5 Dariya News

ਡੈੱਫ ਬੱਚਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਪੁੱਜੇ ਡਾ. ਰਾਜਬੀਰ ਕੌਰ ਰੰਧਾਵਾ

'ਮਿਸਿਜ ਇੰਡੀਆ ਪ੍ਰਾਈਡ ਆਫ ਨੇਸ਼ਨ 2017-18' ਦੇ ਜੇਤੂ ਡਾ. ਰੰਧਾਵਾ ਨਾਲ ਡੈੱਫ ਬੱਚਿਆਂ ਮਾਣਿਆ ਆਨੰਦ

5 Dariya News

ਜੰਡਿਆਲਾ ਗੁਰੂ (ਕੁਲਜੀਤ ਸਿੰਘ ) 16-Jan-2018

ਮਾਨਾਂਵਾਲਾ ਸਥਿਤ ਪਿੰਗਲਵਾੜਾ ਵਿਖੇ ਭਗਤ ਪੂਰਨ ਸਿੰਘ ਸਕੂਲ ਫਾਰ ਦਾ ਡੈੱਫ ਵਿਖੇ 'ਮਿਸਿਜ ਇੰਡੀਆ ਪ੍ਰਾਈਡ ਆਫ ਨੇਸ਼ਨ 2017-18' ਦੇ ਜੇਤੂ ਡਾ. ਰਾਜਬੀਰ ਕੌਰ ਰੰਧਾਵਾ ਔਲਖ ਵਲੋਂ ਡੈੱਫ ਬੱਚਿਆਂ ਨਾਲ ਮੁਲਾਕਾਤ ਕੀਤੀ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਦਲਜੀਤ ਕੌਰ ਵਲੋਂ ਡਾ. ਰਾਜਬੀਰ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ। ਪਿੰਗਲਵਾੜਾ ਸਥਿਤ ਇਸ ਸਕੂਲ ਦੇ ਇਹ ਉਹ ਬੱਚੇ ਹਨ, ਜੋ ਸੁਣ-ਬੋਲ ਤਾਂ ਭਾਵੇਂ ਨਹੀਂ ਸਕਦੇ, ਪਰ ਆਪਣੇ ਸਾਈਨ ਲੈਂਗੂਏਜ ਦੇ ਜਰੀਏ ਆਪਣੇ ਮਨ ਦੇ ਹਾਵਾਂ-ਭਾਵਾਂ ਨੂੰ ਪ੍ਰਗਟ ਕਰਦੇ ਹਨ। ਡਾ. ਰਾਜਬੀਰ ਕੌਰ ਨੇ ਆਪਣੇ ਮਿਸਿਜ ਇੰਡੀਆ ਦੇ ਖਿਤਾਬ ਹਾਸਲ ਕਰਨ ਤੱਕ ਦੇ ਤਜਰਬੇ ਨੂੰ ਬੱਚਿਆਂ ਨਾਲ ਸਾਂਝਾ ਕੀਤਾ ਅਤੇ ਬੱਚੇ ਵੀ ਉਨ੍ਹਾਂ ਨਾਲ ਮਿਲ ਕੇ ਬੇਹੱਦ ਖੁਸ਼ ਹੋਏ। ਉਨ੍ਹਾਂ ਬੱਚਿਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਾਰੇ ਬੱਚੇ ਇਹ ਨਾ ਸਮਝਣ ਕਿ ਉਹ ਸੁਣ ਬੋਲ ਨਹੀਂ ਸਕਦੇ ਤਾਂ ਕੁਝ ਕਰ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਸਾਰੇ ਬੱਚਿਆਂ ਵਿਚ ਕੋਈ ਨਾ ਕੋਈ ਟੈਲੰਟ ਜਰੂਰ ਹੈ। ਕਿਸੇ ਵਿਚ ਡਾਂਸ, ਐਕਟਿੰਗ ਤਾਂ ਕਿਸੇ ਵਿਚ ਮਾਡਲਿੰਗ, ਪਰ ਇਸ ਦੇ ਨਾਲ-ਨਾਲ ਪੜ੍ਹਣਾ ਵੀ ਬੇਹੱਦ ਜਰੂਰੀ ਹੈ। ਇਸ ਲਈ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੇ ਜੀਵਨ ਵਿਚ ਇਕ ਮਕਸਦ ਧਾਰਨ ਕਰੋ ਤੇ ਆਪਣੀ ਪਛਾਣ ਕਾਇਮ ਕਰਨ ਲਈ ਆਪਣਾ ਹੁਨਰ ਜਰੂਰ ਪਛਾਣੋ। ਜਿਕਰਯੋਗ ਹੈ ਕਿ ਡਾ. ਰੰਧਾਵਾ ਵਲੋਂ ਬੱਚਿਆਂ ਨਾਲ ਕੀਤੀ ਗੱਲਬਾਤ ਨੂੰ ਸਕੂਲ ਦੇ ਅਧਿਆਪਕ ਵਲੋਂ ਸਾਈਨ ਲੈਂਗੂਏਜ ਜਰੀਏ ਦੱਸਿਆ ਗਿਆ। ਡਾ. ਰੰਧਾਵਾ ਨੇ ਬੱਚਿਆਂ ਨੂੰ ਮਾਤਾ-ਪਿਤਾ, ਅਧਿਆਪਕਾਂ ਅਤੇ ਹਰ ਵੱਡੇ ਦਾ ਸਨਮਾਨ ਤੇ ਛੋਟਿਆਂ ਨੂੰ ਪਿਆਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੱਚਿਆਂ ਨਾਲ ਵੱਖ-ਵੱਖ ਗੇਮਾਂ ਵੀ ਖੇਡੀਆਂ ਤੇ ਬੱਚਿਆਂ ਨੇ ਖੂਬ ਮਸਤੀ ਕਰਕੇ ਮਨੋਰੰਜਨ ਕੀਤਾ। ਬੱਚਿਆਂ ਨੇ ਡਾਂਸ, ਐਕਟਿੰਗ ਵੀ ਕਰਕੇ ਦਿਖਾਈ ਤੇ ਇਕ ਨਾਟਕ ਵੀ ਖੇਡਿਆ। ਇਥੋਂ ਤੱਕ 'ਮਿਸਿਜ ਇੰਡੀਆ ਪ੍ਰਾਈਡ ਆਫ ਨੇਸ਼ਨ 2017-18' ਦੇ ਜੇਤੂ ਡਾ. ਰਾਜਬੀਰ ਕੌਰ ਰੰਧਾਵਾ ਔਲਖ ਨਾਲ ਕੈਟ-ਵਾਕ ਕਰਕੇ ਬੱਚੇ ਬੇਹੱਦ ਖੁਸ਼ ਹੋਏ। ਡਾ. ਰਾਜਬੀਰ ਕੌਰ ਰੰਧਾਵਾ ਨੇ ਇਨ੍ਹਾਂ ਬੱਚਿਆਂ ਨੂੰ ਦੰਦਾਂ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ ਅਤੇ ਦੰਦਾਂ ਦੀ ਅੰਦਰੂਨੀ ਬੀਮਾਰੀਆਂ ਬਾਰੇ ਗਹਿਰਾਈ ਨਾਲ ਸਮਝਾਇਆ। ਉਨ੍ਹਾਂ ਬੱਚਿਆਂ ਨੂੰ ਖਾਣ-ਪੀਣ ਦਾ ਸਮਾਨ ਵੀ ਵੰਡਿਆ ਅਤੇ ਸਕੂਲ ਸਟਾਫ ਨੂੰ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਦੇ ਲਈ ਹਰ ਬਣਦੀ ਮਦਦ ਕਰਨਗੇ। ਇਸ ਮੌਕੇ ਪ੍ਰਿੰ. ਦਲਜੀਤ ਕੌਰ, ਨੀਲਮ ਵਿਨਾਇਕ, ਨਵਜੋਤ ਕੌਰ, ਸੰਦੀਪ ਕੌਰ, ਗਗਨਦੀਪ ਕੌਰ, ਮਧੂ ਬਾਲਾ, ਗੁਰਪ੍ਰੀਤ ਕੌਰ, ਰਣਜੀਤ ਕੌਰ, ਸੁਖਜਿੰਦਰ ਕੌਰ, ਨਿਸ਼ਾ, ਸੰਦੀਪ ਸਿੰਘ ਆਦਿ ਹਾਜ਼ਰ ਸਨ।