5 Dariya News

ਬਠਿੰਡਾ ਥਰਮਲ ਨਾਲ ਜੁੜੇ ਲੋਕਾਂ ਦਾ ਰੁਜ਼ਗਾਰ ਖੋਹ ਕੇ ਮੁੱਖ ਮੰਤਰੀ ਰੁਜ਼ਗਾਰ ਦੇਣ ਦੇ ਵਾਅਦੇ ਤੋਂ ਪਲਟੇ : ਹਰਸਿਮਰਤ ਬਾਦਲ

ਕਿਹਾ ਕਿ ਰਿਹਾਇਸ਼ੀ ਕਲੋਨੀ, ਮਾਰਕੀਟ ਅਤੇ ਸਕੂਲ ਨੂੰ ਬੰਦ ਕੀਤਾ ਜਾ ਰਿਹਾ ਹੈ ਅਤੇ ਕਰਮਚਾਰੀਆਂ ਨੂੰ ਮੁੜ-ਵਸੇਬੇ ਦਾ ਕੋਈ ਪੈਕਜ ਨਹੀਂ ਦਿੱਤਾ ਜਾ ਰਿਹਾ ਹੈ

5 Dariya News

ਚੰਡੀਗੜ੍ਹ 22-Jan-2018

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਮੁਕਰਨ ਮਗਰੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੁਜ਼ਗਾਰ ਪੈਦਾ ਕਰਨ ਦੇ ਵਾਅਦੇ ਤੋਂ ਵੀ ਪਿੱਛੇ ਹਟ ਰਹੇ ਹਨ ਅਤੇ ਬਠਿੰਡਾ ਥਰਮਲ ਪਲਾਂਟ ਨੂੰ ਦੁਬਾਰਾ ਸ਼ੁਰੂ ਕਰਨ ਦੀ ਵਾਜਿਬ ਮੰਗ ਨੂੰ ਠੁਕਰਾ ਕੇ ਉਲਟਾ ਸੂਬੇ ਦੇ ਲੋਕਾਂ ਕੋਲੋਂ ਰੁਜ਼ਗਾਰ ਖੋਹ ਰਹੇ ਹਨ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਆਪਣੇ 'ਘਰ ਘਰ ਨੌਕਰੀ ਸਕੀਮ' ਦੇ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਮੁੱਖ ਮੰਤਰੀ ਨੇ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਕੇ ਬਠਿੰਡਾ ਦੇ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਹੈ। ਉਹਨਾਂ ਕਿਹਾ ਕਿ ਥਰਮਲ ਪਲਾਂਟ ਨਾਲ ਜੁੜੇ ਹਜ਼ਾਰਾਂ ਵਰਕਰਾਂ, ਉਹਨਾਂ ਦੇ ਪਰਿਵਾਰਾਂ ਅਤੇ ਵੱਖ ਵੱਖ ਵਰਗਾਂ ਦੇ ਹੋਰ ਲੋਕਾਂ ਦੀ ਹਾਲਤ ਨੂੰ ਸਮਝਣ ਦੀ ਥਾਂ ਮੁੱਖ ਮੰਤਰੀ ਨੇ ਜ਼ਿੱਦ ਫੜ ਲਈ ਹੈ ਕਿ ਇਹ ਫੈਸਲੇ ਨੂੰ ਹੁਣ ਉਲਟਾਇਆ ਨਹੀਂ ਜਾਵੇਗਾ।