5 Dariya News

ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੌਮੀ ਯੁਵਕ ਸਪਤਾਹ ਅਤੇ ਸੈਮੀਨਾਰ ਦਾ ਆਯੋਜਨ

5 Dariya News

ਫ਼ਿਰੋਜ਼ਪੁਰ 16-Jan-2018

ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਿਰੋਜ਼ਪੁਰ ਵੱਲੋਂ ਰੈੱਡ ਰੀਬਨ ਕਲੱਬਾਂ ਦੇ ਸਹਿਯੋਗ ਨਾਲ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੌਮੀ ਯੁਵਕ ਸਪਤਾਹ 2018 ਆਰ.ਐੱਸ.ਡੀ. ਕਾਲਜ ਫ਼ਿਰੋਜ਼ਪੁਰ ਵਿਖੇ ਮਨਾਇਆ ਗਿਆ। ਜਿਸ ਵਿੱਚ  ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਅਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ  ਸ੍ਰ. ਰਣਜੀਤ ਸਿੰਘ ਸਹਾਇਕ ਕਮਿਸ਼ਨਰ ਫ਼ਿਰੋਜ਼ਪੁਰ ਮੁੱਖ ਮਹਿਮਾਨ ਅਤੇ ਸ. ਅਮਰੀਕ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਿਰੋਜ਼ਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਸ. ਕੁਲਦੀਪ ਸਿੰਘ ਨੋਡਲ ਅਫ਼ਸਰ ਰੈੱਡ ਰਿਬਨ ਕਲੱਬ ਆਰ.ਐੱਸ.ਡੀ. ਕਾਲਜ ਫ਼ਿਰੋਜ਼ਪੁਰ ਦੁਆਰਾ ਆਏ ਹੋਏ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆ ਆਖ ਕੇ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਸਵਾਗਤੀ ਭਾਸ਼ਣ ਦੇ ਨਾਲ ਸਵਾਮੀ ਵਿਵੇਕਾਨੰਦ ਜੀ ਦੀ ਜੀਵਨੀ ਅਤੇ ਸਿਧਾਂਤਾਂ ਤੇ ਵੀ ਚਾਨਣਾ ਪਾਇਆ ਗਿਆ।ਇਸ ਮੌਕੇ ਸ੍ਰ. ਰਣਜੀਤ ਸਿੰਘ ਸਹਾਇਕ ਕਮਿਸ਼ਨਰ ਨੇ ਨਵੀਂ ਪੀੜ੍ਹੀ ਨੂੰ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਸਾਡੇ ਦੇਸ਼ ਦਾ ਸਰਮਾਇਆ ਹਨ, ਜਿਨ੍ਹਾਂ ਤੋਂ ਦੇਸ਼ ਤੇ ਸਮਾਜ ਨੂੰ ਬਹੁਤ ਉਮੀਦਾਂ ਹਨ ਅਤੇ ਅਜਿਹੇ ਸਮਾਰੋਹ ਦੇਸ਼ ਦੇ ਸਰਮਾਏ ਨੂੰ ਨਿਖਾਰਨ ਵਿਚ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੈ ਭਾਰਤ ਇੱਕ ਜਵਾਨ ਦੇਸ਼ ਵਜੋਂ ਉੱਭਰ ਰਿਹਾ ਹੈ ਅਤੇ ਸਾਰਾ ਵਿਸ਼ਵ ਇਸ ਨੂੰ ਗ਼ੌਰ ਨਾਲ ਤੱਕ ਰਿਹਾ ਹੈ । ਸਾਨੂੰ ਲੋੜ ਹੈ ਕਿ ਅਸੀਂ ਆਪਣੀ ਜਵਾਨੀ ਨੂੰ ਪਛਾਣੀਏ ਅਤੇ ਆਪਣੀ ਅਕਲ ਤੇ ਜ਼ੋਰ ਦੇ ਕੇ ਸਮਾਜ  ਅਤੇ ਦੇਸ਼ ਨੂੰ ਅੱਗੇ ਲਿਜਾਉਣ ਵੱਲ ਲਿਜਾਈਏ। ਸ੍ਰ. ਅਮਰੀਕ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਿਰੋਜ਼ਪੁਰ ਨੇ ਨੌਜਵਾਨਾਂ ਨੂੰ ਵਹਿਮਾਂ-ਭਰਮਾਂ ਤੋਂ ਉੱਪਰ ਉੱਠ ਕੇ ਗੁਰੂ ਨਾਨਕ ਦੇਵ ਜੀ ਅਤੇ ਸਵਾਮੀ ਵਿਵੇਕਾਨੰਦ ਜੀ ਦੇ ਸਿਧਾਂਤਾਂ ਨੂੰ ਅਪਣਾ ਕੇ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਿਹਾ ਅਤੇ ਅੱਜ ਕੱਲ੍ਹ ਵਿਆਹਾਂ ਤੇ ਹੋ ਰਹੇ ਫ਼ਾਲਤੂ ਖ਼ਰਚੇ ਨੂੰ ਬੰਦ ਕਰਨ ਅਤੇ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ ਲਈ ਨੌਜਵਾਨਾਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਦਾਜ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਨੌਜਵਾਨਾਂ ਨੂੰ ਬਚਣ ਲਈ ਕਿਹਾ। ਸ. ਗੁਰਕਰਨ ਸਿੰਘ ਰਨੀਆ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਿਰੋਜ਼ਪੁਰ ਵੱਲੋਂ ਸਵਾਮੀ ਵਿਵੇਕਾਨੰਦ ਜੀ ਦੀਆਂ ਸਿੱਖਿਆਵਾਂ ਦੇ ਸਬੰਧ ਵਿੱਚ ਇਸ ਵਿਭਾਗ ਵੱਲੋਂ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨੌਜਵਾਨਾਂ ਨੂੰ ਨਸ਼ਾ ਪ੍ਰਵਿਰਤੀ ਅਤੇ ਆਲਸ ਵਰਗੀਆਂ ਅਲਾਮਤਾਂ ਤੋਂ ਬਚਣ ਲਈ ਕਿਹਾ ਗਿਆ। ਉਨ੍ਹਾਂ ਰੈੱਡ ਰਿਬਨ ਕਲੱਬਾਂ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਇਸ ਤੋਂ ਇਲਾਵਾ ਡਾ. ਰਾਮੇਸ਼ਵਰ ਸਿੰਘ ਸਮੇਤ ਵੱਖ-ਵੱਖ ਬੁਲਾਰਿਆਂ ਵੱਲੋਂ  ਸਵਾਮੀ ਵਿਵੇਕਾਨੰਦ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੁਆਰਾ ਪਾਏ ਪੂਰਨਿਆਂ ਤੇ ਚੱਲਣ ਅਤੇ ਸਿੱਖਿਆਵਾਂ ਨੂੰ ਅਮਲੀ ਰੂਪ ਵਿੱਚ ਗ੍ਰਹਿਣ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੀ  ਮੰਜ਼ਿਲ ਪੂਰਨ ਕਰਨ ਲਈ ਆਪਣੀ ਸੋਚ ਨੂੰ ਵਧੀਆ ਰੱਖ ਕੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।ਇਸ ਮੌਕੇ ਵੱਖ-ਵੱਖ ਸੰਸਥਾਵਾਂ ਤੋਂ ਆਏ ਵਿਦਿਆਰਥੀਆਂ ਦੇ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜੱਜਮੈਂਟ ਦੀ ਭੂਮਿਕਾ ਸ੍ਰੀਮਤੀ ਨਰਿੰਦਰਜੀਤ ਕੌਰ ਆਰ.ਐੱਸ.ਡੀ. ਕਾਲਜ, ਫ਼ਿਰੋਜ਼ਪੁਰ ਅਤੇ ਸ. ਗੁਰਪ੍ਰੀਤ ਸਿੰਘ ਐੱਸ.ਬੀ.ਐੱਸ.ਐੱਸ. ਟੀ.ਸੀ. ਫ਼ਿਰੋਜ਼ਪੁਰ ਵੱਲੋਂ ਕੀਤੀ ਗਈ। ਜਿਸ ਵਿੱਚ ਪਹਿਲਾਂ ਸਥਾਨ ਪਿੰਕੀ ਦੇਵੀ, ਸਰਕਾਰੀ ਕਾਲਜ ਜ਼ੀਰਾ, ਗਗਨਦੀਪ ਕੌਰ ਐੱਸ.ਬੀ.ਐੱਸ.ਐੱਸ.ਟੀ.ਸੀ.ਫ਼ਿਰੋਜ਼ਪੁਰ ਨੇ ਦੂਜਾ ਅਤੇ ਸਤਪਾਲ ਸਿੰਘ ਪੰਜਾਬ ਯੂਨੀਵਰਸਿਟੀ ਕਾਲਜ ਗੁਰੂਹਰਸਹਾਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੇ ਨਾਲ ਹੀ ਸ. ਜਗਦੀਪ ਪਾਲ ਸਿੰਘ  ਨੂੰ ਪ੍ਰਿੰਸੀਪਲ ਬਣਨ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਵਜੋਂ ਮੈਮੋਂਟੋ ਭੇਜ ਕੀਤਾ ਗਿਆ।ਇਸ ਮੌਕੇ ਡਾ. ਦਿਨੇਸ਼ ਸ਼ਰਮਾ ਪ੍ਰਿੰਸੀਪਲ ਆਰ.ਐੱਸ.ਡੀ. ਕਾਲਜ ਫ਼ਿਰੋਜ਼ਪੁਰ, ਡਾ. ਗੁਰਤੇਜ ਸਿੰਘ, ਸ. ਜਗਦੀਪ ਸਿੰਘ ਮਾਂਗਟ, ਸ. ਗੁਰਪ੍ਰੀਤ ਸਿੰਘ, ਸ੍ਰੀ ਯਸ਼ਪਾਲ, ਸ. ਗੁਰਜੀਵਨ ਸਿੰਘ,  ਸ. ਕੁਲਵੰਤ ਸਿੰਘ, ਸ੍ਰੀਮਤੀ ਸ਼ਿਫਾਲੀ ਕਸ਼ਯਪ,, ਸ. ਅਮਰਸੀਰ  ਸਿੰਘ,  ਸ. ਵਿਕਰਮਪਾਲ ਸਿੰਘ, ਸ. ਗੁਰਪ੍ਰੀਤ ਸਿੰਘ ਭੁੱਲਰ,  ਸ. ਸੁਰਿੰਦਰਪਾਲ ਸਿੰਘ,  ਡਾ. ਹਰਨਾਮ ਸਿੰਘ, ਸ. ਹਰਦੀਪ ਸਿੰਘ , ਅਗਾਧਵਿੰਦਰ ਸਿੰਘ, ਮੈਡਮ ਪੁਸ਼ਪਾ, ਸ੍ਰੀਮਤੀ ਸੰਤੋਸ਼ ਸੇਠੀ, ਡਾ. ਮਨਜੀਤ ਕੌਰ, ਸ੍ਰੀ ਜਸਪਾਲ ਘਈ, ਸ੍ਰੀਮਤੀ ਤਰਨਜੀਤ ਕੌਰ ਅਤੇ ਸ. ਬਲਕਾਰ ਸਿੰਘ ਆਦਿ ਹਾਜ਼ਰ ਸਨ।