕੰਮਾਂ ਜਿਵੇਂ ਕਿ ਲਿੰਕ ਸੜਕਾਂ ਦੀ  ਉਸਾਰੀ, ਆਰ.ਡੀ.ਬੀ ਫੰਡ ਤਹਿਤ ਨਵੀਆਂ ਲਿੰਕ ਸੜਕਾਂ ਦੀ ਉਸਾਰੀ, ਪ੍ਰਧਾਨ ਮੰਤਰੀ ਗ੍ਰਾਮੀਨ ਸੜਕ ਯੋਜਨਾ, ਬੀ.ਏ.ਡੀ.ਪੀ. ਸਕੀਮ ਅਧੀਨ ਫਲੋਰਿੰਗ ਅਤੇ ਲਿੰਕ ਸੜਕਾਂ ਦੀ ਉਸਾਰੀ, ਤਲਵੰਡੀ ਫਿਰੋਜ਼ਪੁਰ ਰੋਡ ਤੇ ਰੇਲ ਓਵਰ ਬਰਿਜ ਦੀ ਉਸਾਰੀ, ਬਠਿੰਡਾ-ਫਿਰੋਜ਼ਪੁਰ ਰੇਲ ਲਾਈਨ ਦੀ ਉਸਾਰੀ, ਬੀ.ਏ.ਡੀ.ਪੀ. ਸਕੀਮ ਅਧੀਨ ਟਿਊਬਵੈਲ ਅਤੇ ਆਰ.ਓ ਲਗਾਉਣ, ਪੈਨਸ਼ਨਾਂ, ਆਸ਼ੀਰਵਾਦ ਸਕੀਮ, ਡੱਕ ਵੀਡ, ਮਿੱਡ ਡੇ ਮੀਲ ਅਤੇ ਰੂਰਲ ਸੈਨੀਟੇਸ਼ਨ ਨਾਲ ਸਬੰਧਿਤ ਵੱਖ-ਵੱਖ ਵਿਕਾਸ ਕੰਮਾਂ ਸਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਲਈ ਅਤੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕੰਮਾਂ ਸਬੰਧੀ ਸਮੇਂ ਸਮੇਂ ਤੇ ਰਿਪੋਰਟ ਭੇਜੀ ਜਾਵੇ ਅਤੇ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕਰਕੇ ਆਡਿਟ ਕਰਵਾਇਆ ਜਾਵੇ।   ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਵਿਕਾਸ ਕਾਰਜਾਂ 'ਚ ਗੁਣਵਤਾ ਦਾ ਪੂਰਾ ਖਿਆਲ ਰੱਖਿਆ ਜਾਵੇ ਅਤੇ ਤਹਿ ਨਿਯਮਾਂ ਅਤੇ ਸ਼ਰਤਾਂ ਮੁਤਾਬਕ ਹੀ ਵਿਕਾਸ ਕਾਰਜ ਨੇਪਰੇ ਚਾੜੇ ਜਾਣ।    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ ਸ.ਰਣਜੀਤ ਸਿੰਘ, ਸ੍ਰ: ਚਰਨਦੀਪ ਸਿੰਘ ਐਸ.ਡੀ.ਐਮ ਗੁਰੂਹਰਸਹਾਏ, ਸ਼੍ਰੀ ਅਮਿਤ ਗੁਪਤਾ ਐਸ.ਡੀ.ਐਮ ਜ਼ੀਰਾ, ਸ਼੍ਰੀ ਨਮਨ ਮਾਰਕਨ ਪੀ.ਸੀ.ਐਸ, ਸ੍ਰ: ਰਵਿੰਦਰ ਪਾਲ ਸਿੰਘ ਡੀ.ਡੀ.ਪੀ.ਓ, ਸ੍ਰ. ਮਨਜੀਤ ਸਿੰਘ ਤਹਿਸੀਲਦਾਰ ਫਿਰੋਜ਼ਪੁਰ, ਸ੍ਰ. ਬਿਅੰਤ ਸਿੰਘ ਤਹਿਸੀਲਦਾਰ ਜ਼ੀਰਾ, ਸ੍ਰੀ. ਪਵਨ ਕੁਮਾਰ ਗੁਲਾਟੀ ਤਹਿਸੀਲਦਾਰ ਗੁਰੂਹਰਸਹਾਏ, ਸ੍ਰੀ. ਵਿਜੇ ਬਹਿਲ ਨਾਇਬ ਤਹਿਸੀਲਦਾਰ ਗੁਰੂਹਰਸਹਾਏ, ਸ੍ਰ: ਮਨਜੀਤ ਸਿੰਘ ਜ਼ਿਲ੍ਹਾ ਮੰਡੀ ਅਫ਼ਸਰ, ਸ੍ਰ: ਬਲਰਾਜ ਸਿੰਘ ਡੀ.ਐਫ.ਐਸ.ਸੀ, ਸ੍ਰ: ਸੁਖਜਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।