ਇਹ ਟਿੱਪਣੀ ਕਰਦਿਆਂ ਕਿ ਇਹ ਲੋਕਾਂ ਦੀ ਇੱਛਾ ਸੀ, ਜੋ ਕਿ ਕਿਸੇ ਵੀ ਲੋਕਤੰਤਰੀ ਨਿਜ਼ਾਮ ਅੰਦਰ ਸਭ ਤੋਂ ਵੱਧ ਅਹਿਮੀਅਤ ਰੱਖਦੀ ਹੈ, ਨਾ ਕਿ ਕਿਸੇ ਮਹਾਰਾਜੇ ਦੀ, ਬੀਬੀ ਬਾਦਲ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਇੱਕ ਚੁਣੀ ਹੋਈ ਸਰਕਾਰ ਆਪਣੇ ਲੋਕਾਂ ਖਿਲਾਫ ਅਜਿਹਾ ਸਟੈਂਡ ਲੈ ਰਹੀ ਹੈ। ਉਹਨਾਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਇੱਕ ਮੁਕੰਮਲ ਸ਼ਹਿਰ ਹੈ, ਜਿਸ ਦੀ ਆਪਣੀ ਰਿਹਾਇਸ਼ੀ ਕਲੋਨੀ, ਮਾਰਕੀਟ ਅਤੇ ਸਕੂਲ ਹੈ। ਸਰਕਾਰ ਇਸ ਸ਼ਹਿਰ ਵਿਚ ਰਹਿ ਰਹੇ ਸਾਰੇ ਲੋਕਾਂ ਨੂੰ ਇੱਥੇ ਪੁੱਟ ਕੇ ਦੂਰ ਦੁਰੇਡੇ ਥਾਂਵਾਂ ਉੱਤੇ ਭੇਜ ਰਹੀ ਹੈ ਅਤੇ  ਉਹਨਾਂ ਲਈ ਕਿਸੇ ਮੁੜ-ਵਸੇਬਾ ਪੈਕੇਜ ਦਾ ਵੀ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ। ਇਹ ਇੱਕ ਸਰਾਸਰ ਬੇਇਨਸਾਫੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਸਾਰੇ ਕਾਂਡ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਭੂਮਿਕਾ ਬਾਰੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਮਨਪ੍ਰੀਤ ਨੇ ਇੱਕ ਗੇਟ ਰੈਲੀ ਨੂੰ ਸੰਬੋਧਨ ਕੀਤਾ ਸੀ ਅਤੇ ਵਰਕਰਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਸੱਤਾ ਵਿਚ ਆਈ ਤਾਂ ਇਹ ਪਲਾਂਟ ਫੁੱਲ ਲੋਡ ਉੱਤੇ ਚਲਾਇਆ ਜਾਵੇਗਾ। ਉਹਨਾਂ ਕਿਹਾ ਕਿ ਪਰ ਸੱਤਾ ਵਿਚ ਆਉਣ ਤੋਂ ਮਗਰੋਂ ਮਨਪ੍ਰੀਤ ਨੇ ਇਸ ਪਲਾਂਟ ਨੂੰ ਬੰਦ ਕਰਵਾਉਣ ਅਤੇ ਇਸ ਦੀ ਕੀਮਤੀ ਜ਼ਮੀਨ ਨੂੰ ਵੇਚਣ ਵਾਲਿਆਂ ਦੀ ਅਗਵਾਈ ਕੀਤੀ ਹੈ। ਸੂਬਾਈ ਵਿਧਾਨ ਸਭਾ ਵਿਚ ਬਠਿੰਡਾ ਦੀ ਨੁੰਮਾਇੰਦਗੀ ਕਰਨ ਵਾਲੇ ਵਿਅਕਤੀ ਵੱਲੋਂ ਅਜਿਹਾ ਕਰਨਾ ਬਹੁਤ ਹੀ ਗਲਤ ਹੈ। ਇਹ ਕਾਰਵਾਈ ਮਨਪ੍ਰੀਤ ਵੱਲੋਂ ਆਪਣੇ ਵੋਟਰਾਂ ਨਾਲ ਵਿਸ਼ਵਾਸ਼ਘਾਤ ਕਰਨ ਦੇ ਬਰਾਬਰ ਹੈ।