5 Dariya News

ਅਕਾਲੀ ਦਲ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਉੱਤੇ ਝੂਠ ਬੋਲਣ ਲਈ ਮਨਪ੍ਰੀਤ ਬਾਦਲ ਦੀ ਨਿਖੇਧੀ

ਕਿਹਾ ਕਿ ਮਨਪ੍ਰੀਤ ਬਾਦਲ ਬਿਨਾਂ ਖਰਚੇ ਵਾਲੇ 128 ਵਾਅਦੇ ਪੂਰੇ ਕਰਨ ਦਾ ਦਾਅਵਾ ਕਰਕੇ ਪੰਜਾਬੀਆਂ ਨੂੰ ਦੁਬਾਰਾ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ

5 Dariya News

ਚੰਡੀਗੜ੍ਹ 15-Jan-2018

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਮੁਕਤਸਰ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਉੱਤੇ ਇਹ ਝੂਠ ਬੋਲਣ ਲਈ ਨਿਖੇਧੀ ਕੀਤੀ ਹੈ ਕਿ ਕਾਂਗਰਸ ਸਰਕਾਰ ਨੇ ਆਪਣੇ 428 ਵਾਅਦਿਆਂ ਵਿਚੋਂ 128 ਵਾਅਦੇ ਪੂਰੇ ਕਰ ਦਿੱਤੇ ਹਨ। ਪਾਰਟੀ ਨੇ ਉਹਨਾਂ ਨੂੰ ਵਾਅਦੇ ਗਿਣਵਾਉਣ ਲਈ ਆਖਦਿਆਂ ਕਿਹਾ ਕਿ ਉਹ ਵਾਅਦੇ ਸਿਰਫ ਕਾਗਜ਼ਾਂ ਉੱਤੇ ਪੂਰੇ ਕੀਤੇ ਜਾਪਦੇ ਹਨ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਮਨਪ੍ਰੀਤ ਬਾਦਲ ਨੇ ਸਿੱਖ ਪੰਥ ਲਈ ਆਪਣੀਆਂ ਜਾਨਾਂ ਵਾਰਨ ਵਾਲੇ 40 ਮੁਕਤਿਆਂ ਨੂੰ ਸ਼ਰਧਾਂਜ਼ਲੀਆਂ ਦੇਣ ਲਈ ਰੱਖੀ ਕਾਨਫਰੰਸ ਮੌਕੇ ਪੰਜਾਬੀਆਂ ਨੂੰ ਧੋਖਾ ਦੇਣ ਅਤੇ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।  ਉਹਨਾਂ ਕਿਹਾ ਕਿ ਮੈਂ ਨਹੀਂ ਜਾਣਦਾ ਹੈ ਕਿ ਵਿੱਤ ਮੰਤਰੀ ਨੇ 128 ਦਾ ਅੰਕੜਾ ਕਿੱਥੋਂ ਕੱਢਿਆ ਹੈ। ਜੇਕਰ ਇਹਨਾਂ ਵਾਅਦਿਆਂ ਦਾ ਪੰਜਾਬੀਆਂ ਨੂੰ ਕੋਈ ਲਾਭ ਹੋਇਆ ਹੈ ਤਾਂ ਉਹਨਾਂ ਨੂੰ ਵਿਸਥਾਰ ਵਿਚ ਦੱਸਣਾ ਚਾਹੀਦਾ ਹੈ। ਜੇਕਰ ਨਹੀਂ ਤਾਂ ਉਹਨਾਂ ਇੱਕ ਪਵਿੱਤਰ ਦਿਹਾੜੇ ਉੱਤੇ ਝੂਠ ਬੋਲਣ ਲਈ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। 

ਇਹ ਟਿੱਪਣੀ ਕਰਦਿਆਂ ਕਿ ਮਨਪ੍ਰੀਤ ਬਾਦਲ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ, ਅਕਾਲੀ ਆਗੂ ਨੇ ਕਿਹਾ ਕਿ ਮਨਪ੍ਰੀਤ ਨੇ ਕਾਂਗਰਸ ਪਾਰਟੀ ਦਾ ਚੋਣ ਮਨੋਰਥ-ਪੱਤਰ ਤਿਆਰ ਕੀਤਾ ਸੀ ਅਤੇ ਇਹ ਵੀ ਐਲਾਨ ਕੀਤਾ ਸੀ ਕਿ ਉਸ ਨੇ ਲੋਕਾਂ ਨਾਲ ਕੀਤੇ ਸਾਰੇ 428 ਵਾਅਦਿਆਂ ਨੂੰ ਪੂਰਾ ਕਰਨ ਦੀ ਵੀ ਯੋਜਨਾ ਬਣਾ ਰੱਖੀ ਹੈ। ਉਹਨਾਂ ਕਿਹਾ ਕਿ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਹੁਣ ਉਹ ਇਹ ਦਾਅਵਾ ਕਰ ਰਿਹਾ ਹੈ ਕਿ ਉਹਨਾਂ 128 ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ, ਜਿਹਨਾਂ ਵਾਸਤੇ ਵਿੱਤੀ ਇੰਤਜ਼ਾਮਾਂ ਦੀ ਜਰੂਰਤ ਨਹੀਂ ਹੈ। ਅਸੀਂ ਧੰਨਵਾਦੀ ਹਾਂ ਕਿ ਉਸ ਨੇ ਅਣਜਾਣੇ ਹੀ ਇਹ ਸੱਚ ਦੱਸ ਕੇ ਆਪਣਾ ਪਰਦਾਫਾਸ਼ ਕਰ ਲਿਆ ਹੈ। ਇਸ ਮੁੱਦੇ ਉੱਤੇ ਉਸ ਨੂੰ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਆਪਣਾ ਕੋਈ ਵੀ ਵੱਡਾ ਵਾਅਦਾ ਪੂਰਾ ਕਿਉਂ ਨਹੀਂ ਕਰ ਪਾਇਆ। ਨਾ ਕਿ ਅਜਿਹੇ ਹਥਕੰਡੇ ਵਰਤਣੇ ਚਾਹੀਦੇ ਹਨ, ਜਿਹਨਾਂ ਨਾਲ ਉਹਨਾਂ ਦੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਉਤੇ ਪਰਦਾ ਪਾਇਆ ਜਾ ਸਕੇ।

