5 Dariya News

ਤੰਬਾਕੂਨੋਸ਼ੀ ਛੱਡਣ ਦਾ ਜ਼ਰੀਆ ਨਹੀਂ ਹੈ ਈ-ਸਿਗਰਟ- ਉਪਿੰਦਰ ਪ੍ਰੀਤ ਕੌਰ

ਕੰਪਨੀਆਂ ਮੁਨਾਫੇ ਲਈ ਕਰ ਰਹੀਆਂ ਹਨ ਗੁੰਮਰਾਹਕੁਨ ਪ੍ਰਚਾਰ, ਪੰਜਾਬ ਸਰਕਾਰ ਨੇ ਲਾਈ ਹੈ ਈ-ਸਿਗਰਟ 'ਤੇ ਪਾਬੰਦੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 16-Jan-2018

ਇਲੈਕਟ੍ਰਾਨਿਕ ਸਿਗਰਟ ਕਿਸੇ ਪਾਸਿਉਂ ਵੀ ਸੁਰੱਖਿਅਤ ਨਹੀਂ ਅਤੇ ਨਾ ਹੀ ਇਹ ਤੰਬਾਕੂਨੋਸ਼ੀ ਛੱਡਣ ਦਾ ਜ਼ਰੀਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਵਾਰਡ ਨੰਬਰ 29 ਤੋਂ ਮਿਉਂਸਪਲ ਕੌਂਸਲਰ ਬੀਬੀ ਉਪਿੰਦਰ ਪ੍ਰੀਤ ਕੌਰ ਨੇ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਕੰਪਨੀਆਂ, ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਇਸ ਗੱਲ ਦਾ ਪ੍ਰਚਾਰ ਕਰ ਰਹੀਆਂ ਹਨ ਕਿ ਤੰਬਾਕੂਨੋਸ਼ੀ ਛੱਡਣ ਲਈ ਈ ਸਿਗਰਟ ਕਾਰਗਰ ਹੈ ਜਦਕਿ ਇਹਨਾਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਹਨਾਂ ਕਿਹਾ ਕਿ ਇਸ ਵਿੱਚ ਵੀ ਨਿਕੋਟੀਨ ਕੈਮੀਕਲ ਰੂਪ ਵਿੱਚ ਵਰਤੋਂ ਹੁੰਦੀ ਹੈ ਜਿਸ ਕਾਰਨ ਇਸ ਨੂੰ ਵਰਤਣ ਵਾਲਾ ਇਸ ਦਾ ਆਦੀ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਈ ਸਿਗਰਟ 'ਤੇ ਡਰੱਗਸ ਐਂਡ ਕਾਸਮੈਟਿਕ ਐਕਟ-1940 ਤਹਿਤ ਪਾਬੰਦੀ ਲਗਾਈ ਹੈ ਅਤੇ ਮੁਹਾਲੀ ਵਿੱਚ ਈ ਸਿਗਰਟ ਵੇਚਣ ਦੋਸ਼ ਵਿੱਚ ਇੱਕ ਦੁਕਾਨਦਾਰ ਨੂੰ ਸਜ਼ਾ ਤੇ ਜ਼ੁਰਮਾਨਾ ਦੋਵੇਂ ਹੋ ਚੁੱਕੇ ਹਨ। ਉਹਨਾਂ ਦਾਅਵਾ ਕੀਤਾ ਕਿ ਈ ਸਿਗਰਟ, ਨਾ ਤਾਂ ਨੈਸ਼ਨਲ ਡਰੱਗ ਅਥਾਰਟੀ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਨਾ ਹੀ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਤੋ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਕਰਨਾਟਕ, ਮਿਜ਼ੋਰਮ, ਜੰਮੂ ਤੇ ਕਸ਼ਮੀਰ ਅਤੇ ਬਿਹਾਰ ਨੇ ਵੀ ਈ-ਸਿਗਰਟ 'ਤੇ ਪਾਬੰਦੀ ਲਗਾਈ ਹੈ। ਉਹਨਾਂ ਦਾਅਵਾ ਕੀਤਾ ਕਿ ਕੰਪਨੀਆਂ ਮੁਨਾਫਾ ਕਮਾਉਣ ਲਈ ਈ-ਸਿਗਰਟ ਨੂੰ ਤੰਬਾਕੂਨੋਸ਼ੀ ਛੱਡਣ ਵਿੱਚ ਮਦਦ ਕਰਨ ਦਾ ਝਾਂਸਾ ਦੇ ਕੇ ਨੌਜਵਾਨਾਂ ਨਸ਼ੇ ਦੀ ਦਲਦਲ ਵਿੱਚ ਧੱਕਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਇਸ ਵਿੱਚ ਨਿਕੋਟੀਨ ਕੈਮੀਕਲ ਦੇ ਰੂਪ ਵਿੱਚ ਹੋਣ ਕਾਰਨ ਇਹ ਪਤਾ ਨਹੀਂ ਲੱਗ ਪਾਉਂਦਾ ਕਿ ਇੱਕ ਵਾਰ ਕਿੰਨੀ ਨਿਕੋਟੀਨ ਦੀ ਮਾਤਰਾ ਇਸ ਨੂੰ ਵਰਤਣ ਵਾਲੇ ਦੇ ਅੰਦਰ ਜਾ ਰਹੀ ਹੈ। ਰਿਪੋਰਟਾਂ ਤੋਂ ਇਹ ਵੀ ਪਤਾ ਲਗਦਾ ਹੈ ਕਿੰਦਰ ਲਿਜਾਂਦੇ ਸਮੇਂ ਇਸ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤਾਂ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। 

