5 Dariya News

ਕਿਸਾਨੀ ਨੂੰ ਬਚਾਉਣ ਲਈ ਨਬਾਰਡ ਅਤੇ ਹੋਰ ਬੈਂਕ ਅੱਗੇ ਆਉਣ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਨਬਾਰਡ ਦੇ ਸੂਬਾ ਪੱਧਰੀ ਸਮਾਗਮ ਮੌਕੇ ਪੰਚਾਇਤ ਮੰਤਰੀ ਬਾਜਵਾ ਨੇ ਨਾਬਾਰਡ ਦਾ ਸਟੇਟ ਫੋਕਸ ਪੇਪਰ 2018-19 ਕੀਤਾ ਜਾਰੀ

5 Dariya News

ਚੰਡੀਗੜ੍ਹ 16-Jan-2018

ਕਿਸਾਨੀ ਨੁੰ ਲੀਹ ਉੱਤੇ ਲਿਆਉਣ ਲਈ ਨਾਬਾਰਡ ਅਤੇ ਹੋਰਨਾਂ ਬੈਕਾਂ ਨੂੰ ਕਿਸਾਨਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ।ਪੰਜਾਬ ਦੇ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਨਾਬਾਰਡ ਵੱਲੋ ਕਰਵਾਏ ਸੂਬਾਈ ਕ੍ਰੈਡਿਟ ਸੰਮੇਲਨ ਦੌਰਾਨ ਮੁੱਖ ਭਾਸ਼ਣ ਦਿੰਦਿਆਂ ਜੋਰ ਦੇ ਕੇ ਕਿਹਾ ਕਿ ਖੇਤੀਬਾੜੀ ਖੇਤਰ ਲਈ ਨਬਾਰਡ ਨੂੰ ਸਸਤੀਆਂ ਦਰਾਂ 'ਤੇ ਕਿਸਾਨਾਂ ਨੂੰ ਖੇਤੀਬਾੜੀ ਲਈ ਕਰਜ਼ਾ ਮੁਹੱਈਆ ਕਰਵਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਖੇਤੀਬਾੜੀ ਲਈ ਕਰਜਾ ਮੁਹੱਈਆ ਕਰਵਾਉਣ ਵਿੱਚ ਨਾਬਾਰਡ ਦੀ ਅਹਿਮ ਭੂਮਿਕਾ ਹੈ, ਪਰ ਅਜੇ ਵੀ ਕਈ ਅਹਿਮ ਗੱਲਾਂ ਉਤੇ ਧਿਆਨ ਦੇਣ ਦੀ ਲੋੜ ਹੈ।ਸ. ਬਾਜਵਾ ਨੇ ਨਾਬਾਰਡ ਵੱਲੋ ਸਵੈ ਸਹਾਇਤਾ ਗਰੁੱਪਾਂ ਦੀ ਕੁੱਲ ਕਰਜੇ ਦੀ ਹੱਦ 6440 ਕਰੋੜ ਰੁਪਏ ਤੋ ਘਟਾ ਕੇ 4140 ਕਰੋੜ ਰੁਪਏ ਕਰਨ ਉਤੇ ਝੋਰਾ ਪ੍ਰਗਟਾਉਂਦਆਿਂ ਕਿਹਾ ਕਿ ਕਰਜਾ ਹੱਦ ਨੂੰ ਘਟਾਉਣ ਦੀ ਥਾਂ 40 ਤੋ ਵਧਾ ਕੇ 60 ਫੀਸਦੀ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਡਾ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ 2006 ਵਿੱਚ ਕਿਸਾਨਾਂ ਨੂੰ 7 ਫੀਸਦੀ ਦੀ ਦਰ ਉਤੇ ਫਸਲੀ ਕਰਜੇ ਦੇਣੇ ਸੁਰੂ ਕੀਤੇ ਸਨ, ਪਰ ਹਰ ਸਾਲ ਅੱਧਾ ਫੀਸਦੀ ਦਰ ਵਧਣ ਕਾਰਨ ਇਹ ਦਰ ਹੁਣ 4.5 ਫੀਸਦੀ ਉਤੇ ਪੁੱਜ ਗਈ ਹੈ।ਇਸ ਨਾਲ ਸਹਿਕਾਰੀ ਅਦਾਰਿਆਂ ਦਾ ਮੁਨਾਫਾ ਘਟ ਕੇ ਸਿਰਫ 2.5 ਫੀਸਦੀ ਰਹਿ ਗਿਆ ਹੈ।ਜਿਸ ਕਾਰਨ ਸਹਿਕਾਰੀ ਢਾਂਚਾ ਲੜਖੜਾ ਗਿਆ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਨਾਬਾਰਡ ਨੂੰ ਇਹ ਮਸਲਾ ਕੇਂਦਰ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ।ਨਾਬਾਰਡ ਦੀ ਕਰਜ ਹੱਦ ਘਟਦੀ ਵਧਦੀ ਰਹਿੰਦੀ ਹੈ, ਜਿਸ ਨੂੰ ਸਥਿਰ ਕਰਨ ਦੀ ਲੋੜ ਹੈ।