ਇਹ ਕਹਿੰਦਿਆਂ ਕਿ ਵਿੱਤ ਮੰਤਰੀ ਵਰਗੇ ਉੱਚੇ ਅਹੁਦੇ ਉੱਤੇ ਬੈਠੇ ਵਿਅਕਤੀ ਨੂੰ ਅਜਿਹਾ ਵਿਵਹਾਰ ਕਰਨਾ ਸ਼ੋਭਾ ਨਹੀਂ ਦਿੰਦਾ, ਅਕਾਲੀ ਆਗੂ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਕਰਜ਼ਾ ਮੁਆਫੀ ਉੱਤੇ ਕਿਸਾਨਾਂ ਨੂੰ ਲਗਾਤਾਰ ਝੂਠ ਬੋਲੀ ਜਾਂਦੀ ਹੈ ਅਤੇ ਰਾਹਤ ਦੇਣ ਤੋਂ ਇਨਕਾਰੀ ਕਰੀ ਜਾਂਦੀ ਹੈ, ਜਿਸ ਕਰਕੇ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਅੰਦਰ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਨੌਜਵਾਨ ਬੁਰੀ ਤਰ੍ਹਾਂ ਹਤਾਸ਼ ਹੋ ਚੁੱਕੇ ਹਨ, ਕਿਉਂਕਿ ਘਰ ਘਰ ਨੌਕਰੀ ਸਕੀਮ ਨੂੰ ਲਾਗੂ ਕਰਨਾ ਤਾਂ ਦੂਰ ਦੀ ਗੱਲ ਸਰਕਾਰ ਨੇ ਉਹਨਾਂ ਲਈ ਕੁੱਝ ਵੀ ਨਹੀਂ ਕੀਤਾ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਜਿਹੜੀਆਂ ਸਹੂਲਤਾਂ  ਗਰੀਬਾਂ ਅਤੇ ਲੋੜਵੰਦਾਂ ਨੂੰ ਇੱਕ ਸਾਲ ਪਹਿਲਾਂ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਦਿੱਤੀਆਂ ਜਾ ਰਹੀਆਂ ਸਨ, ਉਹ ਵੀ ਬੰਦ ਕਰ ਦਿੱਤੀਆਂ ਗਈਆਂ ਹਨ।ਉਹਨਾਂ ਕਿਹਾ ਕਿ ਇਹਨਾਂ ਸਹੂਲਤਾਂ ਵਿਚ  ਬੁਢਾਪਾ ਪੈਨਸ਼ਨ, ਆਟਾ ਦਾਲ ਸਕੀਮ, ਸ਼ਗਨ ਸਕੀਮ, ਕਿਸਾਨਾਂ ਦਾ ਫਸਲੀ ਬੀਮਾ ਅਤੇ ਦਲਿਤਾਂ ਨੂੰ 200 ਯੂਨਿਟ ਮੁਫਤ ਬਿਜਲੀ ਸ਼ਾਮਿਲ ਹਨ।

ਉਹਨਾਂ ਕਿਹਾ ਕਿ ਕੁੱਝ ਵੀ ਹਾਂ-ਪੱਖੀ ਕਰਨ ਦੀ ਥਾਂ, ਵਿੱਤ ਮੰਤਰੀ ਨੇ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਕੇ ਆਪਣੇ ਹੱਥੀਂ ਅਰਥ-ਵਿਵਸਥਾ ਦਾ ਕਬਾੜਾ ਕਰ ਦਿੱਤਾ ਹੈ ਅਤੇ ਹਜ਼ਾਰਾਂ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਉਜਾੜ ਦਿੱਤਾ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਸੀਵਰੇਜ ਪ੍ਰਾਜੈਕਟਾਂ ਲਈ ਫੰਡ ਜਾਰੀ ਕਰਨੇ ਬੰਦ ਕਰਕੇ ਸ਼ਹਿਰਾਂ ਦਾ ਵਿਕਾਸ ਰੋਕ ਦਿੱਤਾ ਹੈ। ਉਸ ਨੇ ਪਿੰਡਾਂ ਨੂੰ ਜਾਰੀ ਕੀਤੀਆਂ ਸਾਰੀਆਂ ਗਰਾਂਟਾਂ ਵਾਪਸ ਮੰਗਵਾ ਲਈਆਂ ਹਨ। ਇੰਡਸਟਰੀ ਨੂੰ ਰਿਆਇਤੀ ਦਰਾਂ ਉੱਤੇ ਬਿਜਲੀ ਦੇਣ ਲਈ ਘਰੇਲੂ ਖਪਤਕਾਰਾਂ ਉੱਤੇ ਬੋਝ ਵਧਾ ਦਿੱਤਾ ਹੈ, ਜਦਕਿ ਉਦਯੋਗਾਂ ਨੂੰ ਫਿਰ ਵੀ ਸਸਤੀ ਬਿਜਲੀ ਨਹੀ ਮਿਲ ਰਹੀ। ਮਨਪ੍ਰੀਤ ਬਾਦਲ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ ਹੈ ਅਤੇ ਉਹ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਝੂਠੇ ਦਾਅਵੇ ਕਿਉਂ ਕਰ ਰਿਹਾ ਹੈ?