ਸਰੀਰ ਲਈ ਕਿਉਂ ਖਤਰਨਾਕ ਹੈ ਈ-ਸਿਗਰਟ?

ਬੀਬੀ ਉਪਿੰਦਰਪ੍ਰੀਤ ਨੇ ਕਿਹਾ ਕਿ ਮਾਹਰਾਂ ਮੁਤਾਬਕ ਨਿਕੋਟੀਨ ਖੂਨ ਕੋਸ਼ਿਕਾਵਾਂ 'ਤੇ ਪ੍ਰਭਾਵ ਪਾਉਂਦੀ ਹੈ ਅਤੇ ਇਹ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨੌਹਾਂ ਤੱਕ ਹਰੇਕ ਸਰੀਰਕ ਅੰਗ ਨੂੰ ਪ੍ਰਭਾਵਿਤ ਕਰਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਦਿਲ ਦੇ ਰੋਗ ਦਾ ਖਤਰਾ ਵਧਦਾ ਹੈ ਅਤੇ ਨਿਕੋਟੀਨ ਦੇ ਪ੍ਰਭਾਵ ਕਾਰਨ ਨਾਬਾਲਗਾਂ ਦੇ ਦਿਮਾਗੀ ਵਿਕਾਸ 'ਤੇ ਅਸਰ ਪੈਂਦਾ ਹੈ। ਉਹਨਾਂ ਕਿਹਾ ਕਿ ਈ ਸਿਗਰਟ, ਆਮ ਸਿਗਰਟ ਨਾਲੋ ਜਿਆਦਾ ਖਤਰਨਾਕ ਹੈ। ਉਹਨਾ ਦਾਅਵਾ ਕੀਤਾ ਕਿ ਆਨਲਾਈਨ ਈ ਸਿਗਰਟਾਂ ਵੇਚਣ ਵਾਲੀਆਂ ਈ ਕਾਮਰਸ ਸਾਈਟਾਂ ਨੂੰ ਤੰਬਾਕੂ ਕੰਟਰੋਲ ਸੈੱਲ ਵੱਲੋਂ ਜਾਗਰੂਕਤਾ ਨੋਟਿਸ ਵੀ ਭੇਜੇ ਗਏ ਸਨ ਜਿਸ ਤੋਂ ਬਾਅਦ ਬਹੁਤ ਸਾਰੀਆਂ ਸਾਈਟਾਂ ਨੇ ਪੰਜਾਬ ਵਿੱਚ ਈ ਸਿਗਰਟਾਂ ਆਨਲਾਈਨ ਵੇਚਣੀਆਂ ਬੰਦ ਕੀਤੀਆਂ ਹਨ ਪਰ ਹੋਰ ਸਾਧਨਾਂ ਰਾਹੀਂ ਕੰਪਨੀਆਂ ਗੁੰਮਰਾਹਕੁੰਨ ਪ੍ਰਚਾਰ ਕਰ ਕੇ ਨੌਜਵਾਨਾਂ ਨੂੰ ਇਸ ਮਾੜੀ ਆਦਤ ਵਿੱਚ ਫਸਾਉਣਾ ਚਾਹੁੰਦੀਆਂ ਹਨ। ਦੱਸਣਯੋਗ ਹੈ ਕਿ ਮੁਹਾਲੀ ਵਿੱਚ ਈ ਸਿਗਰਟ ਵੇਚਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਕੈਦ ਤੇ ਜ਼ੁਰਮਾਨਾ ਦੋਵੇਂ ਹੋ ਚੁੱਕੇ ਹਨ।