ਸ੍ਰੀ ਬਾਜਵਾ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਨਵੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਜਾਂ ਖੇਤਾਂ ਨੂੰ ਜਾਣ ਵਾਲੇ ਕੱਚੇ ਰਸਤਿਆਂ ਦੀ ਸਮੱਸਿਆ।ਜਿਸ ਲਈ ਨਬਾਰਡ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਉਪਰਾਲਾ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਹੁਨਰ ਵਿਕਾਸ ਵੱਲ ਜੋਰ ਦੇਣ ਦਾ ਸੱਦਾ ਦਿੱਤਾ ਅਤੇ ਸਰਕਾਰੀ ਨੌਕਰੀ ਦੇ ਨਾਲ ਨਾਲ ਆਪਣੇ ਕਾਰੋਬਾਰ ਸੁਰੂ ਕਰ ਕੇ ਉੱਦਮੀ ਬਣਨ ਦੀ ਅਪੀਲ ਕੀਤੀ।ਪੰਚਾਇਤ ਮੰਤਰੀ ਨੇ ਕਿਸਾਨੀ ਸਿਰ ਕਰਜਾ ਚੜ੍ਹਨ ਲਈ ਬੈਕਾਂ ਦੀਆਂ ਗਲਤ ਨੀਤੀਆਂ ਨੂੰ ਵੀ ਜਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਬੈਕਾਂ ਕਿਸਾਨਾਂ ਦੀ ਲੋੜ ਤੇ ਸਮਰੱਥਾ ਨੂੰ ਧਿਆਨ ਵਿੱਚ ਰੱਖੇ ਬਿਨਾਂ ਕਰਜੇ ਮੁਹੱਈਆ ਕਰਵਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫਸਲੀ ਵਿਭਿੰਨਤਾ ਤਾਂ ਹੀ ਕਾਮਯਾਬ ਹੋਵੇਗੀ, ਜੇਕਰ ਕਣਕ ਝੋਨੇ ਤੋਂ ਇਲਾਵਾ ਵੀ ਬਾਕੀ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਮਿੱਥਿਆ ਜਾਵੇਗਾ। ਉਨ੍ਹਾਂ ਸਬਜੀਆਂ ਅਤੇ ਮੱਕੀ ਵਰਗੀਆਂ ਫਸਲਾਂ ਲਈ ਮੰਡੀਕਰਨ ਦੇ ਵਧੀਆ ਪ੍ਰਬੰਧ ਕਰਨ ਲਈ ਵੀ ਨਬਾਰਡ ਨੂੰ ਯੋਗਦਾਨ ਪਾਉਣ ਲਈ ਅਪੀਲ ਕੀਤੀ।ਇਸ ਮੌਕੇ ਸ. ਬਾਜਵਾ ਨੇ  ਨਾਬਾਰਡ ਦਾ ਸਟੇਟ ਫੋਕਸ ਪੇਪਰ 2018-19 ਵੀ ਜਾਰੀ ਕੀਤਾ।ਸੈਮੀਨਾਰ ਦੌਰਾਨ ਨਾਬਾਰਡ ਦੀਆਂ ਪ੍ਰਾਪਤੀਆਂ ਤੇ ਭਵਿੱਖੀ ਯੋਜਨਾਵਾਂ ਬਾਰੇ ਪੇਸਕਾਰੀ ਦਿੱਤੀ ਗਈ। ਸ੍ਰੀ ਵਿਸਵਜੀਤ ਸਿੰਘ ਖੰਨਾ, ਵਧੀਕ ਮੁੱਖ ਸਕੱਤਰ (ਵਿਕਾਸ) ਨੇ ਵੀ ਫਸਲੀ ਵਿਭਿੰਨਤਾ ਉਤੇ ਜੋਰ ਦਿੱਤਾ। ਇਸ ਮੌਕੇ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਸਵੈ ਸਹਾਇਤਾ ਗਰੁੱਪਾਂ ਤੇ ਕਿਸਾਨ ਉੱਦਮੀਆਂ ਨੂੰ ਐਵਾਰਡ ਵੀ ਦਿੱਤੇ ਗਏ। ਸੈਮੀਨਾਰ ਵਿੱਚ ਸ੍ਰੀ ਡੀ ਕੇ ਤਿਵਾੜੀ ਸਕੱਤਰ ਖਰਚਾ, ਸ੍ਰੀ ਨਿਰਮਲ ਚੰਦ, ਰਿਜਨਲ ਡਾਇਰੈਕਟਰ ਆਰ.ਬੀ.ਆਈ, ਸ੍ਰੀ ਸੰਜੈ ਕੁਮਾਰ ਮੁੱਖ ਜਨਰਲ ਮੈਨੇਜਰ ਐਸ.ਬੀ.ਆਈ, ਸ੍ਰੀ ਪੀ.ਐਸ ਚੌਹਾਨ ਜੀ.ਐਮ-ਐਸ.ਐਲ.ਬੀ.ਸੀ ਕਨਵੀਨਰ ਪੰਜਾਬ ਵੀ ਹਾਜਰ ਸਨ।