5 Dariya News

ਪੰਜਾਬ 'ਚ ਪਰਿਵਾਰਕ ਯੋਜਨਾਬੰਦੀ ਸੇਵਾਵਾਂ ਵਿਚ ਜ਼ਿਕਰਯੋਗ ਸੁਧਾਰ-ਅੰਜਲੀ ਭਾਵੜਾ

ਗਰਭ-ਰੋਕੂ ਟੀਕਾ 'ਅੰਤਰਾ' ਜਲਦ ਹੋਵੇਗਾ ਉਪਲੱਬਧ, ਪਰਿਵਾਰਕ ਯੋਜਨਾਬੰਦੀ ਬਾਰੇ ਜਾਗਰੂਕਤਾ ਵਧਾਉਣ ਲਈ ਮਾਸ ਮੀਡੀਆਂ ਮੁਹਿੰਮ 'ਤੇ ਜ਼ੋਰ

5 Dariya News

ਚੰਡੀਗੜ੍ਹ 22-Jan-2018

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਸੂਬਾ ਪੱਧਰੀ ਪਰਿਵਾਰਕ ਯੋਜਨਾਬੰਦੀ ਸਾਲਾਨਾ ਸਮੀਖਿਆ ਮੀਟਿੰਗ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਜਲੀ ਭਾਵੜਾ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਭਾਰਤ ਸਰਕਾਰ ਦੀ 'ਪਰਿਵਾਰ ਨਿਯੋਜਨ ਡਵੀਜਨ' ਦੀ ਅਗਵਾਈ ਹੇਠ ਕੀਤੀ ਗਈ।ਸ੍ਰੀਮਤੀ ਅੰਜਲੀ ਭਾਵੜਾ ਨੇ ਦੱਸਿਆ ਕਿ ਮੀਟਿੰਗ ਦਾ ਮੰਤਵ ਆਮ ਜਨਤਾ ਨੂੰ ਗੁਣਵੱਤਾ ਵਾਲੀਆ ਪਰਿਵਾਰਕ ਯੋਜਨਾਬੰਦੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਦੌਰਾਨ ਪਰਿਵਾਰਕ ਯੋਜਨਾਬੰਦੀ ਦੇ ਪੱਕੇ ਤਰੀਕੇ, ਜਣੇਪੇ ਦੇ ਤੁਰੰਤ ਬਾਅਦ ਪੀਪੀਆਈਯੂਸੀਡੀ, ਆਈਯੂਸੀਡੀ, ਚੀਰਾ ਰਹਿਤ ਨਸਬੰਦੀ ਆਦਿ ਵਿਸ਼ਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਨੇ ਪਰਿਵਾਰਕ ਯੋਜਨਾਬੰਦੀ ਸੇਵਾਵਾਂ ਵਿੱਚ ਜ਼ਿਕਰਯੋਗ ਸੁਧਾਰ ਕੀਤਾ ਹੈ। ਸੂਬੇ 'ਚ ਦਿੱਤੀਆ ਗਈਆਂ ਸੇਵਾਵਾਂ ਸਦਕਾ ਸਿੱਧੇ ਤੌਰ 'ਤੇ ਜੱਚਾ ਮੌਤ ਅਨੁਪਾਤ ਘਟਾਉਣ ਵਿੱਚ ਮਦਦ ਮਿਲੀ ਹੈ। ਮੀਟਿੰਗ ਦੌਰਾਨ ਭਾਰਤ ਸਰਕਾਰ ਵੱਲੋਂ ਇੱਕ ਨਵਾਂ ਅਤੇ ਨਿਵੇਕਲਾ ਗਰਭ-ਰੋਕੂ ਟੀਕਾ 'ਅੰਤਰਾ' ਪੇਸ਼ ਕੀਤਾ ਗਿਆ। ਇਹ ਸੁਰੱਖਿਅਤ ਅਤੇ ਸੁਵਿਧਾਜਨਕ ਹੈ ਜੋ ਕਿ ਪੰਜਾਬ ਵਿਚ ਜਲਦੀ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਮੌਕੇ ਆਸ਼ਾ ਵਰਕਰਾਂ ਦੀ ਸਹਾਇਤਾ ਨਾਲ ਗਰਭ ਰੋਕੂ ਦਵਾਈਆਂ ਦੀ ਵੰਡ 'ਤੇ ਜ਼ੋਰ ਦਿੱਤਾ ਗਿਆ। ਇਹ ਚਰਚਾ ਵੀ ਕੀਤੀ ਗਈ ਕਿ ਪਰਿਵਾਰਕ ਯੋਜਨਾਬੰਦੀ ਸਬੰਧੀ ਰਜਿਸਟਰਾਂ ਦਾ ਰਿਕਾਰਡ ਮੁਕੰਮਲ ਕੀਤਾ ਜਾਵੇ ਅਤੇ ਸਹੀ ਰਿਪੋਰਟਿੰਗ ਕਰਨੀ ਯਕੀਨੀ ਬਣਾਈ ਜਾਵੇ।

ਪਰਿਵਾਰਕ ਯੋਜਨਾਬੰਦੀ ਬਾਰੇ ਜਾਗਰੂਕਤਾ ਵਧਾਉਣ ਲਈ ਮਾਸ ਮੀਡੀਆਂ ਮੁਹਿੰਮ 'ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਦੌਰਾਨ ਆਸ਼ਾ ਵਰਕਰਾਂ ਅਤੇ ਏਐਨਐਮਜ਼ ਦੀ ਆਧੁਨਿਕ ਤਰੀਕਿਆਂ ਨਾਲ ਓਰੀਐਨਟੇਸ਼ਨ ਸਿਖਲਾਈ ਕਰਵਾਉਣ 'ਤੇ ਵੀ ਜ਼ੋਰ ਦਿੱਤਾ ਗਿਆ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਵੱਲੋਂ ਰਾਜ ਵਿੱਚ ਪਹਿਲਾਂ ਹੀ ਲਾਗੂ ਹੋ ਚੁੱਕੀਆਂ ਗੁਣਵੱਤਾ ਵਾਲੀਆਂ ਪਰਿਵਾਰਕ ਯੋਜਨਾਬੰਦੀ ਸੇਵਾਵਾਂ ਮੁਹੱਈਆ ਕਰਨ ਸਬੰਧੀ ਸੁਪਰੀਮ ਕੋਰਟ ਦੀਆਂ ਨਵੀਆਂ ਜਾਰੀ ਕੀਤੀਆ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ। ਮੀਟਿੰਗ ਦੌਰਾਨ ਡਾ. ਐਸ.ਕੇ. ਸਿਕਦਰ ਡਿਪਟੀ ਕਮਿਸ਼ਨਰ ਪਰਿਵਾਰ ਨਿਯੋਜਨ ਭਾਰਤ ਸਰਕਾਰ, ਡਾ. ਜਸਪਾਲ ਕੌਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਅਤੇ ਡਾ. ਜੈ ਸਿੰਘ ਡਾਇਰੈਕਟਰ ਪਰਿਵਾਰ ਭਲਾਈ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਮਨਦੀਪ ਕੌਰ, ਪੰਜਾਬ ਦੇ ਸਮੂਹ ਸਿਵਲ ਸਰਜਨਾਂ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰਾਂ, ਗਾਇਨੀਕੋਲੋਜਿਸਟ, ਸਰਜਨ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਤੇ ਕੋਆਰਡੀਨੇਟਰਾਂ ਨੇ ਸ਼ਮੂਲੀਅਤ ਕੀਤੀ ।