5 Dariya News

ਸੱਭਿਆਚਾਰ ਦੀ ਰਾਖੀ ਲਈ ਅਸੂਲਾਂ 'ਤੇ ਪਹਿਰਾ ਜ਼ਰੂਰੀ: ਰਾਣਾ ਕੇ.ਪੀ.ਸਿੰਘ

ਖਿਜ਼ਰਾਬਾਦ ਵਿਖੇ ਸਤੀ ਮਾਤਾ ਕੈਲਮ ਦੇਵੀ ਦੇ ਮੇਲੇ ਵਿਚ ਕੀਤੀ ਸ਼ਿਰਕਤ, ਧਾਰਮਿਕ ਸਥਾਨ ਲਈ 05 ਲੱਖ ਰੁਪਏ ਦੇਣ ਦਾ ਐਲਾਨ

5 Dariya News

ਕੁਰਾਲੀ (ਖਿਜ਼ਰਾਬਾਦ) 15-Jan-2018

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਿੰਡ ਖਿਜ਼ਰਾਬਾਦ ਸਥਿਤ ਸਤੀ ਮਾਤਾ ਕੈਲਮ ਦੇਵੀ ਦੇ ਮੰਦਰ ਵਿਖੇ ਲਾਏ ਮੇਲੇ ਵਿਚ ਸ਼ਿਰਕਤ ਕਰਦਿਆਂ ਇਸ ਸਥਾਨ ਲਈ 05 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵੀ ਹਾਜ਼ਰ ਸਨ।ਮੰਦਰ ਵਿਚ ਮੱਥਾ ਟੇਕਣ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਭਾਰਤੀ ਸੱਭਿਆਚਾਰ ਅਤੇ ਪੁਰਾਤਨ ਗੰ੍ਰਥਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜਿਹੜਾ  ਇਨਸਾਨ ਅਸੂਲਾਂ ਦੀ ਰਾਖੀ ਕਰ ਸਕਦਾ ਹੈ, ਸੱਭਿਆਚਾਰ ਦੀ ਰਾਖੀ ਵੀ ਉਹੀ ਇਨਸਾਨ ਕਰ ਸਕਦਾ ਹੈ। ਉਨ੍ਹਾਂ ਨੇ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਇਸ ਸਥਾਨ ਸਬੰਧੀ ਚੰਗੀ ਯੋਜਨਾ ਬਣਾਈ ਜਾਵੇ ਤੇ ਕਮੇਟੀ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨਮ ਭੂਮੀ ਨਾਲ ਪਿਆਰ ਹੋਣਾ ਬਹੁਤ ਲਾਜ਼ਮੀ ਹੈ ਤੇ ਜਨਮ ਭੂਮੀ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦ ਭਾਰਤ ਵਿਚ ਰਹਿ ਰਹੇ ਹਾਂ। ਸ੍ਰੀ ਕੇ.ਪੀ. ਨੇ ਕਿਹਾ ਕਿ ਭਾਰਤ ਦੀ ਰਾਖੀ ਅਤੇ ਇਸ ਦਾ ਮੌਜੂਦਾ ਸਰੂਪ ਘੜਨ ਵਿਚ ਰਾਜਪੂਤ ਭਾਈਚਾਰੇ ਨੇ ਅਹਿਮ ਯੋਗਦਾਨ ਪਾਇਆ ਹੈ ਤੇ ਭਾਰਤੀ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਇਤਿਹਾਸ ਅਤੇ ਪਿਛਲੀਆਂ ਪੀੜ੍ਹੀਆਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ।ਉਨ੍ਹਾਂ ਕਿਹਾ ਕਿ ਮਾਤਾ ਕੈਲਮ ਦੇਵੀ ਦੇ ਸਥਾਨ ਪ੍ਰਤੀ ਲੋਕਾਂ ਵਿਚ ਭਾਰੀ ਸ਼ਰਧਾ ਹੈ ਤੇ ਉਨ੍ਹਾਂ ਨੂੰ ਵੀ ਇਸ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।  ਇਸ ਧਾਰਮਿਕ ਸਥਾਨ ਵੱਲ ਜਾਂਦੀਆਂ ਸੜਕਾਂ ਦੀ ਹਾਲਤ ਸੁਧਾਰਨ ਸਬੰਧੀ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੀ ਹੈ ਤੇ ਉਸੇ ਤਹਿਤ ਇਨ੍ਹਾਂ ਸੜਕਾਂ ਸਬੰਧੀ ਖਾਮੀਆਂ ਦੂਰ ਕਰ ਦਿੱਤੀਆਂ ਜਾਣਗੀਆਂ।ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਹੋ ਰਹੇ ਹਨ ਅਤੇ ਨਸ਼ੇ ਵੀ ਬੰਦ ਹੋ ਗਏ ਹਨ।  ਇਸ ਮੌਕੇ ਸਤੀ ਮਾਤਾ ਕੈਲਮ ਦੇਵੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਣਾ ਰਾਏ ਸਿੰਘ ,ਰਾਣਾ ਜੈ ਦੇਵ ਸਿੰਘ, ਰਾਣਾ ਰਣਧੀਰ ਸਿੰਘ, ਲਖਵਿੰਦਰ ਕੌਰ ਗਰਚਾ, ਰਾਣਾ ਰਾਜੇਸ਼ ਰਾਠੌਰ, ਰਾਣਾ ਜੈ ਮਲ ਸਿੰਘ, ਰਾਣਾ ਨਰੇਸ਼ ਕੁਮਾਰ, ਰਾਣਾ ਰਾਮਪਾਲ ਸਿੰਘ ਸੋਤਲ, ਰਾਣਾ ਰਾਮ ਪਾਲ ਸਿੰਘ (ਖਿਜ਼ਰਾਬਾਦ) ਰਾਣਾ ਕੁਸ਼ਲਪਾਲ ਸਿੰਘ, ਰਾਣਾ ਮੁਕੇਸ਼ ਕੁਮਾਰ, ਅਜੈ ਰਾਠੌਰ, ਰਾਣਾ ਰਣਦੀਪ ਸਿੰਘ, ਰਾਣਾ ਜਗਦੀਪ ਸਿੰਘ ਮਾਜਰੀ, ਹਰਦੀਪ ਸਿੰਘ ਵੀ ਮੌਜੂਦ ਸਨ।