ਇਹ ਟਿੱਪਣੀ ਕਰਦਿਆਂ ਕਿ ਬਠਿੰਡਾ ਥਰਮਲ ਪਲਾਂਟ ਇੱਕ ਅਸਾਸਾ ਹੈ ਅਤੇ ਇਸ ਨੂੰ ਅਸਾਸੇ ਵਜੋਂ ਹੀ ਵੇਖਿਆ ਜਾਣਾ ਚਾਹੀਦਾ ਹੈ, ਬੀਬੀ ਬਾਦਲ ਨੇ ਕਿਹਾ ਕਿ ਇਸ ਪਲਾਂਟ ਦਾ 715 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕੀਕਰਨ ਕੀਤਾ ਗਿਆ ਸੀ ਅਤੇ ਇਹ 2029 ਤਕ ਚੱਲਣ ਦੇ ਯੋਗ ਹੈ। ਉਹਨਾਂ ਕਿਹਾ ਕਿ ਇਸ ਪਲਾਂਟ ਬਾਰੇ ਇਹ ਗਲਤ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਇਹ 11ਥ50 ਰੁਪਏ ਪ੍ਰਤੀ ਯੂਨਿਟ ਬਿਜਲੀ ਪੈਦਾ ਕਰਦਾ ਹੈ ਜਦਕਿ ਇਸ ਵਲੋਂ ਪੈਦਾ ਕੀਤੀ ਜਾਂਦੀ ਬਿਜਲੀ ਦੀ ਲਾਗਤ 4 ਤੋਂ 5 ਰੁਪਏ ਪ੍ਰਤੀ ਯੂਨਿਟ ਹੈ। ਲੰਬੇ ਸਮੇਂ ਦੇ ਅੰਦਾਜ਼ਿਆਂ ਬਾਰੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਬਠਿੰਡਾ ਦੇ ਚਾਰੇ ਯੂਨਿਟਾਂ ਦੀ ਮੌਜੂਦਗੀ ਅਤੇ 5775 ਮੈਗਾਵਾਟ ਬਿਜਲੀ ਦੇ ਵਾਧੂ ਉਤਪਾਦਨ ਦੇ ਨਾਲ ਵੀ 2022 ਤਕ ਸੂਬੇ ਅੰਦਰ ਬਿਜਲੀ ਦੀ ਕਮੀ ਹੋ ਜਾਵੇਗੀ। ਅਜਿਹੇ ਹਾਲਾਤਾਂ ਵਿਚ ਬਠਿੰਡਾ ਪਲਾਂਟ ਤੋਂ ਪੈਦਾ ਹੋਣ ਵਾਲੀ 460 ਮੈਗਾਵਾਟ ਬਿਜਲੀ ਦੀ ਕਮੀ ਇਸ ਘਾਟੇ ਨੂੰ ਹੋਰ ਬਦਤਰ ਬਣਾ ਦੇਵੇਗੀ।ਇਹ ਟਿੱਪਣੀ ਕਰਦਿਆਂ ਕਿ ਇਹ ਸਾਰਾ ਮੁੱਦਾ 2200 ਏਕੜ ਜ਼ਮੀਨ ਦੀ ਕਮਰਸ਼ੀਅਲ ਵਰਤੋਂ ਕਰਨ ਲਈ ਕੀਤੀ ਜਾ ਰਹੀ ਸਾਜ਼ਿਸ਼ ਦੁਆਲੇ ਘੁੰਮਦਾ ਹੈ, ਬੀਬੀ ਬਾਦਲ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਦੇ ਖ਼ਿਥਥਲਾਫ ਜਾ ਕੇ ਲੋਕ ਵਿਰੋਧੀ ਬਿਆਨ ਦੇਣ ਦੀ ਥਾਂ ਮੁੱਖ ਮੰਤਰੀ ਨੂੰ ਉਹਨਾਂ ਲੋਕਾਂ ਦਾ ਪਰਦਫਾਸ਼ ਕਰਨਾ ਚਾਹੀਦਾ ਹੈ, ਜਿਹੜੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਬਠਿੰਡਾ ਦੇ ਲੋਕੀਂ ਵੀ ਇਹੀ ਚਾਹੁੰਦੇ ਹਨ ਅਤੇ ਸਾਨੂੰ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।